ਮੋਗਾ : ਸ਼੍ਰੋਮਣੀ ਅਕਾਲੀ ਦਲ ਨਾਲ ਬਾਗੀ ਸੁਰਾਂ ਅਖਤਿਆਰ ਕਰਨ ਤੋਂ ਬਾਅਦ ਦੀਂਡਸਾ ਪਿਓ ਪੁੱਤਰ ਦਾ ਅਕਾਲੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅੱਜ ਅਕਾਲੀ ਦਲ ਦੇ ਆਗੂਆਂ ਅਤੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਬਰਾੜ ਮੱਖਣ ਵੱਲੋਂ ਸੁਖਦੇਵ ਸਿੰਘ ਢੀਂਡਸਾ ਵਿਰੁੱਧ ਸਖਤ ਬਿਆਨਬਾਜ਼ੀ ਕੀਤੀ ਹੈ।
ਦੱਸ ਦਈਏ ਕਿ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਡਗਰੂ ‘ਚ ਗੁਰਦੁਆਰਾ ਤੰਬੂ ਮਾਲ ਵਿਖੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਇੱਕ ਵਿਸ਼ਾਲ ਇਕੱਠ ਰੱਖਿਆ ਗਿਆ ਸੀ ਜਿਸ ਚ ਉਨ੍ਹਾਂ ਨੇ ਅਕਾਲੀ ਦਲ ਨੂੰ ਰਗੜੇ ਲਾਏ ਸਨ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵੱਲੋਂ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਗਿਆ ਹੈ ਕਿ ਢੀਂਡਸਾ ਕਾਂਗਰਸ ਦੇ ਇਸ਼ਾਰੇ ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅਫਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਇੱਕ ਹਫ਼ਤੇ ਤੋਂ ਹਲਕੇ ਅੰਦਰ ਸੁਨੇਹੇ ਲਾਏ ਜਾ ਰਹੇ ਸਨ ਕਿ ਮੋਗੇ ਵਿੱਚ ਢੀਂਡਸੇ ਵੱਲੋਂ ਵੱਡਾ ਇਕੱਠ ਕੀਤਾ ਜਾਵੇਗਾ ਪਰ 25 – 30 ਗੱਡੀਆਂ ਸੰਗਰੂਰ ਤੋਂ ਲਿਆਉਣ ਦੇ ਬਾਵਜੂਦ ਵੀ 200 – 250 ਤੱਕ ਦਾ ਮਸਾਂ ਹੀ ਇਕੱਠ ਹੋਇਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨਹੀਂ ਗਏ ਸਗੋਂ ਕਾਂਗਰਸ ਦੇ ਆਗੂਆਂ ਨੇ ਹੀ ਆਪਣੇ ਵਰਕਰਾਂ ਨੂੰ ਭੇਜਿਆ ਤਾਂ ਕਿ ਨਾਲੇ ਉਨ੍ਹਾਂ ਦੀਆਂ ਗੱਲਾਂ ਦਾ ਪਤਾ ਲੱਗ ਸਕੇ ਨਾਲੇ ਢੀਂਡਸਾ ਸਾਹਿਬ ਨੂੰ ਹੌਸਲਾ ਮਿਲ ਸਕੇ ਤਾਂ ਜੋ ਅੱਗੇ ਉਹ ਹੋਰ ਵੀ ਅਕਾਲੀ ਦਲ ਨੂੰ ਤਾਰ ਤਾਰ ਕਰ ਸਕਣ।