ਆਹ ਕੀ ਕਹਿ ਗਏ ਸ਼ੇਰ ਸਿੰਘ ਘੁਬਾਇਆ? ਅਕਾਲੀਆਂ ਦੀਆਂ ਵਾਛਾਂ ਖਿਲੀਆਂ, ਕਾਂਗਰਸੀ ਨਿਰਾਸ਼?

TeamGlobalPunjab
3 Min Read

ਸ੍ਰੀ ਮੁਕਤਸਰ ਸਾਹਿਬ : ਇੱਕ ਪਾਸੇ ਜਿੱਥੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਸੂਬੇ ‘ਚੋਂ ਨਸ਼ਿਆਂ ਦਾ ਖਾਤਮਾਂ ਕਰਨ ਲਈ ਅੱਡੀ ਚੋਟੀ ਦਾ ਜੋਰ ਲਾਉਣ ਦਾ ਦਾਅਵਾ ਕਰ ਰਹੀ ਹੈ। ਨਸ਼ੇ ਦੇ ਖਾਤਮੇਂ ਲਈ ਵੱਖ ਵੱਖ ਟੀਮਾਂ ਬਣਾਈਆਂ ਜਾ ਰਹੀਆਂ ਹਨ, ਕਨੂੰਨ ਸਖਤ ਕੀਤੇ ਜਾ ਰਹੇ ਹਨ, ਸੂਬੇ ਅੰਦਰ ਨਸ਼ਾ ਛਡਾਉ ਕੇਂਦਰਾਂ ਨੂੰ ਨਵਿਆਇਆ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਇਸੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਮੌਜੂਦਾ ਚੋਣਾਂ ਦੌਰਾਨ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦਾ ਇਹ ਮੰਨਣਾ ਹੈ, ਕਿ ਨਸ਼ੇੜੀਆਂ ਦਾ ਨਸ਼ਾ ਉਨ੍ਹਾਂ ਦੇ ਮਰਨ ਤੋਂ ਬਾਅਦ ਹੀ ਛੁੱਟ ਸਕਦਾ ਹੈ। ਅਜਿਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਿਰੁੱਧ ਚੋਣ ਲੜ ਰਹੇ ਘੁਬਾਇਆ ਨੂੰ ਅਕਾਲੀਆਂ ਨੇ ਇਹ ਕਹਿ ਕੇ ਘੇਰ ਲਿਆ ਹੈ ਕਿ, “ਦੇਖਿਆ! ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ, ਕਿ ਇਹ ਕਾਂਗਰਸ ਪਾਰਟੀ ਦੀ ਸਰਕਾਰ ਸੂਬੇ ‘ਚੋਂ ਨਸ਼ਾ ਖਤਮ ਨਹੀਂ ਕਰ ਸਕਦੀ। ਇਸ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਨਸ਼ਿਆਂ ਦੇ ਮਾਮਲੇ ਵਿੱਚ ਝੂਠ ਬੋਲਿਆ, ਵੋਟਾਂ ਬਟੋਰੀਆਂ ਤੇ ਸੱਤਾ ‘ਚ ਕਾਬਜ ਹੋਣ ਤੋਂ ਬਾਅਦ ਹੁਣ ਇਹ ਲੋਕ ਆਪ ਮੰਨ ਰਹੇ ਹਨ ਕਿ ਨਸ਼ਾ ਖਤਮ ਨਹੀਂ ਕੀਤਾ ਜਾ ਸਕਦਾ।”

ਸ਼ੇਰ ਸਿੰਘ ਘੁਬਾਇਆ ਨੇ ਇਹ ਬਿਆਨ ਉਸ ਵੇਲੇ ਦਿੱਤਾ, ਜਦੋਂ ਉਹ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਫੈਲਿਆ ਨਸ਼ਾ ਅਕਾਲੀਆਂ ਦੀ ਦੇਣ ਹੈ। ਜਿਸ ਨੂੰ ਖਤਮ ਕਰਨਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਜੋ ਲੋਕ ਨਸ਼ਾ ਕਰ ਰਹੇ ਹਨ ਉਨ੍ਹਾਂ ਦਾ ਨਸ਼ਾ ਵੀ ਛੁਡਵਾਇਆ ਨਹੀਂ ਜਾ ਸਕਦਾ, ਇਹ ਨਸ਼ਾ ਨਸ਼ੇੜੀਆਂ ਦੀ ਮੌਤ ਤੋਂ ਬਾਅਦ ਹੀ ਛੁੱਟ ਸਕਦਾ ਹੈ।

ਜ਼ਿਕਰਯੋਗ ਹੈ, ਕਿ ਸ਼ੇਰ ਸਿੰਘ ਘੁਬਾਇਆ ਫਿਰੋਜਪੁਰ ਲੋਕ ਸਭਾ ਹਲਕੇ ਤੋਂ 2 ਵਾਰ ਸੰਸਦ ਮੈਂਬਰ ਚੁਣੇ ਜਾ ਚੁਕੇ ਹਨ ਤੇ ਉਹ ਇੱਕ ਵਾਰ ਫਿਰ ਉਸੇ ਫਿਰੋਜਪੁਰ ਸੀਟ ਤੋਂ ਆਪਣੇ ਪੁਰਾਣੇ ਪ੍ਰਧਾਨ ਦੇ ਖਿਲਾਫ ਚੋਣ ਲੜ ਰਹੇ ਹਨ ਜਿਸ ਸੀਟ ‘ਤੇ ਪਿਛਲੇ 25 ਸਾਲਾਂ ਤੋਂ ਅਕਾਲੀਆਂ ਦਾ ਹੀ ਕਬਜਾ ਰਿਹਾ ਹੈ। ਮੌਜੂਦਾ ਅਤੇ ਸਾਬਕਾ ਅਕਾਲੀ ਆਗੂਆਂ ਵਿਚਕਾਰ ਹੋ ਰਿਹਾ ਇਹ ਚੋਣ ਮੁਕਾਬਲਾ ਇਸ ਵਾਰ ਬੇਹੱਦ ਦਿਲਚਸਪ ਹੋਣ ਦੀ ਸੰਭਾਵਨਾ ਇਸ ਲਈ ਵੀ ਜਤਾਈ ਜਾ ਰਹੀ ਹੈ ਕਿਉਂਕਿ ਇਸ ਚੋਣ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਸਿਆਸੀ ਸਾਖ ਦਾ ਸਵਾਲ ਮੰਨਿਆ ਜਾ ਰਿਹਾ ਹੈ। ਅਜਿਹੇ ਵਿੱਚ ਸ਼ੇਰ ਸਿੰਘ ਘੁਬਾਇਆ ਵੱਲੋਂ ਦਿੱਤਾ ਗਿਆ ਅਜਿਹਾ ਵਿਵਾਦਿਤ ਬਿਆਨ ਅਕਾਲੀ ਦਲ ਵਾਲਿਆਂ ਨੂੰ ਕਾਂਗਰਸੀਆਂ ਖਿਲਾਫ ਇੱਕ ਹੋਰ ਚੋਣ ਮੁੱਦਾ ਦੇ ਗਿਆ, ਤੇ ਆਉਣ ਵਾਲੇ ਸਮੇਂ ਵਿੱਚ ਜੇਕਰ ਕੋਈ ਕਾਂਗਰਸੀ ਆਗੂ ਉੱਠ ਕੇ ਘੁਬਾਇਆ ਵਿਰੁੱਧ ਇਹ ਕਹਿ ਦੇਵੇ ਕਿ ਇਹ ਬਿਆਨ ਘੁਬਾਇਆ ਦੇ ਨਿੱਜੀ ਵਿਚਾਰ ਹਨ ਤਾਂ ਇਸ ਵਿੱਚ ਕਿਸੇ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ।

 

- Advertisement -

Share this Article
Leave a comment