65 ਸਾਲਾ ਬਾਬੇ ਦੀਆਂ ਥਾਈਲੈਂਡ ‘ਚ ਧਮਾਲਾਂ

Prabhjot Kaur
2 Min Read

ਬਟਾਲਾ: ਜਿੱਤਣ ਦਾ ਜਜ਼ਬਾ ਹੋਵੇ ਤਾਂ ਕਾਮਯਾਬੀ ਆਪਣੇ ਆਪ ਮਿਲ ਜਾਂਦੀ ਹੈ ਅਤੇ ਉਮਰ ਵੀ ਰਾਹ ਦਾ ਰੋੜਾ ਨਹੀਂ ਬਣ ਸਕਦੀ। ਅਜਿਹੀ ਮਿਸਾਲ ਬਟਾਲਾ ਦੇ ਭਾਰਤੀ ਫੌਜ ‘ਚੋਂ ਸੇਵਾਮੁਕਤ ਹੋਏ 65 ਸਾਲਾ ਨੌਜਵਾਨ ਸੂਬੇਦਾਰ ਹਰਭਜਨ ਸਿੰਘ ਬਾਜਵਾ ਨੇ ਥਾਈਲੈਂਡ ‘ਚ ਹੋਈਆਂ ਓਪਨ ਮਾਸਟਰਜ਼ ਗੇਮਜ ‘ਚ ਭਾਰਤ ਦੀ ਨੁਮਾਇੰਦਗੀ ਕਰਦਿਆਂ 1200 ਅਤੇ 800 ਮੀਟਰ ਦੀਆਂ ਦੌੜਾਂ ‘ਚ 2 ਸੋਨੇ ਦੇ ਤਗਮੇ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। 2 ਸੋਨੇ ਦੇ ਮੈਡਲ ਜੇਤੂ ਐਥਲੀਟ ਹਰਭਜਨ ਸਿੰਘ ਬਾਜਵਾ ਦਾ ਬਟਾਲਾ ਪੁੱਜਣ ਤੇ ਵੱਖ-ਵੱਖ ਥਾਵਾਂ ਤੇ ਢੋਲ ਢਮੱਕਿਆਂ ਅਤੇ ਹਾਰਾਂ ਨਾਲ ਭਰਵਾਂ ਸਵਾਗਤ ਕੀਤਾ ਗਿਆ।

ਸੇਵਾਮੁਕਤ ਸੂਬੇਦਾਰ ਹਰਭਜਨ ਸਿੰਘ ਬਾਜਵਾ ਨੂੰ ਖੁੱਲ੍ਹੀ ਜੀਪ ‘ਚ ਬਿਠਾ ਕੇ ਜਲੰਧਰ ਰੋਡ ਤੋਂ ਉਨ੍ਹਾਂ ਦੇ ਘਰ ਤੱਕ ਢੋਲ ਨਾਲ ਭੰਗੜੇ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸੂਬੇਦਾਰ ਬਾਜਵਾ ਦਾ ਸਵਾਗਤ ਕਰਦਿਆਂ ਘੁੰਮਣ ਮਾਰਕੀਟ ਕਾਦੀਆਂ ਰੋਡ ‘ਤੇ ਉਨ੍ਹਾਂ ਨੂੰ ਹਾਰਾਂ ਨਾਲ ਲੱਦ ਦਿੱਤਾ ਗਿਆ। ਸੋਨੇ ਦੇ ਮੈਡਲ ਜੇਤੂ ਸੇਵਾਮੁਕਤ ਸੂਬੇਦਾਰ ਬਾਜਵਾ ਨੇ ਦੱਸਿਆ ਕਿ ਥਾਈਲੈਂਡ ਦੇ ਪਤਾਇਆ ਸ਼ਹਿਰ ਚ ਕਾਂਟਰੈਕਟ ਬਰੀਡਜ਼ ਲੀਗ ਆਫ ਥਾਈਲੈਂਡ ਵੱਲੋਂ 3 ਫਰਵਰੀ ਤੋਂ 12 ਫ਼ਰਵਰੀ ਤੱਕ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੇਮਾਂ ਵਿੱਚ 12 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ ਹੈ।

ਬਾਜਵਾ ਨੇ ਅੱਗੇ ਦੱਸਿਆ ਕਿ ਪੰਜਾਬ ਤੋਂ ਮੇਜਰ ਬਲਰਾਜ ਸਿੰਘ ਦੀ ਅਗਵਾਈ ਵਿੱਚ ਉਹ ਅਤੇ ਚਾਰ ਹੋਰ ਦੌੜਾਕ ਓਪਨ ਗੇਮਾਂ ਵਿੱਚ ਖੇਡਣ ਗਏ ਸੀ। ਬਾਜਵਾ ਨੇ ਦੱਸਿਆ ਕਿ ਉਸ ਨੇ ਦੌੜਾਂ ਵਿੱਚ 2 ਸੋਨੇ ਦੇ ਮੈਡਲ ਜਿੱਤੇ ਹਨ। ਬਾਜਵਾ ਨੇ ਦੱਸਿਆ ਕਿ ਸੋਨੇ ਦੇ ਮੈਡਲ ਜਿੱਤ ਕੇ ਉਸ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਉਹ ਹਰ ਰੋਜ਼ ਅਭਿਆਸ ਕਰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦਾ ਤਿਆਗ ਕਰ ਕੇ ਕੌਮ ਦੀ ਸੇਵਾ ਕਰੋ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment