ਸੁਖਵਿੰਦਰ ਸਿੰਘ
ਪਟਿਆਲਾ : ਜਦੋਂ ਕੈਪਟਨ ਅਮਰਿੰਦਰ ਸਿੰਘ ਸੱਤਾ ‘ਚ ਆਉਣ ਲਈ, ਪੰਜਾਬ ‘ਚ ਵੱਡੇ ਵੱਡੇ ਵਾਅਦੇ ਤੇ ਦਾਅਵੇ ਠੋਕ ਰਹੇ ਸਨ, ਉਸ ਵੇਲੇ ਹੋਰ ਹਵਾਈ ਵਾਅਦਿਆਂ ਦੇ ਨਾਲ ‘ਕਰਜ਼ਾ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ’ ਦਾ ਨਾਅਰਾ ਵੀ ਦਿੱਤਾ ਗਿਆ ਸੀ।ਕਾਂਗਰਸ ਦੀ ਚੋਣ ਫੌਜ ਨੇ ਘਰ ਘਰ ਜਾ ਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਹੁਣ ਉਹ ਫ਼ਿਕਰ ਨਾ ਕਰਨ ਕਾਂਗਰਸ ਸਰਕਾਰ ਆਈ ਤਾਂ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ਼ ਕਰ ਦਿੱਤਾ ਜਾਵੇਗਾ । ਇਸ ਲਈ ਖ਼ੁਦਕੁਸ਼ੀਆਂ ਨਾ ਕਰੋ। ਸਾਲ 2016 ਦੌਰਾਨ ਕੈਪਟਨ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਚ’ ਕਰਜ਼ ਮਾਫ਼ੀ ਯੋਜਨਾ ਦਾ ਪੋਸਟਰ ਬੁਆਏ ਕਿਸਾਨ ਬੁੱਧ ਸਿੰਘ ਨਜ਼ਰ ਆਏ । ਜਿਸ ਦੇ ਸਿਰ ‘ਤੇ ਪੌਣੇ ਚਾਰ ਲੱਖ ਤੋਂ ਵੱਧ ਕਰਜ਼ਾ ਸੀ।ਵੀਡੀਓ ਵਿਚ ਸਪਸ਼ਟ ਦਿਖਾਈ ਦਿੰਦੈ ਕਿ ਕੈਪਟਨ ਸਾਹਿਬ ਉਸਦੇ ਨਾਲ ਬੈਠ ਕੇ ਫ਼ਾਰਮ ਵੀ ਭਰਵਾ ਰਹੇ ਨੇ, ਤੇ ਬੁੱਧ ਸਿੰਘ ਨੂੰ ਦਿਲਾਸੇ ਵੀ ਦਿੱਤੇ ਜਾ ਰਹੇ ਨੇ।
ਸਰਕਾਰ ਬਣੀ ਸਾਲ 2017 ‘ਚ ਪਰ ਹੁਣ ਤੱਕ ਬੁੱਧ ਸਿੰਘ ਦਾ ਕਰਜ਼ਾ ਮਾਫ਼ ਨਹੀਂ ਹੋਇਆ। ਇਸੇ ਤਰ੍ਹਾਂ ਇੱਕ ਹੋਰ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿੱਚ ਫਰੀਦਕੋਟ ‘ਚ ਕਰਜ਼ੇ ਤੋਂ ਪ੍ਰੇਸ਼ਾਨ 2 ਔਰਤਾਂ ਨਾਲ ਵੀ ਕੈਪਟਨ ਸਾਬ੍ਹ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਮੁਲਾਕਾਤ ਕੀਤੀ ਸੀ। ਕੋਲ ਖੜ੍ਹ ਕੇ ਫਾਰਮ ਭਰਵਾਇਆ, ਚਿੱਟ ਵੀ ਦਿੱਤੀ ਸੀ।
ਹੁਣ ਲੋਕ ਸਭਾ ਚੋਣਾਂ ਸਿਰ ‘ਤੇ ਨੇ, ਇਸ ਲਈ ਵਿਰੋਧੀਆਂ ਨੂੰ ਮੌਕਾ ਮਿਲਿਆ, ਤੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਸਾਨ ਬੁੱਧ ਸਿੰਘ ਦੀ ਸਾਰ ਲਈ, ਮਜੀਠੀਆ ਨੇ ਬੁੱਧ ਸਿੰਘ ਨੂੰ ਪੌਣੇ ਚਾਰ ਲੱਖ ਤੋਂ ਵੱਧ ਰਕਮ ਦਾ ਚੈੱਕ ਸੌਂਪਿਆ ਹੈ, ਤੇ ਨਾਲ ਦੀ ਨਾਲ ਰਾਹੁਲ ਗਾਂਧੀ ਤੇ ਕੈਪਟਨ ਨੂੰ ਸ਼ੀਸ਼ਾ ਵਿਖਾ ਦਿੱਤਾ।ਇਸ ਤੋਂ ਬਾਅਦ ਸ਼ੁਰੂ ਹੋਈ ਸਿਆਸਤ ਤੇ ਮਜੀਠੀਆ ਨੇ ਕੈਪਟਨ ਸਰਕਾਰ ਦਾ ਮੈਨੀਫੈਸਟੋ ਹੱਥ ‘ਚ ਫੜ੍ਹ ਕੇ ਲੰਮੇ ਚੌੜੇ ਵਾਅਦਿਆਂ ਦੀ ਲਿਸਟ ਨੂੰ ਖੋਖਲਾ ਕਰਾਰ ਦਿੱਤਾ।
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ ਦਾ ਕਿਸਾਨ ਬੁੱਧ ਸਿੰਘ ਹੁਣ ਬਾਗ਼ੋਬਾਗ ਹੈ।ਮਨ ਵਿੱਚ ਕਿਤੇ ਨਾ ਕਿਤੇ ਰੋਸ ਹੈ ਕਿ ਨਾ ਤਾਂ ਕੈਪਟਨ ਸਾਬ੍ਹ ਨੇ ਸਾਰ ਲਈ ਤੇ ਨਾ ਹੀ ਕਿਸੇ ਮੰਤਰੀ-ਸੰਤਰੀ ਨੇ। ਜਨਾਬ ਅਕਾਲੀ ਦਲ ਵਾਲੇ ਵੀ 2 ਸਾਲ ਬਾਅਦ ਸਾਰ ਲੈਣ ਪਹੁੰਚੇ। ਚਲੋ ਸਿਆਸਤ ਹੀ ਸਹੀ, ਕਰਜ਼ਾ ਤਾਂ ਮਾਫ਼ ਹੋਇਆ। ਸ਼ਾਇਦ ਅੱਜ ਕਿਸਾਨ ਬੁੱਧ ਸਿੰਘ ਨੂੰ ਚੈਨ ਦੀ ਨੀਂਦ ਆਵੇਗੀ।
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਪਿਛਲੇ ਦਿਨੀਂ ਕਰਜ਼ ਮਾਫ਼ੀ ਦੇ ਸਰਟੀਫਿਕੇਟ ਵੰਡੇ, ਪਰ ਕਿਸਾਨ ਬੁੱਧ ਸਿੰਘ ਦਾ ਨਾਮ ਕਿਧਰੇ ਨਹੀਂ ਆਇਆ। ਜਿਸ ‘ਤੇ ਉਹਨਾਂ ਦਾ ਕਹਿਣਾ ਸੀ ਕਿ ਸਹਿਕਾਰੀ ਸਭਾਵਾਂ ਦੇ ਕਰਜ਼ੇ ਮਾਫ਼ ਹੋ ਰਹੇ ਨੇ, ਬੈਂਕਾਂ ਦੇ ਕਰਜ਼ੇ ਮਾਫ਼ ਕਰਨ ਸਮੇਂ ਬੁੱਧ ਸਿੰਘ ਦੀ ਵਾਰੀ ਆਵੇਗੀ। ਖੈਰ, ਕੈਪਟਨ ਸਾਬ੍ਹ ਤਾਂ ਕਹਿੰਦੇ ਸੀ ਕਿ ਕਰਜ਼ਾ ਮਾਫ਼ ਕਰਨ ਲਈ ਸਿਆਸੀ ਇੱਛਾ ਤੇ ਨੀਅਤ ਦੀ ਲੋੜ ਹੁੰਦੀ ਹੈ। ਪੂਰਨ ਕਰਜ਼ ਮਾਫ਼ੀ ਦਾ ਵਾਅਦਾ ਕਰਕੇ ਸਰਕਾਰ ਪਛੜ ਕਿਉਂ ਗਈ ? ਇਸ ਦਾ ਜਵਾਬ ਖ਼ਾਲੀ ਖ਼ਜ਼ਾਨੇ ਦੀ ਦੁਹਾਈ ਨਾਲ ਦਿੱਤਾ ਜਾ ਰਿਹੈ, ਤੇ ਵਿਧਾਇਕਾਂ ਦੀਆਂ ਤਨਖ਼ਾਹਾਂ ‘ਚ ਜੇ ਵਾਧਾ ਹੁੰਦੈ, ਤਾਂ ਖ਼ਜ਼ਾਨਾ ਭਰ ਕਿੱਥੋਂ ਜਾਂਦੈ ? ਇਹ ਜਵਾਬ ਪੰਜਾਬ ਦੇ ਲੋਕ ਮੰਗਦੇ ਨੇ।