ਲੁਧਿਆਣਾ : ਪੰਜਾਬ ਦੇ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋ਼ਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਇਸ ਵਿਭਾਗ ਵਿੱਚ ਹੁਣ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਭਾਵੇਂ ਕਿ ਇਹ ਹਲਚਲ ਲੁਧਿਆਣਾ ਦੇ ਬੁੱਢਾ ਨਾਲਾ ਵਿਚਲੇ ਫੈਲੇ ਪ੍ਰਦੂਸ਼ਣ ਕਾਰਨ ਲੁਧਿਆਣਾ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ‘ਤੇ ਪਰਚਾ ਦਰਜ ਹੋਣ ਤੋਂ ਬਾਅਦ ਪੈਦਾ ਹੋਈ ਹੈ, ਪਰ ਇਸ ਦੇ ਬਾਵਜੂਦ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਸਿੱਧੂ ਰਹੇ ਉਦੋਂ ਤੱਕ ਸਭ ਠੀਕ ਠਾਕ ਰਿਹਾ, ਪਰ ਸਿੱਧੂ ਦੇ ਜਾਂਦਿਆਂ ਹੀ ਉਨ੍ਹਾਂ ਦੇ ਪੁਰਾਣੇ ਮਹਿਕਮੇਂ ਦੇ ਅਧਿਕਾਰੀਆਂ ਅਤੇ ਲੋਕਾਂ ‘ਤੇ ਕਾਰਵਾਈ ਹੋਣਾਂ ਆਪਣੇ ਆਪ ‘ਤੇ ਵੱਡੇ ਸਵਾਲ ਖੜ੍ਹੇ ਕਰ ਰਹੀ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੱਡੀ ਕਾਰਵਾਈ ਕਰਦਿਆਂ ਲੁਧਿਆਣਾ ਦੇ ਬੁੱਢਾ ਨਾਲਾ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਆਰੰਭੀ ਗਈ। ਜਿਸ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਕਾਰਵਾਈ ਕਰਦਿਆਂ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ ਅਤੇ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ ਸਮੇਤ 8 ਹੋਰ ਲੋਕਾਂ ‘ਤੇ ਅਪਰਾਧਕ ਮਾਮਲਾ ਦਰਜ ਕੀਤਾ ਸੀ ਅਤੇ ਨਿਗਮ ਦੇ ਇਨ੍ਹਾਂ ਲੋਕਾਂ ਨੂੰ ਇਸ ਕਾਰਵਾਈ ਤੋਂ ਬਾਅਦ ਸਥਾਨਕ ਅਦਾਲਤ ਵਿੱਚੋਂ ਜ਼ਮਾਨਤਾਂ ਲੈਣੀਆਂ ਪਈਆਂ ਸਨ।
ਦਰਅਸਲ ਲੁਧਿਆਣਾ ਦੇ ਬੁੱਢਾ ਨਾਲਾ ਦੀ ਵੱਡੀ ਸਮੱਸਿਆ ਹੈ ਇਸ ਦਾ ਪ੍ਰਦੂਸ਼ਿਤ ਹੋਣਾ। ਜਿਸ ਨੂੰ ਲੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਵੱਲੋਂ ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਖ਼ਤੀ ਵਰਤੀ ਜਾ ਰਹੀ ਹੈ। ਇਸੇ ਸਖਤੀ ਕਾਰਨ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਗਰ ਨਿਗਮ ਦੇ ਇਨ੍ਹਾਂ ਲੋਕਾਂ ਤੇ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਅਫਸਰਾਂ ਨੇ ਭਾਵੇਂ ਜ਼ਮਾਨਤ ਤਾਂ ਲੈ ਲਈ ਹੈ ਪਰ ਫਿਰ ਵੀ ਉਹ ਮੀਡੀਆ ਤੋਂ ਬਚਦੇ ਵਿਖਾਈ ਦਿੱਤੇ। ਜ਼ਮਾਨਤ ਦੀ ਪੁਸ਼ਟੀ ਨਗਰ ਨਿਗਮ ਦੇ ਵਕੀਲ ਗੁਰਕਿਰਪਾਲ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੇਅਰ ਅਤੇ ਕਮਿਸ਼ਨਰ ਸਣੇ 6 ਅਫ਼ਸਰਾਂ ਵੱਲੋਂ ਜ਼ਮਾਨਤ ਲਈ ਗਈ ਹੈ, ਜਿਨ੍ਹਾਂ ਦੇ ਮਾਮਲੇ ਦੀ ਅਗਲੀ ਸੁਣਵਾਈ 5 ਅਕਤੂਬਰ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਬੀਤੀ ਇੱਕ ਮਈ ਨੂੰ ਐਨਜੀਟੀ ਦੀ ਇੱਕ ਟੀਮ ਵੱਲੋਂ ਲੁਧਿਆਣਾ ਦੇ ਜਮਾਲਪੁਰ ਵਿਖੇ ਲੱਗੇ ਐਸਟੀਪੀ ਦਾ ਦੌਰਾ ਕੀਤਾ ਗਿਆ ਸੀ। ਜਿਸ ਦੀ ਪ੍ਰਧਾਨਗੀ ਐਨਜੀਟੀ ਵੱਲੋਂ ਚੁਣੇ ਜਸਟਿਸ ਪ੍ਰੀਤਮਪਾਲ ਸਿੰਘ ਨੇ ਖੁਦ ਕੀਤੀ ਸੀ ਅਤੇ ਦੌਰੇ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਐਸ ਟੀ ਪੀ ਪਲਾਂਟ ਬੰਦ ਹੈ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਦਾ ਸਾਰਾ ਠੀਕਰਾ ਨਗਰ ਨਿਗਮ ਤੇ ਪਾਉਂਦਿਆਂ ਮੇਅਰ ਕਮਿਸ਼ਨਰ ਅਤੇ ਚਾਰ ਹੋਰਨਾਂ ਖਿਲਾਫ ਪਰਚਾ ਦਰਜ ਕਰਵਾ ਦਿੱਤਾ ਸੀ।