ਸੰਤੋਸ਼ ਚੌਧਰੀ ਨੇ ਕੀਤਾ ਅਜਿਹਾ ਐਲਾਨ, ਕਾਂਗਰਸ ‘ਚ ਪੈ ਗਈਆਂ ਭਾਜੜਾਂ, ਕਈ ਪਾਰਟੀਆਂ ਨੇ ਲਾ ਲਈ ਤਾਕ

TeamGlobalPunjab
2 Min Read

ਹੁਸ਼ਿਆਰਪੁਰ : ਪੰਜਾਬ ਦੀ ਸਾਬਕਾ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਆਗੂ ਸ੍ਰੀਮਤੀ ਸੰਤੋਸ਼ ਚੌਧਰੀ ਨੇ ਕਾਂਗਰਸ ਹਾਈ ਕਮਾਂਡ ਨੂੰ 72 ਘੰਟੇ ਦਾ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਹੈ, ਕਿ ਹਾਈ ਕਮਾਂਡ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਟਿਕਟ ਦੇਵੇ, ਨਹੀਂ ਤਾਂ ਉਹ ਇਸ ਹਲਕੇ ‘ਚੋਂ ਅਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜਨ ਲਈ ਮਜ਼ਬੂਰ ਹੋਣਗੇ, ਕਿਉਂਕਿ ਉਨ੍ਹਾਂ ‘ਤੇ ਵਰਕਰਾਂ ਦਾ ਅਜਿਹਾ ਕਰਨ ਦਾ ਬਹੁਤ ਦਬਾਅ ਹੈ । ਸ੍ਰੀਮਤੀ ਚੌਧਰੀ ਇੱਥੇ ਵਰਕਰਾਂ ਨੂੰ ਮਿਲਣ ਆਏ ਹੋਏ ਸਨ।

ਇਸ ਵਰਕਰ ਮਿਲਣੀ ਦੌਰਾਨ ਮੌਕੇ ‘ਤੇ ਮੌਜੂਦ ਸੰਤੋਸ਼ ਚੌਧਰੀ ਦੇ ਸਮਰਥਕਾਂ ਨੂੰ ਇਸ ਗੱਲ ਦਾ ਗੁੱਸਾ ਸੀ, ਕਿ ਸ੍ਰੀ ਮਤੀ ਚੌਧਰੀ ਨੇ ਲੰਮੇ ਸਮੇਂ ਤੱਕ ਪਾਰਟੀ ਦੀ ਸੇਵਾ ਕੀਤੀ ਹੈ ਪਰ ਇਸ ਦੇ ਬਾਵਜੂਦ ਪਾਰਟੀ ਹਾਈ ਕਮਾਂਡ ਨੇ ਜੋ ਉਨ੍ਹਾਂ ਨਾਲ ਕੀਤਾ ਹੈ ਉਹ ਚੌਧਰੀ ਦਾ ਸਿਆਸੀ ਕਤਲ ਕਰਨ ਦੇ ਬਰਾਬਰ ਹੈ ਜਿਸ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਵਰਕਰਾਂ ਅਨੁਸਾਰ ਅਜਿਹੇ ਵਿੱਚ ਪਾਰਟੀ ਹਾਈ ਕਮਾਂਡ ਨੂੰ ਫੈਸਲਾ ਬਦਲਣ ਲਈ 72 ਘੰਟਿਆਂ ਤੋਂ ਵੱਧ ਸਮਾਂ ਨਹੀਂ ਦਿੱਤਾ ਜਾਣਾ ਚਾਹੀਦਾ। ਜਿਹੜੀ ਗੱਲ ਸੰਤੋਸ਼ ਚੌਧਰੀ ਨੇ ਤੁਰੰਤ ਮੰਨ ਲਈ ਤੇ ਐਲਾਨ ਕੀਤਾ ਕਿ 72 ਘੰਟੇ ਦੌਰਾਨ ਜੇਕਰ ਪਾਰਟੀ ਨੇ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਉਹ ਹਰ ਹਾਲਤ ਵਿੱਚ ਅਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜਨਗੇ। ਸੰਤੋਸ਼ ਚੌਧਰੀ ਅਨੁਸਾਰ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਉਣ ਦਾ ਲਾਲਚ ਦਿੱਤਾ ਹੈ, ਲੇਕਿਨ ਉਨ੍ਹਾਂ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਜਿਸ ਤੋਂ ਬਾਅਦ ਹਾਈ ਕਮਾਂਡ ਨੇ ਉਨ੍ਹਾਂ ਨੂੰ ਆਪਣੇ ਹਲਕੇ ਵਿੱਚ ਚੋਣ ਲੜਨ ਦੀ ਤਿਆਰੀ ਕਰਨ ਬਾਰੇ ਕਿਹਾ ਸੀ, ਤੇ ਚਾਰ ਮਹੀਨੇ ਤੱਕ ਉਹ ਆਪਣੇ ਹਲਕੇ ਵਿੱਚ ਪਾਰਟੀ ਲਈ ਮਿਹਨਤ ਕਰਦੀ ਰਹੀ। ਪਰ ਐਨ ਮੌਕੇ ‘ਤੇ ਉਨ੍ਹਾਂ ਦਾ ਟਿਕਟ ਕੱਟ ਕੇ ਡਾ. ਰਾਜ ਕੁਮਾਰ ਨੂੰ ਦੇ ਦਿੱਤਾ ਗਿਆ, ਜਿਹੜਾ ਕਿ ਨਾ ਕਾਬਲ-ਏ-ਬਰਦਾਸ਼ਤ ਹੈ।

 

Share this Article
Leave a comment