ਵਿਸ਼ਵ ਖੇਡ ਪੱਤਰਕਾਰ ਦਿਵਸ – ਸਲਾਹੁਣਯੋਗ ਹੈ ਖੇਡ ਪੱਤਰਕਾਰਾਂ ਦਾ ਯੋਗਦਾਨ

TeamGlobalPunjab
4 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;

ਪੱਤਰਕਾਰੀ ਕਰਨ ਦਾ ਅਰਥ ਕੇਵਲ ਪਾਠਕਾਂ ਜਾਂ ਦਰਸ਼ਕਾਂ ਤੱਕ ਕਿਸੇ ਖ਼ਬਰ ਨੂੰ ਪੰਹੁਚਾਉਣਾ ਹੀ ਨਹੀਂ ਹੁੰਦਾ ਹੈ। ਪੱਤਰਕਾਰ ਦਾ ਕੰਮ ਸਮਾਜ ਵਿਚਲੀਆਂ ਕੁਰੀਤੀਆਂ ਨੂੰ ਨੇਸਤਨਾਬੂਦ ਕਰਨ ਹਿੱਤ ਲੋਕਾਂ ਦੀ ਸੋਚ ਬਦਲਣ ਅਤੇ ਸਮਾਜ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾ ਰਹੇ ਵਿਅਕਤੀਆਂ,ਅਦਾਰਿਆਂ ਤੇ ਜਥੇਬੰਦੀਆਂ ਸਬੰਧੀ ਦਿਲਕਸ਼ ਅੰਦਾਜ਼ ਵਿੱਚ ਪ੍ਰੇਰਨਾਦਾਇਕ ਜਾਣਕਾਰੀ ਪ੍ਰਦਾਨ ਕਰਨਾ ਵੀ ਹੁੰਦਾ ਹੈ। ਖੇਡਾਂ ਨੂੰ ਪ੍ਰਫੁੱਲਤ ਕਰਨ ਵਿੱਚ ਜਿੱਥੇ ਖਿਡਾਰੀਆਂ, ਕੋਚਾਂ ਅਤੇ ਨੀਤੀ ਘਾੜਿਆਂ ਦਾ ਅਹਿਮ ਯੋਗਦਾਨ ਹੁੰਦਾ ਹੈ ੳੁੱਥੇ ਹੀ ਖੇਡ ਪੱਤਰਕਾਰ ਵੀ ਖੇਡਾਂ ਤੇ ਖਿਡਾਰੀਆਂ ਨੂੰ ਬੁਲੰਦੀਆਂ ਪ੍ਰਦਾਨ ਕਰਨ ਵਿੱਚ ਆਪਣਾ ਯੋਗਦਾਨ ਬਾਖ਼ੂਬੀ ਪਾਉਂਦੇ ਹਨ। ਖੇਡ ਪੱਤਰਕਾਰਾਂ ਦੇ ਜਜ਼ਬੇ ਨੂੰ ਸਲਾਮ ਕਰਨ ਹਿੱਤ ਹਰ ਸਾਲ 2 ਜੁਲਾਈ ਵਾਲੇ ਦਿਨ ਵਿਸ਼ਵ ਪੱਧਰ ‘ਤੇ ‘ ਖੇਡ ਪੱਤਰਕਾਰ ਦਿਵਸ’ ਮਨਾਇਆ ਜਾਂਦਾ ਹੈ।

ਦਰਅਸਲ ਸੰਨ 1924 ਵਿੱਚ ਪੈਰਿਸ ਵਿਖੇ ਹੋਈਆਂ ਓਲੰਪਿਕ ਖੇਡਾਂ ਦੌਰਾਨ ਖੇਡ ਪੱਤਰਕਾਰਾਂ ਵੱਲੋਂ ‘ਇੰਟਰਨੈਸ਼ਨਲ ਸਪੋਰਟਸ ਪ੍ਰੈਸ ਐਸੋਸੀਏਸ਼ਨ’ ਦੀ ਸਥਾਪਨਾ ਕੀਤੀ ਗਈ ਸੀ ਤੇ 2 ਜੁਲਾਈ, 1994 ਨੂੰ ਐਸੋਸੀਏਸ਼ਨ ਦੀ 70ਵੀਂ ਵਰ੍ਹੇਗੰਢ ਮੌਕੇ ‘ ਵਿਸ਼ਵ ਖੇਡ ਪੱਤਰਕਾਰ ਦਿਵਸ’ ਹਰ ਸਾਲ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਦਿਨ ਉਨ੍ਹਾ ਸਮੂਹ ਖੇਡ ਪੱਤਰਕਾਰਾਂ ਦੀ ਸੋਚ ਤੇ ਖੋਜ ਨੂੰ ਸਲਾਮ ਕੀਤਾ ਜਾਂਦਾ ਹੈ ਜਿਨ੍ਹਾ ਨੇ ਮੀਡੀਆ ਕਵਰੇਜ ਰਾਹੀਂ ਖੇਡਾਂ ਤੇ ਖਿਡਾਰੀਆਂ ਨੂੰ ਉਚੇਰੇ ਮੁਕਾਮ ਤੱਕ ਪੰਹੁਚਾਉਣ ਲਈ ਨਿਰਪੱਖ ਤੇ ਨਿਡਰ ਹੋ ਕੇ ਯੋਗਦਾਨ ਪਾਇਆ ਹੁੰਦਾ ਹੈ। ਇਸ ਦਿਨ ਉਕਤ ਐਸੋਸੀਏਸ਼ਨ ਵੱਲੋਂ ਵਿਸ਼ਵ ਦੇ ਵੱਖ ਵੱਖ ਕੋਨਿਆਂ ਵਿੱਚ ਵੱਖ ਵੱਖ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸੇ ਸਬੰਧ ਵਿੱਚ ਸੰਨ 2019 ਵਿੱਚ ਸਵਿਟਜ਼ਰਲੈਂਡ ਦੇ ਲਾਜ਼ੇਨ ਸ਼ਹਿਰ ਵਿਖੇ ਸਥਿਤ ਐਸੋਸੀਏਸ਼ਨ ਦੇ ਮੁੱਖ ਦਫ਼ਤਰ ਤੋ ‘ ਸਪੋਰਟਸ ਮੀਡੀਆ ਐਵਾਰਡ’ ਸ਼ੁਰੂ ਕੀਤਾ ਗਿਆ ਸੀ। ਚੇਤੇ ਰਹੇ ਕਿ ਉਕਤ ਐਸੋਸੀਏਸ਼ਨ ਨੂੰ ‘ ਇੰਟਰਨੈਸ਼ਨਲ ਓਲੰਪਿਕ ਕਮੇਟੀ,ਫ਼ੀਫ਼ਾ ਅਤੇ ਆਈ.ਏ.ਏ.ਐਫ਼’ ਜਿਹੀਆਂ ਵੱਕਾਰੀ ਸੰਸਥਾਵਾਂ ਦਾ ਪੂਰਾ ਸਹਿਯੋਗ ਤੇ ਸਮਰਥਨ ਹਾਸਿਲ ਹੈ। ਭਾਰਤ ਵਿੱਚ ਵੀ 27 ਫ਼ਰਵਰੀ,ਸੰਨ 1976 ਨੂੰ ‘ ਸਪੋਰਟਸ ਜਰਨਲਿਸਟ ਫ਼ੈਡਰੇਸ਼ਨ ’ ਦਾ ਗਠਨ ਕੀਤਾ ਗਿਆ ਸੀ।

ਖੇਡ ਪੱਤਰਕਾਰਾਂ ਨੇ ਹੁਣ ਤੱਕ ਬੜੀ ਹੀ ਸੂਝਬੂਝ ਅਤੇ ਗੰਭੀਰਤਾ ਦਾ ਮੁਜ਼ਾਹਰਾ ਕਰਦਿਆਂ ਹੋਇਆਂ ਕਰੋੜਾਂ ਪਾਠਕਾਂ ਤੇ ਦਰਸ਼ਕਾਂ ਤੱਕ ਵੱਖ ਵੱਖ ਖੇਡਾਂ ਸਬੰਧੀ ਜਾਣਕਾਰੀ ਪਹੁੰਚਾਈ ਹੈ ਜਿਸ ਕਰਕੇ ਕਈ ਆਧੁਨਿਕ ਖੇਡਾਂ ਅਤੇ ਖਿਡਾਰੀਆਂ ਨੂੰ ਦੁਨੀਆਂ ਵਿੱਚ ਜਗ੍ਹਾ ਬਨਾਉਣ ਅਤੇ ਪ੍ਰਸਿੱਧੀ ਖੱਟਣ ਵਿੱਚ ਮਦਦ ਮਿਲੀ ਹੈ। ਇਸ ਸਬੰਧ ਵਿੱਚ ੳੁੱਘੇ ਕ੍ਰਿਕਟਰ ਹਰਭਜਨ ਸਿੰਘ ਦਾ ਕਹਿਣਾ ਹੈ-‘‘ ਸਾਡੇ ਖੇਡ ਜੀਵਨ ਵਿੱਚ ਖੇਡ ਪੱਤਰਕਾਰਾਂ ਦਾ ਮਹੱਤਵਪੂਰਨ ਯੋਗਦਾਨ ਹੈ ਤੇ ਅਸੀਂ ਹਮੇਸ਼ਾਂ ਹੀ ਸ਼ੁਕਰਗ਼ੁਜ਼ਾਰ ਅਤੇ ਕਰਜ਼ਦਾਰ ਹਾਂ ਉਨ੍ਹਾ ਖੇਡ ਪੱਤਰਕਾਰਾਂ ਦੇ ਜਿਨ੍ਹਾ ਬੇਹੱਦ ਸ਼ਿੱਦਤ ਨਾਲ ਖੇਡਾਂ ਨਾਲ ਸਬੰਧਿਤ ਖ਼ਬਰਾਂ,ਕਿੱਸੇ ਤੇ ਕਹਾਣੀਆਂ ਨੂੰ ਲੋਕਾਂ ਤੱਕ ਪਹੁੰਚਾਇਆ ਹੈ’’।

- Advertisement -

ਵਿਸ਼ਵ ਪੱਧਰ ਦੇ ਚੋਟੀ ਦੇ ਪੱਤਰਕਾਰਾਂ ਵਿੱਚ ਜਿੱਥੇ ਕੈਰੋਲੀਨਾ ਗਿਲਨ, ਲੰਡਸੇ ਜ਼ਾਰਨਿਕ,ਟੋਨੀ ਮੈਜ਼ਰਟੀ,ਜੈੱਫ਼ ਡਾਰ ਲੰਗਟਨ, ਗਰੇਗ ਬੈੱਲ, ਟੌਮ ਵਿਦਰਜ਼, ਡੋਨਾ ਜੈਬਸਨ, ਜੇਮਜ਼ ਕੋਹ, ਈ.ਕੇ.ਵਿਲੀਅਮਜ਼ ਅਤੇ ਜੀ.ਆਰ.ਸੈਂਡੋਵਲ ਆਦਿ ਦੇ ਨਾਂ ਬੜੇ ਫ਼ਖ਼ਰ ਨਾਲ ਲਏ ਜਾਂਦੇ ਹਨ ਉਥੇ ਹੀ ਕੌਮੀ ਪੱਧਰ ‘ਤੇ ਐਮ.ਲੈਂਗਰ, ਕਾਦੰਬਰੀ, ਖ਼ਾਲਿਦ ਅੰਸਾਰੀ, ਰਾਜੂ ਭਾਰਤਨ, ਗੌਤਮ ਅਤੇ ਰਾਜੂ ਭੱਟਾਚਾਰੀਆ, ਕੇ.ਐਨ.ਪ੍ਰਭੂ, ਨਰੋਤਮ ਪੁਰੀ, ਰਵੀ ਚਤੁਰਵੇਦੀ, ਸੁਹੇਲ ਚੰਡੋਕ, ਸੁਸ਼ੀਲ ਦਲਵੀ, ਪ੍ਰਭਜੋਤ ਸਿੰਘ ਅਤੇ ਐਸ.ਕੇ. ਗੁਰੂਨਾਥਨ ਜਿਹੇ ਖੇਡ ਪੱਤਰਕਾਰਾਂ ਦਾ ਯੋਗਦਾਨ ਵੀ ਸਲਾਹੁਣਯੋਗ ਹੈ।

ਪੰਜਾਬੀ ਖੇਡ ਪੱਤਰਕਾਰੀ ਵਿੱਚ ਵੀ ਅੱਜ ਪ੍ਰਿੰਸੀਪਲ ਸਰਵਣ ਸਿੰਘ, ਜਗਰੂਪ ਸਿੰਘ ਜਰਖੜ, ਪ੍ਰੋ.ਪਰਮਜੀਤ ਸਿੰਘ ਰੰਧਾਵਾ, ਸੁਖਵੀਰ ਗਰੇਵਾਲ, ਜਤਿੰਦਰ ਸਾਬੀ, ਡਾ. ਸੁਖਦਰਸ਼ਨ ਚਹਿਲ, ਪ੍ਰੋ.ਜਤਿੰਦਰਬੀਰ ਨੰਦਾ, ਅਸ਼ਵਨੀ ਚਤਰਥ ਅਤੇ ਗੁਰਤੇਜ ਬੱਬੀ ਜਿਹੇ ਖੇਡ ਜਗਤ ਨੂੰ ਸਮਰਪਿਤ ਪੱਤਰਕਾਰ ਨਿੱਠ ਕੇ ਕੰਮ ਕਰ ਰਹੇ ਹਨ ਤੇ ਪੰਜਾਬੀ ਖੇਡ ਪੱਤਰਕਾਰੀ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲਈ ਨਿਰੰਤਰ ਕਾਰਜਸ਼ੀਲ ਹਨ।

ਮੋਬਾਇਲ: 97816-46008

Share this Article
Leave a comment