ਸੁਖਬੀਰ ਬਾਦਲ ਨੇ ਦਿਖਾਏ ਐਸਜੀਪੀਸੀ ਖਿਲਾਫ ਬਾਗੀ ਤੇਵਰ, ਇਹ ਸੁਪਨਾ ਹੈ ਜਾਂ ਬਦਲੀ ਹੋਈ ਰਣਨੀਤੀ?

Prabhjot Kaur
4 Min Read

ਕੁਲਵੰਤ ਸਿੰਘ

ਚੰਡੀਗੜ੍ਹ: ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੇਕਰ ਕੋਈ ਵੀ ਫੈਂਸਲਾ ਲੈਣਾ ਹੈ ਤਾਂ ਇਸ ਲਈ ਪਹਿਲਾਂ ਬਾਦਲਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ। ਪਰ ਅੱਜ ਕੱਲ੍ਹ ਅਜਿਹਾ ਨਹੀਂ ਹੈ, ਕਿਉਂਕਿ ਐੱਸਜੀਪੀਸੀ ਤੇ ਬਾਦਲਾਂ ਦੀਆਂ ਆਪਸੀ ਸੁਰਾਂ ਉੱਪਰਲੇ ਤੌਰ ਤੇ ਵਿਗੜਦੀਆਂ ਦਿਖਾਈ ਦੇ ਰਹੀਆਂ ਹਨ। ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ 1984 ਦੇ ਵਕੀਲਾਂ ਦਾ ਸਨਮਾਨ ਕਰਨ ਸਬੰਧੀ ਟਾਲ-ਮਟੋਲ ਦੇ ਬਿਆਨ ‘ਤੇ ਹੀ ਸੁਖਬੀਰ ਬਾਦਲ ਨੇ ਆਪਣੇ ਸੁਰ ਤਿੱਖੇ ਕੀਤੇ ਹਨ। ਇਸ ਸਬੰਧੀ ਬਿਆਨ ਦਿੰਦਿਆਂ ਛੋਟੇ ਬਾਦਲ ਨੇ ਕਿਹਾ ਕਿ 1984 ਸਿੱਖ ਨਸ਼ਲਕੁਸੀ ਮਾਮਲਿਆਂ ਦੇ ਗਵਾਹਾਂ ਦਾ ਸਨਮਾਨ ਕਰਨ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਨੂੰ ਇਸ ਕੇਸ ਦੇ ਵਕੀਲਾਂ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ। ਭਾਂਵੇਂ ਕਿ ਵੇਖਣ ਨੂੰ ਇਹ ਬਿਆਨ ਸੁਨੇਹਾ ਦਿੰਦਾ ਪ੍ਰਤੀਤ ਹੁੰਦਾ ਹੈੇ ਕਿ ਐਸਜੀਪੀਸੀ ਤੋਂ ਸਿਆਸੀ ਕਬਜ਼ਾ ਸ਼ਾਇਦ ਮੁਕਤ ਹੋ ਰਿਹਾ ਹੇੈ ਪਰ ਸਿਆਸੀ ਮਾਹਿਰ ਇਸ ਨੂੰ ਅਕਾਲੀ ਦਲ ਦੀ ਬਦਲੀ ਹੋਈ ਰਣਨੀਤੀ ਕਰਾਰ ਦੇ ਰਹੇ ਹਨ।

ਇੱਥੇ ਦੱਸ ਦਈਏ ਕਿ ਪਿਛਲੇ ਦਿਨੀਂ ਜਦੋਂ 1984 ਸਿੱਖ ਨਸ਼ਲਕੁਸੀ ਮਾਮਲੇ ‘ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਸੀ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਕੇਸ ਦੇ ਗਵਾਹਾਂ ਦੇ ਨਾਲ-ਨਾਲ ਪੀੜਤਾਂ ਨੂੰ ਇੰਨਸਾਫ ਦਵਾਉਣ ਵਾਲੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਦਾ ਵੀ 26 ਦਸੰਬਰ 2018 ਵਾਲੇ ਦਿਨ ਸਨਮਾਨ ਕਰਨ ਦਾ ਐਲਾਨ ਕੀਤਾ ਗਿਆ ਸੀ। ਪਰ ਹੈਰਾਨੀ ਉਦੋਂ ਹੋਈ ਜਦੋਂ ਅਗਲੇ ਦੋ ਦਿਨ ਬਾਅਦ ਹੀ ਇਹ ਐਲਾਨ ਵਾਪਸ ਲੈ ਲਿਆ ਗਿਆ। ਲੋਕਾਂ ਨੂੰ ਇਸ ਗੱਲ ਦਾ ਗਿਆਨ ਉਦੋਂ ਹੋਇਆ ਜਦੋਂ ਫੂਲਕਾ ਨੇ ਐਸਜੀਪੀਸੀ ਨੂੰ ਸਿਆਸੀ ਗਲਬੇ ਤੋਂ ਮੁਕਤ ਕਰਾਉਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਫੂਲਕਾ ਨੇ ਸ਼ਰੇਆਮ ਕਿਹਾ ਕਿ ਸ਼੍ਰੋਮਣੀ ਕਮੇਟੀ ਬਾਦਲਾਂ ਦੇ ਕਬਜ਼ੇ ਅਧੀਨ ਹੈ ਤੇ ਸਿੱਖਾਂ ਦੀ ਇਸ ਸਿਰਮੌਰ ਜਥੇਬੰਦੀ ਅੰਦਰ ਆਏ ਨਿਘਾਰ ਦਾ ਵੀ ਇਹੋ ਕਾਰਨ ਹੈ।

ਫੂਲਕਾ ਦੇ ਇਸ ਬਿਆਨ ਤੋਂ ਬਾਅਦ ਜਦੋਂ ਐਸਜੀਪੀਸੀ ਦੇ ਪ੍ਰਧਾਨ ਭਾਈ ਲੌਂਗੋਵਾਲ ਤੋਂ ਪੱਤਰਕਾਰਾਂ ਨੇ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਧਾਨ ਨੇ ਬੜੇ ਤਲਖ ਅੰਦਾਜ਼ ਵਿੱਚ ਕਿਹਾ ਸੀ  ਕਿ ਫੂਲਕਾ ਬਾਰੇ ਕੀ ਗੱਲ ਕਰੀਏ ਉਹ ਤਾਂ ਇੱਕ ਬੌਖਲਾਇਆ ਹੋਇਆ ਬੰਦਾ ਹੈ। ਸ਼ਾਇਦ ਇਹੋ ਕਾਰਨ ਹੈ ਕਿ ਹੁਣ ਜਦੋਂ ਐਸਜੀਪੀਸੀ ਨੇ 84 ਸਿੱਖ ਕਤਲੇਆਮ ਕੇਸ ਦੇ ਗਵਾਹਾਂ ਦਾ ਸਨਮਾਨ ਕਰਨ ਵਾਲਾ ਫੈਂਸਲਾ ਮੁੜ ਲਿਆ ਹੈ ਤਾਂ ਉਨ੍ਹਾਂ ਨੇ ਫੂਲਕਾ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ। ਇਸ ਸਬੰਧੀ ਮੁੜ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਭਾਈ ਲੌਗੋਵਾਲ ਨੇ ਟਾਲ ਮਟੋਲ ਕਰਦਿਆਂ ਕਿਹਾ ਕਿ ਉਹ ਵਕੀਲਾਂ ਦਾ ਸਨਮਾਨ ਵਿਸ਼ੇਸ਼ ਤੌਰ ‘ਤੇ ਕਰਨਗੇ। ਪਰ ਕਦੋਂ? ਇਸ ਬਾਰੇ ਕੁਝ ਪਤਾ ਨਹੀਂ ਹੈ।

- Advertisement -

ਇੱਧਰ ਸੁਖਬੀਰ ਬਾਦਲ ਨੇ ਐਸਜੀਪੀਸੀ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਤੇ ਨਾਲ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਸਖਤ ਮਿਹਨਤ ਕੀਤੀ ਹੈ ਉਨ੍ਹਾਂ ਦਾ ਸਨਮਾਨ ਹੋਣਾ ਹੀ ਚਾਹੀਦਾ ਹੈ। ਇੱਥੇ ਬੋਲਦਿਆਂ ਸੁਖਬੀਰ ਨੇ ਇਹ ਵੀ ਕਿਹਾ ਕਿ ਇਸੇ ਸਮਾਗਮ ‘ਚ ਹੀ ਐਸਜੀਪੀਸੀ ਨੂੰ ਵਕੀਲਾਂ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ। ਅਕਾਲੀ ਦਲ ਦੇ ਪ੍ਰਧਾਨ ਅਨੁਸਾਰ ਇਸ ਮਾਮਲੇ ‘ਚ ਕੁਝ ਅਜਿਹੇ ਲੋਕ ਵੀ ਹਨ ਜੋ ਅਜੇ ਤੱਕ ਪਰਦੇ ਪਿੱਛੇ ਹਨ, ਤੇ ਉਨ੍ਹਾਂ ਦਾ ਵੀ ਸਨਮਾਨ ਹੋਣਾ ਚਾਹੀਦਾ ਹੈ।

ਇਹ ਤਾਂ ਸੀ ਉਹ ਬਿਆਨ ਜੋ ਸ਼ਰੇਆਮ ਮੀਡੀਆ ਵਿੱਚ ਦਿੱਤੇ ਗਏ ਤੇ ਤੁਹਾਨੂੰ ਸਾਨੂੰ ਇਹ ਸੋਚਣ ਲਈ ਮਜ਼ਬੂਰ ਹੋਣਾ ਪਿਆ ਕਿ ਸ਼੍ਰੋਮਣੀ ਕਮੇਟੀ ‘ਤੋਂ ਸਿਆਸੀ ਗ਼ਲਬਾ ਘਟਦਾ ਜਾ ਰਿਹਾ ਹੈ ਪਰ ਸਿਆਸੀ ਮਾਹਿਰ ਇਸ ‘ਤੇ ਵੱਖਰੀ ਹੀ ਰਾਏ ਰੱਖਦੇ ਹਨ। ਮਾਹਿਰਾਂ ਅਨੁਸਾਰ ਐਸਜੀਪੀਸੀ ਵੀ ਉਹੀ ਹੈ, ਬਾਦਲ ਵੀ ਉਹੀ ਹਨ ਤੇ ਸਿਆਸਤ ਵੀ ਉਹੀ ਹੈ, ਬਦਲੀ ਹੈ ਤਾਂ ਸਿਰਫ ਰਣਨੀਤੀ ਜਿਸ ਤਹਿਤ ਸ਼ਾਇਦ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫੂਲਕਾ ਝੂਠਾ ਪ੍ਰਚਾਰ ਕਰ ਰਹੇ ਹਨ, ਅਸੀਂ ਤਾਂ ਆਪ ਐਸਜੀਪੀਸੀ ਵੱਲੋਂ ਲਏ ਗਏ ਫੈਂਸਲਿਆਂ ਨਾਲ ਸਹਿਮਤ ਨਹੀਂ ਹਾਂ। ਅਜਿਹੇ ਵਿੱਚ ਇਹ ਸਾਰੀ ਕਹਾਣੀ ਸਮਝਣ ਤੋਂ ਬਾਅਦ ਤੁਸੀਂ ਕਿੰਨੇ ਸਮਝਦਾਰ ਹੋਏ ਹੋ ਇਸ ਦਾ ਪਤਾ ਤਾਂ ਆਉਂਦੀਆਂ ਚੋਣਾਂ ਦੌਰਾਨ ਹੀ ਲੱਗ ਸਕੇਗਾ।

Share this Article
Leave a comment