Home / ਸਿਆਸਤ / ਫ਼ਰੀਦਕੋਟ ਤੋਂ ਬਾਅਦ ਹੁਣ ਜਲੰਧਰ ਪੁਲਿਸ ਘਿਰੀ, ਥਾਣੇ ‘ਚ ਪੁੱਛ ਗਿੱਛ ਲਈ ਸੱਦਿਆ ਨੌਜਵਾਨ ਕਈ ਘੰਟਿਆਂ ਮਗਰੋਂ ਗਾਇਬ

ਫ਼ਰੀਦਕੋਟ ਤੋਂ ਬਾਅਦ ਹੁਣ ਜਲੰਧਰ ਪੁਲਿਸ ਘਿਰੀ, ਥਾਣੇ ‘ਚ ਪੁੱਛ ਗਿੱਛ ਲਈ ਸੱਦਿਆ ਨੌਜਵਾਨ ਕਈ ਘੰਟਿਆਂ ਮਗਰੋਂ ਗਾਇਬ

ਜਲੰਧਰ : ਬੀਤੀ ਕੱਲ੍ਹ ਇੱਥੋਂ ਦੇ ਮਕਸੂਦਾ ਥਾਣੇ ਦਾ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਇੱਕ ਪਰਿਵਾਰ ਵੱਲੋਂ ਪੁਲਿਸ ਦੇ ਸੱਦੇ ‘ਤੇ ਥਾਣੇ ਪੇਸ਼ ਕੀਤਾ ਨੌਜਵਾਨ ਕੁਝ ਘੰਟਿਆਂ ਬਾਅਦ ਥਾਣੇਂ ‘ਚੋਂ ਗਾਇਬ ਹੋ ਗਿਆ। ਇਸ ਬਾਰੇ ਪਤਾ ਲਗਦਿਆਂ ਹੀ ਨੌਜਵਾਨ ਦੇ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਖਿਲਾਫ ਖੂਬ ਪਿੱਟ ਸਿਆਪਾ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੇ ਆਪਣਾ ਰੋਸ ਪ੍ਰਦਰਸ਼ਨ ਕਰਦਿਆਂ ਥਾਣੇ ਦੇ ਬਾਹਰ ਰੋਡ ‘ਤੇ ਜਾਮ ਲਗਾ ਦਿੱਤਾ ਅਤੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪੁੱਤਰ ਨੂੰ ਪੁਲਿਸ ਹਿਰਾਸਤ ‘ਚ ਮਾਰ ਦਿੱਤਾ ਗਿਆ ਹੈ। ਘਟਨਾ ਦਾ ਪਤਾ ਲਗਦਿਆਂ ਹੀ ਸੀਨੀਅਰ ਅਧਿਕਾਰੀਆਂ ਮੌਕੇ ‘ਤੇ ਪਹੁੰਚੇ ਤੇ ਉਨ੍ਹਾਂ ਕਿਵੇਂ ਨਾ ਕਿਵੇਂ ਮਾਹੌਲ ਸ਼ਾਂਤ ਕੀਤਾ। ਪਤਾ ਲੱਗਾ ਹੈ ਕਿ ਪੁਲਿਸ ਵੱਲੋਂ ਪੁੱਛ ਗਿੱਛ ਲਈ ਲਿਆਂਦੇ ਗਏ ਨੌਜਵਾਨ ਦਾ ਨਾਮ ਰਾਜੂ ਹੈ ਤੇ ਪੁਲਿਸ ਵੱਲੋਂ ਉਸ ਨੂੰ ਨੰਗਲ ਸਲੇਮਪੁਰ ਪਿੰਡ ਤੋਂ ਨਸ਼ਾ ਤਸਕਰੀ ਦੇ ਮਾਮਲੇ ‘ਚ ਜਾਂਚ ਲਈ ਲਿਆਂਦਾ ਗਿਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਨੌਜਵਾਨ ਨੂੰ ਉਨ੍ਹਾਂ ਨੇ ਸਵੇਰ 10 ਵਜੇ ਪੁੱਛ ਗਿੱਛ ਲਈ ਆਪ ਥਾਣੇ ਆ ਕੇ ਪੁਲਿਸ ਦੇ ਹਵਾਲੇ ਕੀਤਾ ਸੀ ਤੇ ਜਦੋਂ ਉਹ ਸ਼ਾਮ ਨੂੰ ਰਾਜੂ ਨੂੰ ਲੈਣ ਆਏ ਤਾਂ ਪੁਲਿਸ ਨੇ ਪਰਿਵਾਰਕ ਮੈਂਬਰਾਂ ਕੋਲੋਂ ਰਾਜੂ ਨੂੰ ਉਨ੍ਹਾਂ ਦੇ ਹਵਾਲੇ ਕਰਨ ਬਦਲੇ ਕਾਗਜਾਂ ‘ਤੇ  ਦਸਤਖਤ ਤਾਂ ਕਰਵਾ ਲਏ ਪਰ ਬਾਅਦ ਵਿੱਚ ਹੱਸ ਕੇ ਕਹਿ ਦਿੱਤਾ ਕਿ ਤੁਹਾਡਾ ਮੁੰਡਾ ਤਾਂ ਦੁਪਿਹਰੇ ਹੀ ਪੁਲਿਸ ਹਿਰਾਸਤ ਵਿੱਚੋਂ ਭੱਜ ਗਿਆ ਸੀ। ਇਹ ਸੁਣਦਿਆਂ ਹੀ ਪਰਿਵਾਰਕ ਮੈਂਬਰ ਲਾਲ ਪੀਲੇ ਹੋ ਗਏ ਤੇ ਉਨ੍ਹਾਂ ਨੇ ਗੁੱਸੇ ‘ਚ ਆ ਕੇ ਪੁਲਿਸ ਦਾ ਪਿੱਟ ਸਿਆਪਾ ਕਰਦਿਆਂ ਸੜਕ ‘ਤੇ ਆ ਕੇ ਲਿਟ ਲਿਟ ਕੇ ਜ਼ਾਮ ਲਾ ਦਿੱਤਾ। ਇਸ ਦੌਰਾਨ ਚਾਰੇ ਪਾਸੇ ਗੱਲ ਇਹ ਫੈਲ ਗਈ ਕਿ ਪੁਲਿਸ ਨੇ ਰਾਜੂ ‘ਤੇ ਤਸ਼ੱਦਦ ਕਰਕੇ ਉਸ ਨੂੰ ਮਾਰ ਦਿੱਤਾ ਹੈ। ਇਸ ਦੌਰਾਨ ਰੋਸ ਪ੍ਰਦਰਸ਼ਨ ਕਰ ਰਹੇ ਪਰਿਵਾਰ ਵੱਲੋਂ ਥਾਣੇ ਦੀ ਸੀਸੀਟੀਵੀ ਫੂਟੇਜ਼ ਦਿਖਾਉਣ ਲਈ ਕਿਹਾ ਗਿਆ ਤਾਂ ਪਤਾ ਲੱਗਾ ਕਿ ਸੀਸੀਟੀਵੀ ਕੈਮਰੇ ਬੰਦ ਹਨ। ਇਹ ਸੁਣਦਿਆਂ ਹੀ ਮਾਹੌਲ ਹੋਰ ਵੀ ਭੜਕ ਗਿਆ ਤੇ ਧਰਨੇ ‘ਤੇ ਮੌਜ਼ੂਦ ਲੋਕਾਂ ਨੇ ਪਹਿਲਾਂ ਨਾਲੋ ਵੀ ਵੱਧ ਖਤਰਨਾਕ ਅੰਦਾਜ ਵਿੱਚ ਪਿੱਟ ਪਿੱਟ ਕੇ ਪੁਲਿਸ ਵਿਰੁੱਧ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਤੇ ਉਨ੍ਹਾਂ ਨੇ ਪਰਿਵਾਰ ਵਾਲਿਆਂ ਨੂੰ ਸਾਰੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਮੌਕੇ ‘ਤੇ ਪਹੁੰਚੇ ਡੀਸੀਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਕਿਹਾ ਕਿ ਨੌਜਵਾਨ ਰਾਜੂ ਨੂੰ ਪੁਲਿਸ ਵੱਲੋਂ ਨਸ਼ੇ ਦੇ ਕਿਸੇ ਕੇਸ ਦੀ ਜਾਂਚ ਲਈ ਬੁਲਾਇਆ ਸੀ, ਪਰ ਜਿਉਂ ਹੀ ਥਾਣਾ ਇੰਚਾਰਜ ਕਿਸੇ ਮੀਟਿੰਗ ਕਿਸੇ ‘ਚ ਗਏ ਤਾਂ ਉਸ ਤੋਂ ਬਾਅਦ ਉਹ ਉੱਥੋਂ ਭੱਜ ਗਿਆ। ਡੀਸੀਪੀ ਨੇ ਦਾਅਵਾ ਕੀਤਾ ਕਿ ਨੌਜਵਾਨ ਬਿਲਕੁਲ ਠੀਕ ਹੈ ਤੇ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਪਹੁੰਚ ਗਿਆ ਹੈ। ਇਸ ਸਾਰੇ ਝਗੜੇ ਦੇ 2 ਘੰਟੇ ਬੀਤ ਜਾਣ ਤੋਂ ਬਾਅਦ ਪਰਿਵਾਰ ਲਈ ਇਹ ਖੁਸ਼ੀ ਦੀ ਖ਼ਬਰ ਸੀ ਕਿ ਰਾਜੂ ਬਿਲਕੁਲ ਠੀਕ ਹੈ। ਇਸ ਤੋਂ ਬਾਅਦ ਲੋਕ ਤਾਂ ਸ਼ਾਂਤ ਹੋ ਗਏ, ਪਰ ਮੀਡੀਆ ਨੇ ਪੁਲਿਸ ਨੂੰ ਇਹ ਕਹਿ ਕੇ ਘੇਰ ਲਿਆ ਕਿ ਜਿਸ ਥਾਣੇ ਵਿੱਚ ਅੱਤਵਾਦੀਆਂ ਵੱਲੋਂ ਬੰਬ ਸੁੱਟ ਕੇ ਵੱਡੀ ਵਾਰਦਾਤ ਕੀਤੀ ਹੋਵੇ, ਉਸ ਥਾਣੇ ਦੇ ਸੀਸੀਟੀਵੀ ਕੈਮਰੇ ਬੰਦ ਕਿਵੇਂ ਹੋ ਸਕਦੇ ਹਨ? ਤੇ ਜੇਕਰ ਸੀਸੀਟੀਵੀ ਕੈਮਰੇ ਬੰਦ ਨਹੀਂ ਸਨ ਤਾਂ ਉਹ ਫੂਟੇਜ ਦਿਖਾਈ ਜਾਵੇ ਜਿਸ ਵਿੱਚ ਰਾਜੂ ਥਾਣੇ ਵਿੱਚੋਂ ਦੌੜਦਾ ਦਿਖਾਈ ਦੇ ਰਿਹਾ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦਿਆਂ ਡੀਸੀਪੀ ਰਵਿੰਦਰ ਪਾਲ ਸਿੰਘ ਸੰਧੂ ਪਹਿਲਾਂ ਤਾਂ ਇਹ ਮੰਨਣ ਨੂੰ ਤਿਆਰ ਹੀ ਨਹੀਂ ਹੋਏ ਕਿ ਥਾਣੇ ਦੇ ਸੀਸੀਟੀਵੀ ਕੈਮਰੇ ਬੰਦ ਹੋਏ ਸਨ, ਪਰ ਬਾਅਦ ਵਿੱਚ ਉਨ੍ਹਾਂ ਜਵਾਬ ਦਿੱਤਾ ਕਿ ਉਹ ਇਹ ਚੈਕ ਕਰਨਗੇ ਕਿ ਘਟਨਾ ਮੌਕੇ ਕੈਮਰੇ ਬੰਦ ਸਨ ਜਾਂ ਚਲ ਰਹੇ ਸਨ।

Check Also

ਹਰਿਆਣਾ ਵਿੱਚ ਇਹ ਕੀ ਭਾਣਾ ਵਰਤ ਗਿਆ ਸ਼੍ਰੋਮਣੀ ਅਕਾਲੀ ਦਲ ਨਾਲ

-ਡਾ. ਰਤਨ ਸਿੰਘ ਢਿੱਲੋਂ -ਸੀਨੀਅਰ ਪੱਤਰਕਾਰ ਅਕਾਲੀਆਂ ਦੇ ਸਮਰਥਨ ਸਦਕਾ ਹਰਿਆਣਾ ਦੀਆਂ 10 ਦੀਆਂ 10 …

Leave a Reply

Your email address will not be published. Required fields are marked *