Home / ਪੰਜਾਬ / ਨਜਾਇਜ਼ ਮਾਈਨਿੰਗ ਰੋਕਣ ਲਈ ਅਧਿਆਪਕਾਂ ਦੀਆਂ ਡਿਊਟੀਆਂ ਵਿਰੁੱਧ ਕੈਪਟਨ ਸਰਕਾਰ ਨੂੰ ਟੁੱਟ ਕੇ ਪਈ ‘ਆਪ’

ਨਜਾਇਜ਼ ਮਾਈਨਿੰਗ ਰੋਕਣ ਲਈ ਅਧਿਆਪਕਾਂ ਦੀਆਂ ਡਿਊਟੀਆਂ ਵਿਰੁੱਧ ਕੈਪਟਨ ਸਰਕਾਰ ਨੂੰ ਟੁੱਟ ਕੇ ਪਈ ‘ਆਪ’

-ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਅਮਨ ਅਰੋੜਾ, ਪ੍ਰਿੰਸੀਪਲ ਬੁੱਧ ਰਾਮ ਅਤੇ ਮੀਤ ਹੇਅਰ ਦੀ ਤਿੱਖੀ ਪ੍ਰਤੀਕਿਰਿਆ ਉਪਰੰਤ ਸਰਕਾਰ ਨੇ ਵਾਪਸ ਲਿਆ ਫ਼ੈਸਲਾ

ਚੰਡੀਗੜ੍ਹ: ਪੰਜਾਬ ‘ਚ ਧੜੱਲੇ ਨਾਲ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਰਕਾਰ ਵੱਲੋਂ ਰਾਤ ਨੂੰ ਨਾਕਿਆਂ ‘ਤੇ ਅਧਿਆਪਕਾਂ ਨੂੰ ਤਾਇਨਾਤ ਕੀਤੇ ਜਾਣ ਵਾਲੇ ਤੁਗ਼ਲਕੀ ਫ਼ਰਮਾਨ ਵਿਰੁੱਧ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਕੈਪਟਨ ਸਰਕਾਰ ਨੂੰ ਟੁੱਟ ਕੇ ਪੈ ਗਈ। ਅੰਤ ਜ਼ਬਰਦਸਤ ਕਿਰਕਿਰੀ ਹੋਣ ਉਪਰੰਤ ਸਰਕਾਰ ਨੂੰ ਆਪਣਾ ਬੇਤੁਕਾ ਫ਼ੈਸਲਾ ਵਾਪਸ ਲੈਣਾ ਪਿਆ।

ਸ਼ਨੀਵਾਰ ਨੂੰ ਜਿਵੇਂ ਹੀ ਦਫ਼ਤਰ ਉਪ ਮੰਡਲ ਫਗਵਾੜਾ ਦਾ 11 ਜੂਨ 2020 ਦੇ ਹੁਕਮ ਸਾਹਮਣੇ ਆਏ ਤਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਵਿਧਾਇਕ ਮੀਤ ਹੇਅਰ ਨੇ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਸਰਕਾਰ ‘ਤੇ ਤਾਬੜਤੋੜ ਹਮਲੇ ਸ਼ੁਰੂ ਕਰ ਦਿੱਤੇ। ਨਤੀਜਣ ਕੁੱਝ ਘੰਟਿਆਂ ਬਾਅਦ ਹੀ ਸਰਕਾਰ ਬੈਕ-ਫੁੱਟ ‘ਤੇ ਆ ਗਈ ਅਤੇ ਫ਼ੈਸਲਾ ਵਾਪਸ ਲੈ ਲਿਆ।

ਆਮ ਆਦਮੀ ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ 40 ਤੋਂ ਵੱਧ ਅਧਿਆਪਕਾਂ ਦੀਆਂ ਰਾਤਾਂ ਨੂੰ ਨਾਕਿਆਂ ‘ਤੇ ਡਿਊਟੀਆਂ ਲਾਉਣ ਵਾਲੇ ਫ਼ੈਸਲੇ ਨੂੰ ਬਹੁਤ ਹੀ ਨਿਰਾਸ਼ਾਜਨਕ ਫ਼ੈਸਲਾ ਦੱਸਦੇ ਹੋਏ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਕਾਂ ਕੋਲੋਂ ਬੱਚਿਆਂ ਦੀ ਬਿਹਤਰ ਪੜਾਈ ਬਾਰੇ ਸੇਵਾਵਾਂ ਲੈਣ ਦੀ ਥਾਂ ਸਰਕਾਰ ਵੱਲੋਂ ਕਦੇ ਸ਼ਰਾਬ ਮਾਫ਼ੀਆ ਅਤੇ ਕਦੇ ਮਾਈਨਿੰਗ ਮਾਫ਼ੀਆ ਵਿਰੁੱਧ ਸੇਵਾਵਾਂ ਲੈਣ ਬਾਰੇ ਸਰਕਾਰ ਨੇ ਸੋਚ ਵੀ ਕਿਵੇਂ ਲਿਆ? ਪ੍ਰਿੰਸੀਪਲ ਬੁੱਧ ਰਾਮ ਨੇ ਇਸ ਫ਼ੈਸਲੇ ਨੂੰ ਇੱਕ ਜਾਹਲ ਅਤੇ ਸ਼ਰਮਨਾਕ ਫ਼ੈਸਲਾ ਦੱਸਿਆ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਆਨ-ਲਾਇਨ ਪੜਾਈ ‘ਤੇ ਕੇਂਦਰਿਤ ਕਰਨਾ ਚਾਹੀਦਾ ਹੈ। ਵਿਧਾਇਕ ਅਮਨ ਅਰੋੜਾ ਨੇ ਕੈਪਟਨ ਸਰਕਾਰ ਦੀ ਖਿੱਲੀ ਉਡਾਉਂਦੇ ਹੋਏ ਕਿਹਾ ਕਿ ਅਧਿਆਪਕਾਂ ਦੀਆਂ ਨਜਾਇਜ਼ ਮਾਈਨਿੰਗ ਰੋਕਣ ਲਈ ਰਾਤਾਂ ਨੂੰ ਨਾਕਿਆਂ ‘ਤੇ ਡਿਊਟੀਆਂ ਲਗਾਉਣ ਦੇ ਹੁਕਮਾਂ ਨੇ ਕੈਪਟਨ ਸਰਕਾਰ ਦੇ ਦਿਵਾਲੀਆਪਣ ਦੀ ਸਿਖਰ ਦਿਖਾ ਦਿੱਤੀ ਹੈ।

ਅਮਨ ਅਰੋੜਾ ਨੇ ਸਰਕਾਰ ਵੱਲੋਂ ਇਹ ਫ਼ੈਸਲਾ ਵਾਪਸ ਲਏ ਜਾਣ ਨੂੰ ਸਮੇਂ ਸਿਰ ਗ਼ਲਤੀ ਸੁਧਾਰਨ ਦੀ ਕਾਰਵਾਈ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦਿੱਤੀ ਕਿ ਉਹ ਗ਼ਲਤੀਆਂ ਤੋਂ ਸਬਕ ਲੈ ਕੇ ਸਰਕਾਰ ਨੂੰ ਸਰਕਾਰ ਵਾਂਗ ਚਲਾਉਣ।

‘ਆਪ’ ਵਿਧਾਇਕ ਨੇ ਕਿਹਾ ਕਿ ਇਸ ਸਮੇਂ ਸਰਕਾਰ ਬਿਨਾ ਡਰਾਈਵਰ ਵਾਲੀ ਬੱਸ ਵਾਂਗ ਚੱਲ ਰਹੀ ਹੈ, ਜੇਕਰ ਅਜੇ ਵੀ ਨਾ ਸੰਭਲੇ ਤਾਂ ‘ਐਕਸੀਡੈਂਟ’ ਤੈਅ ਹੈ। ਅਮਨ ਅਰੋੜਾ ਨੇ ਕਿਹਾ ਕਿ ਅਜਿਹੇ ਬੇਤੁਕੇ ਫ਼ਰਮਾਨ ਸਾਬਤ ਕਰਦੇ ਹਨ ਕਿ ਸੱਤਾਧਾਰੀਆਂ ਨੂੰ ਪਤਾ ਹੀ ਨਹੀਂ ਚੱਲ ਰਿਹਾ ਕਿ ਕੀ ਹੋ ਰਿਹਾ ਹੈ? ਕੀ ਕਰਨਾ ਹੈ ਅਤੇ ਕਿਵੇਂ ਕਰਨਾ ਹੈ?

ਮੀਤ ਹੇਅਰ ਨੇ ਕਿਹਾ ਕਿ ਅਧਿਆਪਕ ਦੇਸ਼ ਦੇ ਨਿਰਮਾਤਾ ਹਨ ਅਤੇ ਉਨ੍ਹਾਂ ਕੋਲੋਂ ਦੇਸ਼ ਦਾ ਭਵਿੱਖ ਮੰਨੀ ਜਾਂਦੀ ਨਵੀਂ ਪੀੜੀ ਦੇ ਬਹੁਭਾਂਤੀ ਨਿਰਮਾਣ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ।

Check Also

ਪੰਜਾਬ ਨੈਸ਼ਨਲ ਬੈਂਕ ਫੇਸ-3ਏ ਮੁਹਾਲੀ ਵਿੱਚ ਹੋਈ ਬੈਂਕ ਡਕੈਤੀ ਦਾ ਪਰਦਾਫਾਸ਼

ਐਸ.ਏ.ਐਸ. ਨਗਰ : ਐਸਐਸਪੀ, ਐੱਸ.ਏ.ਐੱਸ ਨਗਰ ਕੁਲਦੀਪ ਸਿੰਘ ਚਹਿਲ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ …

Leave a Reply

Your email address will not be published. Required fields are marked *