ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ‘ਤੇ ਇੱਕ ਵਾਰ ਫਿਰ ਉਨ੍ਹਾਂ ਦੇ ਆਪਣੇ ਰਾਜ ਵਿੱਚ ਹਮਲਾ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਸੁਪਰੀਮੋਂ ‘ਤੇ ਇਸ ਵਾਰ ਇਹ ਹਮਲਾ ਸੈਂਕੜੇ ਲੋਕਾਂ ਦੀ ਭੀੜ੍ਹ ਵੱਲੋਂ ਡਾਂਗਾਂ ਸੋਟਿਆਂ ਨਾਲ ਲੈਸ ਹੋ ਕੇ ਕੀਤਾ ਗਿਆ ਸੀ। ਇਹ ਜਾਣਕਾਰੀ ਮੁੱਖ ਮੰਤਰੀ ਦਫਤਰ ਦੇ ਅਧਿਕਾਰੀਆਂ ਨੇ ਮੀਡੀਆ ਨਾਲ ਸਾਂਝੀ ਕੀਤੀ ਹੈ। ਇਸ ਸਬੰਧ ਵਿੱਚ ਆਮ ਆਦਮੀ ਪਾਰਟੀ ਨੇ ਇਹ ਦੋਸ਼ ਲਾਇਆ ਹੈ ਕਿ ਇਸ ਹਮਲੇ ਲਈ ਭਾਰਤੀ ਜਨਤਾ ਪਾਰਟੀ ਦੇ ਲੋਕ ਜਿੰਮੇਵਾਰ ਹਨ।
ਹਮਲੇ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਇੱਕ ਟਵੀਟ ਕਰਕੇ ਦੱਸਿਆ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਦੇ ਵਿਕਾਸ ਦਾ ਜਵਾਬ ਬੀਜੇਪੀ ਡਾਂਗਾਂ ਸੋਟਿਆਂ ਨਾਲ ਦੇ ਰਹੀ ਹੈ ਜੋ ਕਿ ਬੇਹੱਦ ਕਾਇਰਤਾ ਭਰਪੂਰ ਅਤੇ ਨਿੰਦਣਯੋਗ ਹਰਕਤ ਹੈ। ਟਵੀਟ ਵਿੱਚ ਦਿੱਲੀ ਪੁਲਿਸ ਨੂੰ ਵੀ ਦੋਸ਼ੀ ਠਹਿਰਾਉਂਦਿਆਂ ਇਹ ਕਿਹਾ ਗਿਆ ਹੈ ਕਿ ਰਾਜਧਾਨੀ ਦੀ ਪੁਲਿਸ ਆਖੰਡ ਲੋਕ ਫਤਵੇ ਨਾਲ ਚੁਣੇ ਗਏ ਮੁੱਖ ਮੰਤਰੀ ਨੂੰ ਸੁਰੱਖਿਆ ਦੇਣ ਵਿੱਚ ਨਾਕਾਮ ਹੈ।
ਇਸ ਤੋਂ ਇਲਾਵਾ ਉੱਥੋਂ ਦੇ ਸਰਕਾਰੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ 100 ਦੇ ਕਰੀਬ ਲੋਕਾਂ ਦੀ ਭੀੜ੍ਹ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਾਰ ਨੂੰ ਡਾਂਗਾਂ ਸੋਟਿਆਂ ਨਾਲ ਲੈਸ ਹੋ ਕੇ ਉਦੋਂ ਘੇਰ ਲਿਆ ਗਿਆ ਜਦੋਂ ਮੁੱਖ ਮੰਤਰੀ ਬਾਹਰੀ ਦਿੱਲੀ ਇਲਾਕੇ ਵਿੱਚ 25 ਗੈਰ-ਕਾਨੂੰਨੀ ਕਲੋਨੀਆਂ ਅੰਦਰ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਅਧਿਕਾਰੀਆਂ ਅਨੁਸਾਰ ਇਸ ਹਮਲੇ ਦੌਰਾਨ ਭੀੜ੍ਹ ਨੇ ਪਹਿਲਾਂ ਕੇਜਰੀਵਾਲ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਉਨ੍ਹਾਂ ਨੇ ਡਾਂਗਾਂ ਸੋਟਿਆਂ ਨਾਲ ਹਮਲਾ ਕਰ ਦਿੱਤਾ।