ਹਰਸਿਮਰਤ ਦੀ ਰੈਲੀ ‘ਚ ਸਵਾਲ ਪੁੱਛਣ ਵਾਲੇ 87 ਸਾਲਾ ਬਜ਼ੁਰਗ ਨੂੰ ਧੂਹ ਕੇ ਬਾਹਰ ਕੱਢਿਆ, ਪੱਗ ਲਹੀ, ਹੁਣ ਦੇਖੋ ਕੌਣ ਕਰਦਾ ਹੈ ਬਜ਼ੁਗਰ ਦਾ ਸਨਮਾਨ?

TeamGlobalPunjab
4 Min Read

ਬਠਿੰਡਾ : ਜਿਉਂ ਜਿਉਂ ਲੋਕ ਸਭਾ ਚੋਣਾਂ ਦਾ ਮੈਦਾਨ ਭਖ ਰਿਹਾ ਹੈ ਤਿਉਂ ਤਿਉਂ ਸੂਬੇ ਦੇ ਸਾਰੇ ਚੋਣ ਹਲਕਿਆਂ ਵਿੱਚ ਸਿਆਸੀ ਹਲਚਲਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ।ਇਸ ਦੇ ਨਾਲ ਹੀ ਲਗਭਗ ਸਾਰੇ ਹੀ ਸਿਆਸਤਦਾਨਾਂ ਨੂੰ ਚੋਣ ਰੈਲੀਆਂ ਦੌਰਾਨ ਜਨਤਾ ਦੇ ਸਵਾਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸਵਾਲਾਂ ਦੀ ਇਹ ਬਰਸਾਤ ਸ਼੍ਰੋਮਣੀ ਅਕਾਲੀ ਦਲ ਵਾਲਿਆਂ ‘ਤੇ ਕੁਝ ਜਿਆਦਾ ਹੀ ਰਹੀ ਹੈ। ਤਾਜਾ ਮਾਮਲਾ ਬਠਿੰਡਾ ਦੀ ਫੂਸ ਮੰਡੀ ਕੀਤੀ ਗਈ ਚੋਣ ਰੈਲੀ ‘ਚ ਸ਼ਾਹਮਣੇ ਆਇਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇੱਕ 87 ਸਾਲਾ ਬਜ਼ੁਰਗ ਕਾਕਾ ਸਿੰਘ ਨੇ ਸਵਾਲਾਂ ਦੀ ਝੜੀ ਲਾ ਦਿੱਤੀ। ਜਿਸ ਦਾ ਨਤੀਜਾ ਇਹ ਨਿੱਕਲਿਆ ਕਿ ਸੁਰੱਖਿਆ ਕਰਮੀਆਂ ਨੇ ਉਸ ਬਜ਼ੁਰਗ ਨੂੰ ਫੜ ਕੇ ਰੈਲੀ ‘ਚੋਂ ਬਾਹਰ ਕੱਢ ਦਿੱਤਾ ਅਤੇ ਇਸੇ ਖਿੱਚ-ਧੂਹ ਦੌਰਾਨ ਉਸ ਬਜ਼ੁਰਗ ਦੀ ਦਸਤਾਰ ਵੀ ਲਹਿ ਗਈ ਸੀ। ਪਤਾ ਲੱਗਾ ਹੈ ਕਿ ਇਹ ਬਜ਼ੁਰਗ ਤਿੰਨ ਵਾਰ ਪੰਚ ਰਹਿ ਚੁੱਕਾ ਹੈ।

ਇਸ ਦੌਰਾਨ ਕਾਕਾ ਸਿੰਘ ਨੇ ਦੋਸ਼ ਲਾਇਆ, ਕਿ ਉਸ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਵੱਲੋਂ ਆਟਾ ਦਾਲ ਸਕੀਮ ਬੰਦ ਕੀਤੇ ਜਾਣ ਨੂੰ ਲੈ ਕੇ ਸਵਾਲ ਕੀਤਾ ਸੀ, ਜਿਸ ਤੋਂ ਬਾਅਦ ਬੀਬਾ ਨਾਲ ਸਿਵਲ ਵਰਦੀ ‘ਚ ਆਏ ਸੁਰੱਖਿਆ ਕਰਮੀਆਂ ਨੇ ਉਸ ਦਾ ਮੂੰਹ ਬੰਦ ਕਰ ਦਿੱਤਾ ਅਤੇ ਰੈਲੀ ‘ਚੋਂ ਧੱਕੇ ਨਾਲ ਬਾਹਰ ਕੱਢਣ ਲੱਗੇ। ਜਿਉਂ ਹੀ ਕਾਕਾ ਸਿੰਘ ਨੂੰ ਰੈਲੀ ‘ਚੋਂ ਬਾਹਰ ਕੱਢਿਆ ਗਿਆ ਤਾਂ ਬਾਹਰ ਮੌਜੂਦ ਕੁਝ ਲੋਕਾਂ ਨੇ ਕਾਕਾ ਸਿੰਘ ਨੂੰ ਸਮਰਥਨ ਦਿੱਤਾ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਕਾਕਾ ਸਿੰਘ ਦੇ ਪੁੱਤਰ ਨਿਰਮਲ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਚਾਈ ਦੀ ਅਵਾਜ਼ ਨੂੰ ਦਬਾਇਆ ਗਿਆ ਹੈ ਅਤੇ ਉਨ੍ਹਾਂ ਨੇ ਉਸ ਦੇ 87 ਸਾਲਾ ਪਿਤਾ ਨੂੰ ਘੜੀਸ ਕੇ ਬਾਹਰ ਕੱਢਿਆ ਹੈ।

ਇਹ ਘਟਨਾ ਉਸ ਪਾਰਟੀ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਚੋਣ ਰੈਲੀ ‘ਚ ਵਾਪਰੀ ਹੈ ਜਿਸ ਪਾਰਟੀ ਦੇ ਸਟਾਰ ਪ੍ਰਚਾਰਕ ਮੰਨੇ ਜਾਂਦੇ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਪੁੱਛਣ ‘ਤੇ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਚਾਂਟਾ ਮਾਰਨ ਵਾਲੇ ਕਾਂਡ ‘ਤੇ ਟਿੱਪਣੀ ਕਰਦਿਆਂ ਕਿਹਾ ਸੀ, ਕਿ ਅਸੀਂ ਉਸ ਨੌਜਵਾਨ ਦਾ ਸਨਮਾਨ ਕਰਾਂਗੇ, ਜਿਸ ਨੌਜਵਾਨ ਨੇ ਬੀਬੀ ਭੱਠਲ ਤੋਂ ਸਵਾਲ ਕੀਤੇ ਸਨ। ਇਹ ਸਭ ਦੇਖ ਕੇ ਕਾਂਗਰਸੀ ਵਰਕਰਾਂ ਦਾ ਇਹ ਦੋਸ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਦੂਜੇ ‘ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ ਹੈ ਕਿ ਉਹ ਆਪ ਕੀ ਕਰ ਰਹੇ ਹਨ? ਤੇ ਇਨ੍ਹਾਂ ਦੋਵਾਂ ਨੂੰ ਚੁੱਪ ਕਰਕੇ ਦੇਖ ਰਹੇ ਸਿਆਸੀ ਮਾਹਰ ਕਹਿੰਦੇ ਹਨ ਕਿ ਅਜਿਹਾ ਕਰਨ ਤੋਂ ਬਾਅਦ ਜਨਤਾ ਇਹ ਨਹੀਂ ਚਾਹੁੰਦੀ ਕਿ ਤੁਸੀਂ ਆਪਣੀਆਂ ਪੀੜ੍ਹੀਆਂ ਥੱਲੇ ਸੋਟੇ ਫੇਰੋ। ਜਨਤਾ ਕਹਿੰਦੀ ਹੈ ਕਿ ਤੁਸੀਂ ਪੂਰੇ ਦੋਵੇਂ ਹੱਥਾਂ ਦੀ ਤਾਕਤ ਨਾਲ ਇਨ੍ਹਾਂ ਲੋਕਾਂ ਨੂੰ ਜਿੰਨੇ ਮਰਜੀ ਚਾਂਟੇ, ਘਸੁੰਨ ਮਾਰੀ ਜਾਓ, ਫਿਲਹਾਲ ਉਹ ਮਜ਼ਬੂਰ ਹਨ ਤੇ ਤਾਕਤ ਇਨ੍ਹਾਂ ਸਿਆਸਤਦਾਨਾਂ ਦੇ ਹੱਥਾਂ ਵਿੱਚ ਹੈ, ਪਰ  19 ਮਈ ਨੂੰ ਉਹ ਸਾਰੇ ਇਕੱਠੇ ਹੋਣਗੇ, ਤੇ ਇਨ੍ਹਾਂ ਸਾਰੀਆਂ ਵਧੀਕੀਆਂ ਦਾ ਜਵਾਬ ਆਪਣੀ ਵੋਟ ਪਾਉਣ ਵਾਲੀ ਇੱਕ ਉਂਗਲੀ ਨਾਲ ਦੇਣਗੇ। ਇਸ ਤੋਂ ਬਾਅਦ ਉਹ ਪੁੱਛਣਗੇ ਕਿ ਹੁਣ ਦੱਸੋ ਤੁਹਾਡੀਆਂ ਪੰਜ ਉਂਗਲੀਆਂ ਵਾਲੇ ਚਾਂਟੇ ‘ਚ ਜ਼ਿਆਦਾ ਤਾਕਤ ਹੈ ਜਾਂ ਉਨ੍ਹਾਂ ਦੀ ਉਸ ਇੱਕ ਉਂਗਲੀ ਵਿੱਚ, ਜਿਸ ਉਂਗਲੀ ਨਾਲ ਉਨ੍ਹਾਂ ਨੇ ਵੋਟ ਪਾਈ ਹੈ।

- Advertisement -

 

Share this Article
Leave a comment