ਚੰਡੀਗੜ੍ਹ : ਆਮ ਆਦਮੀ ਪਾਰਟੀ ਦੀਆਂ ਵਿਧਾਇਕਾਵਾਂ ਰੁਪਿੰਦਰ ਕੌਰ ਰੂਬੀ ਤੇ ਪ੍ਰੋ: ਬਲਜਿੰਦਰ ਕੌਰ ਦਾ ਪਤੀਆਂ ਸਮੇਤ ਕੈਪਟਨ ਅਮਰਿੰਦਰ ਸਿੰਘ ਦੇ ਘਰ ਜਾਣਾ ਵਿਵਾਦਾਂ ਦੇ ਘੇਰੇ ਵਿੱਚ ਆ ਗਿਆ ਹੈ। ਇਸ ਸਬੰਧੀ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਤਾਂ ਭੜ੍ਹਕ ਕੇ ਇਸ ਨੂੰ ਗੈਰ ਇਖਲਾਕੀ ਅਤੇ ਪੰਜਾਬ ਦੀ ਗੈਰਤ ਨੂੰ ਸੱਟ ਮਾਰਨ ਵਾਲਾ ਕਾਰਾ ਕਰਾਰ ਦੇ ਦਿੱਤਾ ਹੈ। ਖਹਿਰਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਸਾਰੇ ਰਲੇ ਹੋਏ ਹਨ। ਇਸ ਮੌਕੇ ਸੁਖਪਾਲ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਪੇਟੇ‘ਚ ਲੈਂਦਿਆਂ ਸਭ ਤੋਂ ਭ੍ਹਿਸ਼ਟ ਆਗੂ ਕਰਾਰ ਦੇ ਦਿੱਤਾ ਹੈ। ਸੁਖਪਾਲ ਖਹਿਰਾ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਹੁਣ ਤੱਕ ਤਾਂ ਇਹ ਦੇਖਿਆ ਸੀ ਕਿ ਲੋਕ ਸ਼ਗਨ ਘਰ ਜਾ ਕੇ ਦੇ ਕੇ ਆਉਂਦੇ ਹਨ ਪਰ ਇਹ ਪਹਿਲੀ ਵਾਰ ਦੇਖਿਆ ਹੈ ਕਿ ਕੋਈ ਕਿਸੇ ਦੇ ਘਰ ਜਾ ਕੇ ਸ਼ਗਨ ਲੈ ਕੇ ਆਵੇ। ਖਹਿਰਾ ਨੇ ਕਿਹਾ ਕਿ ਸਾਡੇ 2 ਐਮ ਐਲ ਏ ਆਪ ਖੁਦ ਚੱਲ ਕੇ ਮੁੱਖ ਮੰਤਰੀ ਦੇ ਘਰੋਂ ਸ਼ਗਨ ਲੈ ਕੇ ਆਏ। ਇਸ ਮੌਕੇ ਆਪਣੇ ਦਿਲ ਦੀ ਭੜ੍ਹਾਸ ਕੱਢਦਿਆਂ ਖਹਿਰਾ ਨੇ ਕਿਹਾ ਕਿ ਸਰਕਾਰ ਸਾਡੇ ਤੇ ਤਾਂ ਐਨਡੀਪੀਐਸ ਕਾਨੂੰਨ ਤਹਿਤ ਪਰਚੇ ਦਰਜ਼ ਕਰ ਰਹੀ ਹੈ ਜਿਸ ਤਹਿਤ 20 ਸਾਲ ਦੀ ਕੈਦ ਵੀ ਹੋ ਸਕਦੀ ਹੈ ਪਰ ਇਨ੍ਹਾਂ ਤੇ ਮਿਹਰਬਾਨੀ ਦਿਖਾਈ ਜਾ ਰਹੀ ਹੈ।
ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਮੇਹਣਾ ਮਾਰਦਿਆਂ ਕਿਹਾ ਕਿ ਇਹ ਲੋਕ ਜੋ ਕਹਿੰਦੇ ਸੀ ਕਿ ਅਸੀਂ ਵਿਵਸਥਾ ਬਦਲਣ ਆਏ ਹਾਂ, ਸਿਆਸਤ ਬਦਲਣ ਆਏ ਹਾਂ ਉਹ ਆਪ ਖੁਦ ਪੰਜਾਬ ਅੰਦਰ ਜਿਹੜਾ ਸਭ ਤੋਂ ਭ੍ਹਿਸ਼ਟ ਆਗੂ ਹੈ ਉਸ ਦੇ ਪੈਰਾਂ ‘ਚ ਜਾ ਕੇ 51 ਹਜ਼ਾਰ ਰੁਪਏ ਦਾ ਸ਼ਗਨ ਲੈਣ ਗਏ ਜੋ ਬਹੁਤ ਮਾੜੀ ਗੱਲ ਹੈ।ਉਨ੍ਹਾ ਕਿਹਾ ਕਿ ਇਨ੍ਹਾਂ ਨੇ ਪੰਜਾਬ ਦੀ ਗੈਰਤ ਅਤੇ ਇਖਲਾਕ ਨੂੰ ਸੱਟ ਮਾਰੀ ਹੈ। ਸੁਖਪਾਲ ਖਹਿਰਾ ਅਨੁਸਾਰ ਜੇਕਰ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਸਮਾਗਮ ਵਿੱਚ ਜਾਂਦੇ ਤੇ ਉੱਥੇ ਸ਼ਗਨ ਦੇ ਕੇ ਆਉਂਦੇ ਉਹ ਗੱਲ ਵੀ ਮੰਨਣਯੋਗ ਸੀ ਪਰ ਆਪ ਤੁਰ ਕੇ ਜਾਣਾ ਤੇ ਆਪਣੀ ਝੋਲੀ ਵਿੱਚ ਮੰਗ ਕੇ ਸ਼ਗਨ ਪਵਾਉਣਾ ਇਹ ਆਮ ਆਦਮੀ ਪਾਰਟੀ ਦੇ ਅਖਵਾਉਂਦੇ ਵਿਧਾਇਕਾਂ ਦੇ ਪੱਖ ਤੋਂ ਬਹੁਤ ਸਸਤਾ ਤੇ ਨਿੰਦਣਯੋਗ ਕਾਰਾ ਸੀ।
ਇੱਥੇ ਦੱਸ ਦਈਏ ਕਿ ਬੀਤੀ ਕੱਲ੍ਹ ਜਦੋਂ ਆਪ ਵਿਧਾਇਕ ਰੂਬੀ ਤੇ ਬਲਜਿੰਦਰ ਕੌਰ, ਦੋਵੇਂ ਆਪਣੇ ਪਤੀਆਂ ਸਮੇਤ ਕੈਪਟਨ ਅਮਰਿੰਦਰ ਸਿੰਘ ਦੇ ਘਰ ਪਹੁੰਚੀਆਂ ਸਨ ਤਾਂ ਕੈਪਟਨ ਨੇ ਬੜੀ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕਰਦਿਆਂ ਨਾ ਸਿਰਫ ਉਨ੍ਹਾਂ ਨੂੰ ਆਪਣੀਆਂ ਧੀਆਂ ਬਰਾਬਰ ਦੱਸਿਆ ਸੀ ਬਲਕਿ ਉਨ੍ਹਾਂ ਨਾਲ ਬਿਤਾਏ ਪਲਾਂ ਦੀਆਂ ਆਪਣੇ ਨਿੱਜੀ ਸੋਸ਼ਲ ਮੀਡੀਆ ਖਾਤਿਆਂ ‘ਤੇ ਪਾ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ।