ਚੰਡੀਗੜ੍ਹ : ਪੰਜਾਬੀ ਦੀ ਇੱਕ ਕਹਾਵਤ ਹੈ ਕਿ ਜਦੋਂ ਇਨਸਾਨ ਦਾ ਵਕਤ ਮਾੜਾ ਹੋਵੇ ਤਾਂ ਉੱਠ ‘ਤੇ ਬੈਠੇ ਬੌਣੇ ਨੂੰ ਵੀ ਕੁੱਤਾ ਦੰਦੀ ਵੱਢ ਲੈਂਦਾ ਹੈ। ਸ਼ਾਇਦ ਇਹ ਕਹਾਵਤ ਪੰਜਾਬ ਦੇ ਕੈਬਨਿੱਟ ਮੰਤਰੀ ਨਵਜੋਤ ਸਿੰਘ ਸਿੱਧੂ ‘ਤੇ ਫਿੱਟ ਬਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬਠਿੰਡਾ ਵਿੱਚ 75-25 ਦਾ ਬਿਆਨ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਗੁੱਸੇ ਦਾ ਸ਼ਿਕਾਰ ਹੋ ਕੇ ਆਪਣੀ ਸਥਾਨਕ ਸਰਕਾਰਾਂ ਵਿਭਾਗ ਦੀ ਵਜ਼ਾਰਤ ਗਵਾ ਚੁੱਕੇ ਨਵਜੋਤ ਸਿੰਘ ਸਿੱਧੂ ਜਦੋਂ ਕੈਪਟਨ ਅਮਰਿੰਦਰ ਸਿੰਘ ਅਤੇ ਵਿਰੋਧੀ ਧਿਰ ਦੇ ਪਹਿਲਾਂ ਹੀ ਨਿਸ਼ਾਨੇ ‘ਤੇ ਹਨ ਤਾਂ ਅਜਿਹੇ ਵਿੱਚ ਕੁਝ ਲੋਕਾਂ ਵੱਲੋਂ ਉਨ੍ਹਾਂ ਦੇ ਖਿਲਾਫ ਮੁਹਾਲੀ ਅੰਦਰ ਪੋਸਟਰ ਲਾ ਦਿੱਤੇ ਗਏ ਹਨ। ਇਨ੍ਹਾਂ ਪੋਸਟਰਾਂ ਵਿੱਚ ਸਿੱਧੂ ਕੋਲੋ ਇਹ ਸਵਾਲ ਪੁੱਛਿਆ ਗਿਆ ਹੈ ਕਿ ਰਾਹੁਲ ਗਾਂਧੀ ਤਾਂ ਅਮੇਠੀ ਤੋਂ ਚੋਣ ਹਾਰ ਗਏ ਹਨ ਹੁਣ ਤੁਸੀਂ ਸਿਆਸਤ ਕਦੋਂ ਛੱਡੋਂਗੇ?
ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਸਟਾਰ ਪ੍ਰਚਾਰਕ ਵਜੋਂ ਸਟੇਜਾਂ ਤੋਂ ਭਾਸ਼ਣ ਦਿੰਦਿਆਂ ਰਾਹੁਲ ਗਾਂਧੀ ਦੇ ਹੱਕ ਵਿੱਚ ਦਾਅਵਾ ਕੀਤਾ ਸੀ ਕਿ ਰਾਹੁਲ ਅਮੇਠੀ ਤੋਂ ਕਿਸੇ ਹਾਲਤ ਵਿੱਚ ਚੋਣ ਨਹੀਂ ਹਾਰ ਸਕਦੇ ਤੇ ਜੇਕਰ ਰਾਹੁਲ ਚੋਣ ਹਾਰ ਗਏ ਤਾਂ ਉਹ ਸਿਆਸਤ ਛੱਡ ਦੇਣਗੇ। ਅਣਜਾਣ ਵਿਅਕਤੀਆਂ ਵੱਲੋਂ ਲਾਏ ਗਏ ਪੋਸਟਰਾਂ ਵਿੱਚ ਸਿੱਧੂ ਨੂੰ ਸਵਾਲ ਕੀਤੇ ਜਾ ਰਹੇ ਹਨ ਕਿ ਹੁਣ ਉਹ ਸਿਆਸਤ ਕਿਉਂ ਨਹੀਂ ਛੱਡ ਰਹੇ? ਪੰਜਾਬ ਅਰਬਨ ਪਲਾਨਿੰਗ ਅਥਾਰਟੀ (ਪੁੱਡਾ) ਦੇ ਅਜਿਹੇ ਹੀ ਸਾਈਨ ਬੋਰਡ ‘ਤੇ ਲਾਏ ਗਏ ਇੱਕ ਹੋਰ ਪੋਸਟਰ ਵਿੱਚ ਸਿੱਧੂ ਨੂੰ ਸਵਾਲ ਕੀਤਾ ਗਿਆ ਹੈ ਕਿ ਉਹ ਸਿਆਸਤ ਕਦੋਂ ਛੱਡ ਰਹੇ ਹਨ।
ਜ਼ਿਕਰਯੋਗ ਹੈ ਕਿ ਜਿਸ ਸਾਈਨ ਬੋਰਡ ‘ਤੇ ਇਹ ਪੋਸਟਰ ਲਾਏ ਗਏ ਹਨ ਉਸ ‘ਤੇ ਇਸ ਤੋਂ ਪਹਿਲਾਂ ਜਿਲ੍ਹਾ ਮੁਹਾਲੀ ਦਾ ਇੱਕ ਜਾਣਕਾਰੀ ਨਕਸ਼ਾ ਬਣਿਆ ਹੋਇਆ ਸੀ, ਜੋ ਕਿ ਇਸ ਵੇਲੇ ਨਸ਼ਟ ਹੋ ਚੁੱਕਿਆ ਹੈ, ਤੇ ਉੱਥੇ ਲੱਗੇ ਇਹ ਪੋਸਟਰ ਅਕਸਰ ਸਾਰਿਆਂ ਦਾ ਧਿਆਨ ਖਿੱਚ ਰਹੇ ਹਨ। ਇਨ੍ਹਾਂ ਪੋਸਟਰਾਂ ਬਾਰੇ ਭਾਵੇਂ ਕਿ ਹਾਲੇ ਤੱਕ ਨਵਜੋਤ ਸਿੰਘ ਸਿੱਧੂ ਨੇ ਚੁੱਪੀ ਧਾਰ ਰੱਖੀ ਹੈ ਪਰ ਸਿੱਧੂ ਸਮਰਥਕ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਕਿਸੇ ਆਪਣੇ ਦਾ ਕਾਰਾ ਹੈ ਜਾਂ ਬੇਗਾਨੇ ਦਾ, ਕਿਉਂਕਿ ਦੋਸ਼ ਹੈ ਕਿ ਇਸ ਵੇਲੇ ਸਿੱਧੂ ਆਪਣੇ ਤੇ ਬੇਗਾਨਿਆਂ ਦੋਹਾਂ ਵਿੱਚ ਘਿਰੇ ਹੋਏ ਹਨ। ਅਜਿਹੇ ਵਿੱਚ ਦੋਹਾਂ ਵਿੱਚੋਂ ਕੌਣ ਵਾਰ ਕਰ ਗਿਆ ਹੋਵੇ ਸਿੱਧੂ ਸਮਰਥਕ ਉਸ ਦੀ ਹੀ ਤਲਾਸ਼ ਕਰ ਰਹੇ ਹਨ।