ਚੰਡੀਗੜ੍ਹ : ਪੰਜਾਬ ਅੰਦਰ ਬੇਰੁਜ਼ਗਾਰੀ ਅਤੇ ਨਸ਼ਿਆਂ ਦਾ ਮੁੱਦਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ, ਤੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਇਸ ਬਾਰੇ ਬੋਲਦਿਆਂ ਆਮ ਆਦਮੀ ਪਾਰਟੀ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਇਹ ਦੋਵੇਂ ਸਮੱਸਿਆਵਾਂ ਪੰਜਾਬ ਲਈ ਤ੍ਰਾਸਦੀ ਬਣ ਗਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਅਜਿਹੇ ਬਣ ਚੁਕੇ ਹਨ ਕਿ ਨਸ਼ਿਆਂ ਦੀ ਹੋਮ ਡਿਲਵਰੀ (ਘਰ ਘਰ ਪਹੁੰਚ) ਹੋ ਰਹੀ ਹੈ। ਇੱਥੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ‘ਤੇ ਵਰ੍ਹਦਿਆਂ ਕਿਹਾ ਕਿ ਉਹ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਗਏ ਹਨ ਜਦਕਿ ਉਹ (ਅਮਨ ਅਰੋੜਾ) ਇਸ ਨੂੰ ਵੀ ਬੇਅਦਬੀ ਮੰਨਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ‘ਤੇ ਧਿਆਨ ਦਿੰਦਿਆਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ। ਅਰੋੜਾ ਅਨੁਸਾਰ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ, ਤੇ ਇਹੋ ਕਾਰਨ ਹੈ ਕਿ ਅੱਜ ਨੌਜਵਾਨਾਂ ਦੇ ਹੱਥਾਂ ਵਿੱਚ ਪੈਨ ਜਾਂ ਕਿਤਾਬਾਂ ਨਹੀਂ ਬਲਕਿ ਚਿੱਟੇ ਦੀਆਂ ਪੁੜੀਆਂ ਹਨ। ਅਰੋੜਾ ਨੇ ਦਾਅਵਾ ਕੀਤਾ ਕਿ ਜੇਕਰ ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾਇਆ ਜਾਵੇ ਤਾਂ ਨਸ਼ਾ ਰੁਕ ਸਕਦਾ ਹੈ।
ਅਰੋੜਾ ਨੇ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਅੰਦਰ ਮੌਜੂਦਾ ਸਰਕਾਰ ਦੀ ਨਾਕਾਮੀ ਦਾ ਕਾਰਨ ਇਹ ਹੈ ਕਿ ਸੱਤਾਧਾਰੀ ਲੋਕ ਦਾਅਵੇ ਤਾਂ ਵੱਡੇ ਵੱਡੇ ਕਰਦੇ ਹਨ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਕੰਮ ਧੇਲੇ ਦਾ ਨਹੀਂ ਕਰਦੇ। ਅਰੋੜਾ ਅਨੁਸਾਰ ਸਰਕਾਰ ਨੂੰ ਘਰ ਘਰ ਜਾ ਕੇ ਅਜਿਹੇ ਮਾਮਲਿਆਂ ਦਾ ਸਰਵੇਖਣ ਕਰਨਾ ਚਾਹੀਦਾ ਹੈ ਕਿ ਕਿਸ ਘਰ ਵਿੱਚ ਕੌਣ ਨਸ਼ੇ ਦਾ ਆਦੀ ਹੈ, ਤੇ ਇਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਸਮੱਸਿਆ ਦੀ ਜੜ੍ਹ ਕਿੱਥੇ ਹੈ ਤੇ ਉਸ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ।
ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਸਰਵੇਖਣ ਨਾਲ ਇਹ ਲੜੀ ਉੱਪਰ ਜਾਵੇਗੀ ਤੇ ਫਿਰ ਪਤਾ ਲੱਗੇਗਾ ਕਿ ਨਸ਼ੇ ਦਾ ਤਸਕਰ ਕੌਣ ਹੈ। ‘ਆਪ’ ਆਗੂ ਨੇ ਸਲਾਹ ਦਿੱਤੀ ਕਿ ਇਸ ਦੌਰਾਨ ਸਰਕਾਰ ਤਸਕਰਾਂ ਨਾਲ ਸਖਤੀ ਵਰਤੇ ਤੇ ਜਿਹੜੇ ਲੋਕ ਨਸ਼ੇ ਦੇ ਮਰੀਜ ਹਨ ਉਨ੍ਹਾਂ ਦਾ ਪਿਆਰ ਨਾਲ ਦਿਲਾਸਾ ਦੇ ਕੇ ਇਲਾਜ ਕਰਵਾਇਆ ਜਾਵੇ। ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਜਿੰਨਾ ਸਮਾਂ ਇਹ ਨਹੀਂ ਕੀਤਾ ਜਾਂਦਾ ਉੰਨਾ ਸਮਾਂ ਨਸ਼ੇ ‘ਤੇ ਠੱਲ ਨਹੀਂ ਪਾਈ ਜਾ ਸਕਦੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਸਰਕਾਰ, ਪ੍ਰਸ਼ਾਸਨ ਅਤੇ ਸਿਹਤ ਵਿਭਾਗ ਤਿੰਨੋਂ ਨਾਕਾਮ ਹਨ।