Home / ਸਿਆਸਤ / ਸਿੱਧੂ ਦਾ ਇਹ ਭਾਸ਼ਣ ਇੱਕ ਪਾਸੇ, ਸਾਰਾ ਚੋਣ ਪ੍ਰਚਾਰ ਦੂਜੇ ਪਾਸੇ, ਜਿਹਨੇ ਆਹ ਨੀ ਸੁਣਿਆ, ਸਮਝੋ ਕੁਝ ਨਹੀਂ ਸੁਣਿਆ!

ਸਿੱਧੂ ਦਾ ਇਹ ਭਾਸ਼ਣ ਇੱਕ ਪਾਸੇ, ਸਾਰਾ ਚੋਣ ਪ੍ਰਚਾਰ ਦੂਜੇ ਪਾਸੇ, ਜਿਹਨੇ ਆਹ ਨੀ ਸੁਣਿਆ, ਸਮਝੋ ਕੁਝ ਨਹੀਂ ਸੁਣਿਆ!

 ਗੱਲਾਂ ਗੱਲਾਂ ‘ਚ ਕਹਿ ਗਿਆ ਗੁਰੂ ਦੇ ਦੋਖੀਆਂ ਨੂੰ ਸਜਾਵਾਂ ਦਿਓ ਨਹੀਂ ਛੱਡਾਂਗਾ ਮੰਤਰੀ ਵਾਲਾ ਆਹੁਦਾ ਲੰਬੀ : ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ ਨਵਜੋਤ ਸਿੰਘ ਸਿੱਧੂ ਅੱਜ ਇੱਕ ਨਵੇਂ ਹੀ ਰੰਗ ਵਿੱਚ ਦਿਖੇ। ਸਿੱਧੂ ਵੱਲੋਂ ਇੱਥੇ ਰਾਜਾ ਵੜਿੰਗ ਦੇ ਹੱਕ ਵਿੱਚ ਕੀਤੇ ਗਏ ਇੱਕ ਚੋਣ ਜਲਸੇ ਦੌਰਾਨ ਦਿੱਤੇ ਭਾਸ਼ਣ ਵਿੱਚ ਕੀ ਆਪਣੇ ਤੇ ਕੀ ਬੇਗਾਨੇ ਸਭ ਨੂੰ ਆਪਣੇ ਸ਼ਬਦੀ ਧੋਬੀ ਪਟਕਿਆਂ ਰਾਹੀਂ ਧੋਹ ਕੇ ਰੱਖ ਦਿੱਤਾ ਗਿਆ। ਸਾਹੋ ਸਾਹ ਹੋ ਕੇ ਦਿੱਤੇ ਇਸ ਭਾਸ਼ਣ ਵਿੱਚ ਨਵਜੋਤ ਸਿੰਘ ਸਿੱਧੂ ਜਿੱਥੇ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਵਿੱਚ ਬਾਦਲਾਂ ਦੇ ਰੋਲ ‘ਤੇ ਵੱਡੇ ਸਵਾਲ ਖੜ੍ਹੇ ਕਰ ਗਏ, ਉੱਥੇ ਦੂਜੇ ਪਾਸੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਹੀਂ ਬਖ਼ਸ਼ਿਆ। ਉਨ੍ਹਾਂ ਇੱਥੋਂ ਤੱਕ ਐਲਾਨ ਕਰ ਦਿੱਤਾ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਕੈਪਟਨ ਸਰਕਾਰ ਨੇ ਸਜਾਵਾਂ ਨਾ ਦਵਾਈਆਂ ਤਾਂ ਜਿਸ ਗੁਰੂ ਪਿੱਛੇ ਪਹਿਲਾਂ ਉਨ੍ਹਾਂ ਨੇ ਰਾਜ ਸਭਾ ਦੀ ਮੈਂਬਰੀ ਛੱਡੀ ਸੀ, ਉਸ ਗੁਰੂ ਪਿੱਛੇ ਹੁਣ ਉਹ ਆਪਣੀ ਵਜ਼ੀਰੀ ਵੀ ਛੱਡ ਦੇਣਗੇ, ਤੇ ਖੜ੍ਹੇ ਹੋ ਜਾਣਗੇ ਲੋਕਾਂ ਨਾਲ, ਸਰਕਾਰ ਦੀਆਂ ਡਾਂਗਾ ਖਾਣ ਲਈ। ਇਸ ਗੱਲ ਦੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਪੈ ਜਾਣ, ਤੇ ਜਿਹੜੇ ਉਨ੍ਹਾਂ ਦੇ ਨਾਲ ਰਲੇ ਹੋਏ ਹਨ, ਉਨ੍ਹਾਂ ਨੂੰ ਵੀ ਪੈ ਜਾਣ, ਕਿਉਂਕਿ ਇਹ ਲੜਾਈ ਇਮਾਨ ਤੇ ਹਰਾਮ ਦੀ ਹੈ। ਇੱਥੇ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਸਵਾਲ ਕੀਤਾ, ਕਿ ਲੋਕ ਇਹ ਦੱਸਣ, ਕਿ ਜਸਟਿਸ ਰਣਜੀਤ ਸਿੰਘ ਉੱਚਾ ਸੀ, ਜਸਟਿਸ ਜੋਰਾ ਸਿੰਘ ਉੱਚਾ ਸੀ ਜਾਂ ਮੌਜੂਦਾ ਐਸਆਈਟੀ ਵਾਲੇ ਉੱਚੇ ਹਨ? ਉਨ੍ਹਾਂ ਕਿਹਾ ਕਿ ਜੇਕਰ ਜੱਜ ਉੱਚੇ ਸਨ ਤਾਂ ਫਿਰ ਉਨ੍ਹਾਂ ਦੀ ਜਾਂਚ ਤੋਂ ਬਾਅਦ ਐਫਆਈਆਰ ਕਿਉਂ ਨਹੀਂ ਦਰਜ਼ ਹੋਈ? ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀਆਂ ਨੇ ਇੱਕ ਇੱਕ ਪੁਲਿਸ ਇੰਸਪੈਕਟਰ ਨੂੰ ਪੁੱਛਿਆ ਕਿ ਗੁਰੂ ਦਾ ਨਾਮ ਜਪਦੇ ਸਿੱਖਾਂ ‘ਤੇ ਗੋਲੀ ਕਿਸ ਨੇ ਚਲਾਈ? ਤਾਂ ਉਸ ਨੇ ਕਿਹਾ ਕਿ ਹੁਕਮ ਉੱਤੋਂ ਆਇਆ ਸੀ। ਉਸ ਤੋਂ ਬਾਅਦ ਆਈ ਜੀ ਤੱਕ ਦੇ ਜਿੰਨੇ ਵੀ ਵੱਡੇ ਪੁਲਿਸ ਅਧਿਕਾਰੀਆਂ ਨੂੰ ਫੜ ਕੇ ਪੁੱਛਿਆ ਗਿਆ ਕਿ ਗੋਲੀ ਕਿਸ ਦੇ ਕਹਿਣ ‘ਤੇ ਚਲਾਈ? ਤਾਂ ਉਨ੍ਹਾਂ ਕਿਹਾ ਕਿ ਹੁਕਮ ਉਸ ਤੋਂ ਉੱਪਰੋਂ ਆਇਆ ਸੀ। ਇੱਥੇ ਨਵਜੋਤ ਸਿੰਘ ਸਿੱਧੂ ਨੇ ਥੱਲੇ ਬੈਠਕ ਕੱਢਣ ਵਾਲੇ ਅੰਦਾਜ ਵਿੱਚ ਕਿਹਾ ਕਿ ਫਿਰ ਉੱਤੇ ਤਾਂ ਬਾਦਲ ਹੀ ਸਨ। ਉਨ੍ਹਾਂ ਲੋਕਾਂ ਨੂੰ ਫਿਰ ਕਿਹਾ ਕਿ ਪੁੱਛੋ ਇਨ੍ਹਾਂ ਹਾਲਾਤਾਂ ਵਿੱਚ ਐਫਆਈਆਰ ਦਰਜ਼ ਕਿਉਂ ਨਹੀਂ ਹੋਈ? ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਅਸੀਂ ਕਿਸੇ ਕੋਲੋਂ ਇਨਸਾਫ ਲੈਣ ਲਈ ਝੋਲੀ ਅੱਡ ਕੇ ਕਿਸੇ ਕੋਲੋਂ ਕੁਝ ਮੰਗਣਾ ਨਹੀਂ, ਹੁਣ ਅਸੀਂ ਕਹਿਣਾ ਹੈ ਕਿ “ਸਾਡਾ ਹੱਕ ਐਥੇ ਰੱਖ।” ਇੱਥੇ ਉਨ੍ਹਾਂ ਆਪਣੇ ਹੀ ਅੰਦਾਜ ਵਿੱਚ ਕਿਹਾ ,”ਨਹੀਂ ਤਾਂ ਉਸ ਤੋਂ ਬਾਅਦ ਫਿਰ ਮੈਂ ਆਪਣੀ ਵਜ਼ਾਰਤ ਤੋਂ ਅਸਤੀਫਾ ਦੇ ਦਿਆਂਗਾ, ਜਿਵੇਂ ਰਾਜ ਸਭਾ ਗਈ ਸੀ, ਉਵੇਂ ਵਜ਼ੀਰੀ ਵੀ ਭੁਆਂ ਕੇ ਮਾਰੂ ਤੇ ਤੁਹਾਡੇ ਨਾਲ ਡਾਂਗਾਂ ਭਾਵੇਂ ਖਾ ਲਊਂ, ਪਰ ਗੁਰੂ ਦਾ ਦੋਖੀ ਨਹੀਂ ਅਖਵਾਵਾਂਗਾ।” ਨਵਜੋਤ ਸਿੰਘ ਨੇ ਬਿਨਾਂ ਕਿਸੇ ਦਾ ਨਾਮ ਲਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਗਹਿਣੇ ਪਾ ਦਿੱਤਾ ਹੈ। ਬਾਬੇ ਨਾਨਕ ਦੀ ਤੱਕੜੀ ਨੇ ਤੇਰਾ ਤੇਰਾ ਤੋਲਿਆ ਸੀ ਤੇ ਇਨ੍ਹਾਂ ਦੀ ਤੱਕੜੀ ਨੇ ਮੇਰਾ-ਮੇਰਾ ਤੋਲਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਉਨ੍ਹਾਂ ਫਿਰ ਆਪਣੇ ਹੀ ਅੰਦਾਜ ਵਿੱਚ ਤਾੜੀਆਂ ਮਾਰ ਮਾਰ ਕਿਹਾ ਕਿ, “ਇਨ੍ਹਾਂ ਲੋਕਾਂ ਦਾ ਇਹ ਕੰਮ ਹੈ ਕਿ ਠੇਕੇ ਮੇਰੇ, ਢਾਬੇ ਮੇਰੇ, ਰੇਤਾ ਮੇਰਾ, ਤੇ ਬਾਕੀ ਜੋ ਬਚਿਆ ਉਹ ਤੇਰਾ।”ਉਨ੍ਹਾਂ ਕਿਹਾ ਕਿ ,”ਕੌਣ ਕਹਿੰਦੈ ਇਹ ਹਾਰਦੇ ਨਹੀਂ, ਮੋਮ ਦੇ ਪੁਤਲੇ ਹਨ, ਤੀਲੀ ਦਿਖਾਓ ਨਾਲ ਹੀ ਪਿਗਲ ਜਾਣਗੇ, ਇਨ੍ਹਾਂ ਨੂੰ ਫੂਕ ਤੁਸੀਂ ਭਰੀ ਹੈ, ਜਿਵੇਂ ਗੈਸੀ ਗੁਬਾਰੇ ਨੂੰ ਪਿੰਨ ਮਾਰੀਦੈ ਤੇ ਫੂਕ ਨਿੱਕਲ ਜਾਂਦੀ ਹੈ, ਇਹ ਪਿੰਨ ਵੀ ਤੁਸੀਂ ਮਾਰਨੀ ਹੈ। ਸਿੱਧੂ ਨੇ ਕਿਹਾ ਕਿ ਹੁਣ ਤੱਕ ਬਹੁਤ ਮੰਗ ਲਿਆ, ਬਹੁਤ ਝੁਕ ਲਿਆ, ਵਿਧਾਨ ਸਭਾ ਸਾਰੀ ਖੜ੍ਹੀ ਹੋ ਗਈ, ਪਰ ਕਿਸੇ ਨੇ ਨਹੀਂ ਸੁਣੀ। ਉਨ੍ਹਾਂ ਲੋਕਾਂ ਨੂੰ ਸਵਾਲ ਕੀਤੀ ਕਿ ਐਫ ਆਈ ਆਰ ਦਰਜ ਹੋਣੀ ਚਾਹੀਦੀ ਸੀ ਜਾਂ ਨਹੀਂ ਹੋਣੀ ਚਾਹੀਦੀ ਸੀ। ਸਿੱਧੂ ਨੇ ਤਰਕ ਦਿੱਤਾ ਕਿ ਕਨੂੰਨ ਕਹਿੰਦਾ ਹੈ ਕਿ ਪਹਿਲਾਂ ਐਫ ਆਈਆਰ ਦਰਜ ਕਰੋ, ਫਿਰ ਕੋਈ ਜਿੰਮੇਵਾਰ ਹੈ ਜਾਂ ਨਹੀਂ ਇਹ ਬਾਅਦ ਵਿੱਚ ਦੇਖਾਂਗੇ। ਇਨ੍ਹਾਂ ਹਾਲਾਤਾਂ ਵਿੱਚ ਫਿਰ ਵੀ ਐਫਆਈਆਰ ਦਰਜ ਨਹੀਂ ਹੋਈ। ਨਵਜੋਤ ਸਿੰਘ ਸਿੱਧੂ ਨੇ ਹਲਕਾ ਬਠਿੰਡਾ ਦੇ ਲੋਕਾਂ ਅੱਗੇ ਐਲਾਨ ਕੀਤਾ ਕਿ ਅੱਜ ਗੁਰੂ ਵੱਲ ਖੜ੍ਹਾ ਹੈ ਸਿੱਧੂ, ਮੰਗ ਲਓ ਜੋ ਮੰਗਣਾ ਹੈ, ਗੁਰੂ ਪਿੱਛੇ ਪਹਿਲਾਂ ਵੀ ਰਾਜ ਸਭਾ ਛੱਡੀ ਹੈ, ਵਜ਼ਾਰਤਾ ਛੱਡੀਆਂ ਹਨ, ਹੁਣ ਵੀ ਸਭ ਕੁਝ ਛੱਡਣ ਨੂੰ ਤਿਆਰ ਹਾਂ। ਉਨ੍ਹਾਂ ਕੈਪਟਨ ਦਾ ਨਾਂ ਲਏ ਬਿਨਾਂ ਕਿਹਾ ਕਿ ਇਹ ਤਾਂ ਕਹਿੰਦੇ ਹਨ, ਕਿ ਜੇਕਰ ਪੰਜਾਬ ਵਿੱਚ ਪਾਰਟੀ ਦੀਆਂ ਸੀਟਾਂ ਨਾ ਆਈਆਂ ਤਾਂ ਅਸੀਂ ਆਪਣਾ ਆਹੁਦਾ ਛੱਡਾਂਗੇ, ਮੈ ਕਹਿਣਾ ਹਾਂ ਕਿ ਜੇਕਰ ਮੇਰੇ ਗੁਰੂ ਦਾ ਸਨਮਾਨ ਬਹਾਲ ਨਾ ਹੋਇਆ ਤਾਂ ਮੈਂ ਪਹਿਲਾਂ ਵੀ ਛੱਡਿਆ ਹੈ, ਤੇ ਹੁਣ ਵੀ (ਵਜ਼ਾਰਤ) ਛੱਡਾਂਗਾ। ਅੰਤ ਵਿੱਚ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਇਹ ਭਾਸ਼ਣ ਲੋਕ ਸਭਾ ਚੋਣਾਂ ਦੇ ਸਾਰੇ ਪ੍ਰਚਾਰ ਨੂੰ ਮਾਤ ਕਰ ਗਿਆ। ਗੁਰੂ ਦਾ ਸਿੱਖ ਜਾਂ ਪੰਜਾਬ ਦੀ ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲਾ ਕੋਈ ਵੀ ਬੰਦਾ ਜੇਕਰ ਇੱਕ ਵਾਰ ਭਾਸ਼ਣ ਨੂੰ ਦੇਖਣ, ਸੁਣਨ ਲੱਗ ਪਿਆ, ਤਾਂ ਫਿਰ ਉਹ ਅਖੀਰ ਤੱਕ ਵੇਖਦਾ ਅਤੇ ਸੁਣਦਾ ਚਲਾ ਜਾਂਦਾ ਹੈ। ਉਹ ਗੱਲ ਵੱਖਰੀ ਹੈ ਕਿ ਸਿੱਧੂ ਦੇ ਵਿਰੋਧੀਆਂ ਨੂੰ ਉਸ ਦੀਆਂ ਗੱਲਾਂ ਬੁਰੀਆਂ ਲੱਗਣਗੀਆਂ ਤੇ ਹਿਤਾਇਸ਼ੀਆਂ ਨੂੰ ਚੰਗੀਆਂ। ਹੁਣ ਵੇਖਣਾ ਇਹ ਹੋਵੇਗਾ ਕਿ ਕਿੰਨੇ ਪ੍ਰਤੀਸ਼ਤ ਲੋਕਾਂ ਨੂੰ ਸਿੱਧੂ ਦੀਆਂ ਇਹ ਗੱਲਾਂ ਚੰਗੀਆਂ ਲੱਗੀਆਂ ਹਨ ਤੇ ਕਿੰਨੇ ਪ੍ਰਤੀਸ਼ਤ ਨੂੰ ਬੁਰੀਆਂ। ਜਿਸ ਦਾ ਪਤਾ ਲਗਾਉਣ ਲਈ ਸਾਨੂੰ 23 ਮਈ ਤੱਕ ਵੋਟਾਂ ਦੇ ਨਤੀਜੇ ਆਉਣ ਤੱਕ ਸਬਰ ਕਰਨਾ ਪਏਗਾ। ਸਾਨੂੰ ਯਕੀਨ ਹੈ,ਕਿ ਇੰਨਾ ਕੁ ਸਬਰ ਤਾਂ ਤੁਹਾਡੇ ਵਿੱਚ ਜਰੂਰ ਹੋਵੇਗਾ, ਜੇ ਨਾ ਵੀ ਹੋਇਆ ਤਾਂ ਵੀ ਆਪਾਂ ਕਰ ਤਾਂ ਕੁਝ ਵੀ ਨਹੀਂ ਸਕਦੇ।

Check Also

ਸੂਬਾ ਸਰਕਾਰ ਨੇ ਪਸ਼ੂਆਂ ਦੇ ਮਸਨੂਈ ਗਰਭਦਾਨ ਦੀ ਫੀਸ ਚਾਰ ਗੁਣਾ ਘਟਾਈ, ਡੇਅਰੀ ਫਾਰਮਿੰਗ ਨੂੰ ਪ੍ਰਫੁਲਤ ਕਰਨ ਹਿੱਤ ਚੁੱਕਿਆ ਕਦਮ – ਤ੍ਰਿਪਤ ਬਾਜਵਾ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸੂਬੇ ਦੇ ਪਸ਼ੂ ਪਾਲਕਾਂ ਦੀ ਆਮਦਨ ਵਧਾਉਣ, ਪਸ਼ੂਆਂ ਦੀ ਨਸਲ …

Leave a Reply

Your email address will not be published. Required fields are marked *