ਅਦਾਲਤ ਨੇ SIT ਨੂੰ ਰਾਮ ਰਹੀਮ ਤੋਂ ਪੁੱਛ ਗਿੱਛ ਲਈ ਦੇ ਤੀ ਮਨਜੂਰੀ, ਕੁੰਵਰ ਵਿਜੇ ਪ੍ਰਤਾਪ ਜਾਣਗੇ ਸੁਨਾਰੀਆ ਜੇਲ੍ਹ, ਡੇਰਾ ਮੁਖੀ ਨੂੰ ਰਿੜਕਨ ਤੋਂ ਬਾਅਦ ਹੋਵੇਗੀ ਜਾਂਚ ਪੂਰੀ

TeamGlobalPunjab
2 Min Read

ਚੰਡੀਗੜ੍ਹ : ਲੰਮੇ ਇੰਤਜਾਰ ਤੋਂ ਬਾਅਦ ਆਖਰਕਾਰ ਅਦਾਲਤ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਨੂੰ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਪੁੱਛ ਗਿੱਛ ਕਰਨ ਲਈ ਇਜਾਜ਼ਤ ਦੇ ਹੀ ਦਿੱਤੀ ਹੈ। ਅਦਾਲਤੀ ਹੁਕਮ ਆਉਣ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੇ ਵੀ ਐਸਆਈਟੀ ਨੂੰ ਸੁਨਾਰੀਆ ਜੇਲ੍ਹ ਅੰਦਰ ਬੰਦ ਰਾਮ ਰਹੀਮ ਤੋਂ ਪੁੱਛ ਗਿੱਛ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਜਿਸ ਬਾਰੇ ਪੁਸ਼ਟੀ ਕਰਦਿਆਂ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੇ ਐਸਆਈਟੀ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਹੁਣ ਬਹੁਤ ਜਲਦ ਉਹ ਸੁਨਾਰੀਆ ਜੇਲ੍ਹ ਜਾ ਕੇ ਰਾਮ ਰਹੀਮ ਕੋਲੋਂ ਬੇਅਦਬੀ ਮਾਮਲਿਆਂ ਦੀ ਸੱਚਾਈ ਅਤੇ ਛੁਪੇ ਰਾਜ ਪਤਾ ਲਗਾਏਗੀ।

ਕੁੰਵਰ ਵਿਜੇ ਪ੍ਰਤਾਪ ਸਿੰਘ ਅਨੁਸਾਰ ਡੇਰਾ ਮੁਖੀ ਤੋਂ ਪੁੱਛ ਗਿੱਛ ਤੋਂ ਬਾਅਦ ਉਨ੍ਹਾਂ ਦੀ ਜਾਂਚ ਲਗਭਗ ਮੁਕੰਮਲ ਹੋ ਜਾਵੇਗੀ ਤੇ ਇਸ ਉਪਰੰਤ ਉਹ ਅਦਾਲਤ ਵਿੱਚ ਆਪਣੀ ਰਿਪੋਰਟ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਰਾਮ ਰਹੀਮ ਤੋਂ ਪੁੱਛ ਗਿੱਛ ਕਰਨ ਲਈ ਐਸਆਈਟੀ ਨੇ ਵੱਡੇ ਪੱਧਰ ‘ਤੇ ਤਿਆਰੀ ਕੀਤੀ ਹੈ। ਜਿਸ ਲਈ ਡੇਰਾ ਮੁਖੀ ਨੂੰ ਮਾਫੀ, ਬਰਗਾੜੀ ‘ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ, ਕੋਟਕਪੁਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ, ਰਾਮ ਰਹੀਮ ਦੀ ਫਿਲਮ ਸਬੰਧੀ ਸੁਖਬੀਰ ਬਾਦਲ ਤੇ ਅਕਸ਼ੇ ਕੁਮਾਰ ਦੀ ਮੁੰਬਈ ਅੰਦਰ ਹੋਈ ਕਥਿਤ ਮੁਲਾਕਾਤ, ਅਤੇ ਕੁਝ ਹੋਰ ਮਾਮਲਿਆਂ ਨੂੰ ਲੈ ਕੇ ਐਸਆਈਟੀ ਨੇ ਸੌ ਤੋਂ ਵੱਧ ਸਵਾਲ ਤਿਆਰ ਕੀਤੇ ਹਨ। ਇਸ ਸਬੰਧੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣ ਤੋਂ ਬਾਅਦ ਉਨ੍ਹਾਂ ਦੀ ਜਾਂਚ ਨੂੰ ਨਵਾਂ ਮੋੜ ਮਿਲੇਗਾ।

ਇੱਧਰ ਦੂਜੇ ਪਾਸੇ “ਸਿੱਟ” ਨੂੰ ਅਦਾਲਤ ਵੱਲੋਂ ਰਾਮ ਰਹੀਮ ਦੀ ਪੁੱਛ ਗਿੱਛ ਦੀ ਇਜਾਜ਼ਤ ਮਿਲਣ ਤੋਂ ਬਾਅਦ ਅਕਾਲੀ ਹਲਕਿਆਂ ਵਿੱਚ ਵੱਡੀ ਹਲਚਲ ਹੋਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਲੈ ਕੇ ਵੱਡੇ ਪੱਧਰ ‘ਤੇ ਨਵੀਂ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਜੇਕਰ ਜੇਲ੍ਹ ਅੰਦਰ ਬੈਠਾ ਰਾਮ ਰਹੀਮ ਬਾਦਲਾਂ ਦੇ ਖਿਲਾਫ ਕੁਝ ਬੋਲਦਾ ਵੀ ਹੈ ਤਾਂ ਉਨ੍ਹਾਂ ਹਾਲਾਤਾਂ ਨੂੰ ਕਿੰਝ ਨਿੱਬੜਿਆ ਜਾਵੇਗਾ।

Share this Article
Leave a comment