ਚੰਡੀਗੜ੍ਹ : ਬੀਤੀ ਕੱਲ੍ਹ ਮੁਕਤਸਰ ਦੀ ਇੱਕ ਔਰਤ ਨੂੰ ਸ਼ਰੇਆਮ ਸੜਕ ‘ਤੇ ਢਾਹ ਕੇ ਕੁੱਟਦੇ ਕੁਝ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈ ਸੀ। ਇਸ ਵੀਡੀਓ ਦੇ ਸਬੰਧ ਵਿੱਚ ਕਿਹਾ ਇਹ ਵੀ ਜਾ ਰਿਹਾ ਸੀ ਕਿ ਔਰਤ ਨੂੰ ਕੁੱਟ ਰਹੇ ਇਹ ਨੌਜਵਾਨ ਕਾਂਗਰਸੀ ਕੌਂਸਲਰ ਦੇ ਰਿਸ਼ਤੇਦਾਰ ਸਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦਿਆਂ ਹੀ ਜੰਗਲ ਦੀ ਅੱਗ ਵਾਂਗ ਹਰ ਇੱਕ ਬੰਦੇ ਦੇ ਮੋਬਾਇਲ ਵਿੱਚ ਮਿੰਟਾਂ ਸਕਿੰਟਾਂ ਵਿੱਚ ਪਹੁੰਚ ਗਈ ਜਿਸ ਨੂੰ ਦੇਖ ਕੇ ਸਾਰੇ ਪਾਸੇ ਤ੍ਰਾਹੀ ਤ੍ਰਾਹੀ ਮੱਚ ਗਈ। ਹੁਣ ਆਮ ਲੋਕਾਂ ਤੱਕ ਵੀਡੀਓ ਪਹੁੰਚੀ ਹੈ ਤਾਂ ਸਰਕਾਰ ਕੋਲ ਨਾ ਪਹੁੰਚੇ ਇਸ ਦੀ ਸੰਭਾਵਨਾ ਥੋੜੀ ਘੱਟ ਸੀ। ਲਿਹਾਜਾ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਵਿੱਚ ਪਹੁੰਚਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਾਇਰਲ ਵੀਡੀਓ ਵਿੱਚ ਔਰਤ ਨਾਲ ਕੁੱਟਮਾਰ ਕਰ ਰਹੇ ਨੌਜਵਾਨਾਂ ਖਿਲਾਫ ਸਖਤ ਰੁੱਖ ਅਖ਼ਤਿਆਰ ਕਰ ਲਿਆ ਹੈ। ਇੱਥੋਂ ਤੱਕ ਕੈਪਟਨ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਇੱਕ ਪੋਸਟ ਪਾਉਂਦਿਆਂ ਜਿੱਥੇ ਇਸ ਘਟਨਾ ‘ਤੇ ਚਿੰਤਾ ਪ੍ਰਗਟ ਕੀਤੀ ਹੈ, ਉੱਥੇ ਹੀ ਇਹ ਵੀ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਕਿਉਂਕਿ ਕਨੂੰਨ ਸਭ ਤੋਂ ਉੱਪਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਵੀਡੀਓ ਵਿਚਲੇ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਆਈਪੀਸੀ ਦੀ ਧਾਰਾ 307 ਤਹਿਤ ਮੁਲਜ਼ਮਾਂ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੱਸ ਦਈਏ ਕਿ ਇਹ ਵਾਇਰਲ ਹੋ ਰਹੀ ਵੀਡੀਓ ਮੁਕਤਸਰ ਦੇ ਬੂੜਾ ਗੁੱਜ਼ਰ ਰੋਡ ਦੀ ਸੀ ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਸੀ ਕਿ ਕੁਝ ਨੌਜਵਾਨ ਜੋ ਕਾਂਗਰਸੀ ਕੌਂਸਲਰ ਦੇ ਭਰਾ ਦੱਸੇ ਜਾ ਰਹੇ ਸਨ ਇੱਕ ਮਹਿਲਾ ਨੂੰ ਘਰ ਅੰਦਰੋਂ ਬਾਂਹ ਤੋਂ ਘੜੀਸ਼ਦੇ-ਘੜੀਸ਼ਦੇ ਸੜਕ ‘ਤੇ ਲੈ ਆਉਂਦੇ ਹਨ। ਵੀਡੀਓ ਅੱਗੇ ਚਲਦੀ ਹੈ ਤਾਂ ਫਿਰ ਇਹ ਨੌਜਵਾਨ ਉਸ ਮਹਿਲਾ ਨੂੰ ਸੜਕ ‘ਤੇ ਢਾਹ ਕੇ ਸ਼ਰੇਆਮ ਸੋਟੀਆਂ, ਲੱਤਾਂ ਅਤੇ ਬੈਲਟਾਂ ਆਦਿ ਨਾਲ ਕੁੱਟਣਾ ਸ਼ੁਰੂ ਕਰ ਦਿੰਦੇ ਨੇ। ਇੰਨੇ ਨੂੰ ਵੀਡੀਓ ‘ਚ ਦਿਖਾਈ ਦਿੰਦਾ ਹੈ ਕਿ ਇੱਕ ਹੋਰ ਮਹਿਲਾ ਉਨ੍ਹਾਂ ਕੁੱਟ ਰਹੇ ਨੌਜਵਾਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਦੀ ਹੈ, ਪਰ ਉਹ ਨਹੀਂ ਰੁਕਦੇ ਤੇ ਲਗਾਤਾਰ ਉਸ ਜ਼ਮੀਨ ‘ਤੇ ਡਿੱਗੀ ਔਰਤ ਨਾਲ ਕੁੱਟਮਾਰ ਕਰਦੇ ਰਹਿੰਦੇ ਨੇ। ਇੱਥੇ ਹੀ ਬੱਸ ਨਹੀਂ ਵੀਡੀਓ ‘ਚ ਇੱਕ ਨੌਜਵਾਨ ਤਾਂ ਕੁੱਟਮਾਰ ਕਰਨ ਤੋਂ ਹਟਾਉਣ ਵਾਲੀ ਔਰਤ ਨੂੰ ਹੀ ਵਾਲਾਂ ਤੋਂ ਫੜ੍ਹ ਕੇ ਘੜੀਸ਼ ਲੈਦਾ ਹੈ ਅਤੇ ਉਸ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੰਦਾ ਹੈ।
ਵੀਡੀਓ ਕੁਝ ਹੋਰ ਅੱਗੇ ਚਲਦੀ ਹੈ ਤਾਂ ਥੋੜੇ ਸਮੇਂ ਬਾਅਦ ਹੀ ਉੱਥੇ ਕਾਫੀ ਲੋਕ ਇਕੱਠੇ ਹੋ ਜਾਂਦੇ ਨੇ, ਅਤੇ ਉਨ੍ਹਾਂ ਔਰਤਾਂ ਨੂੰ ਕੁੱਟ ਰਹੇ ਨੌਜਵਾਨਾਂ ਤੋਂ ਛੁਡਾਉਂਦੇ ਹਨ। ਕਿਹਾ ਜਾ ਰਿਹਾ ਸੀ ਕਿ ਕੁੱਟਣ ਵਾਲਿਆਂ ‘ਚ ਇੱਕ ਕਾਂਗਰਸੀ ਕੌਂਸਲਰ ਦਾ ਭਰਾ ਵੀ ਸ਼ਾਮਲ ਸੀ।
ਇੱਧਰ ਦੂਜੇ ਪਾਸੇ ਜਦੋਂ ਇਸ ਸਬੰਧ ਵਿੱਚ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਨਾਲ ਗੱਲ ਕਰਨ ‘ਤੇ ਉਸ ਨੇ ਇਹ ਕਬੂਲ ਕਰ ਲਿਆ ਹੈ ਕਿ ਹਾਂ ਇਹ ਕੁੱਟ ਰਹੇ ਨੌਜਵਾਨਾਂ ਦੀ ਵਾਇਰਲ ਹੋ ਰਹੀ ਵੀਡੀਓ ਉਸ ਦੇ ਛੋਟੇ ਭਰਾ ਸੰਨੀ ਚੌਧਰੀ ਦੀ ਹੈ। ਕੌਂਸਲਰ ਅਨੁਸਾਰ ਜਿਸ ਔਰਤ ਨੂੰ ਨੌਜਵਾਨਾਂ ਵੱਲੋਂ ਕੁੱਟਿਆ ਗਿਆ ਹੈ ਉਹ ਉਨ੍ਹਾਂ ਦੀ ਹੀ ਰਿਸ਼ਤੇਦਾਰ ਹੈ, ਤੇ ਉਨ੍ਹਾਂ ਵਿਚਕਾਰ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਹੋਇਆ ਸੀ। ਰਾਕੇਸ਼ ਚੌਧਰੀ ਨੇ ਇਸ ਵਾਇਰਲ ਹੋ ਰਹੀ ਵੀਡੀਓ ਬਾਰੇ ਕਿਹਾ ਕਿ ਇਹ ਕੁਝ ਉਨ੍ਹਾਂ ਦੇ ਸਿਆਸੀ ਵਿਰੋਧੀ ਇਸ ਮਾਮਲੇ ਨੂੰ ਬਹੁਤ ਗਲਤ ਤਰੀਕੇ ਨਾਲ ਵਧਾਅ ਚੜ੍ਹਾਅ ਕੇ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਕੜੀ ਤਹਿਤ ਉਨ੍ਹਾਂ ਵਿਰੋਧੀਆਂ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਗਲਤ ਢੰਗ ਨਾਲ ਪੇਸ਼ ਕੀਤਾ ਹੈ।