Home / ਓਪੀਨੀਅਨ / ਸਿੱਖ ਲਾਇਬ੍ਰੇਰੀ ‘ਚੋਂ ਗਾਇਬ ਹੱਥ ਲਿਖਤਾਂ ਬਾਰੇ ਅਵਤਾਰ ਸਿੰਘ ਮੱਕੜ ਦਾ ਵੱਡਾ ਖੁਲਾਸਾ, ਕਿਹਾ ਜਾਂਚ ਬਾਹਰਲੀਆਂ ਏਜੰਸੀਆਂ ਤੋਂ ਕਰਵਾਓ, ਸੱਚ ਸਾਹਮਣੇ ਆ ਜਾਵੇਗਾ, ਦੇਖੋ ਵੀਡੀਓ

ਸਿੱਖ ਲਾਇਬ੍ਰੇਰੀ ‘ਚੋਂ ਗਾਇਬ ਹੱਥ ਲਿਖਤਾਂ ਬਾਰੇ ਅਵਤਾਰ ਸਿੰਘ ਮੱਕੜ ਦਾ ਵੱਡਾ ਖੁਲਾਸਾ, ਕਿਹਾ ਜਾਂਚ ਬਾਹਰਲੀਆਂ ਏਜੰਸੀਆਂ ਤੋਂ ਕਰਵਾਓ, ਸੱਚ ਸਾਹਮਣੇ ਆ ਜਾਵੇਗਾ, ਦੇਖੋ ਵੀਡੀਓ

ਲੁਧਿਆਣਾ : ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਸਾਲ 1984 ‘ਚ ਵਾਪਰੇ ਸਾਕਾ ਨਾਲਾ ਤਾਰਾ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਦਰੋਂ ਗੁਰੂ ਸਾਹਿਬ ਨਾਲ ਸਬੰਧਤ ਗਾਇਬ ਹੋਈਆਂ ਹੱਥ ਲਿਖਤਾਂ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 11 ਸਾਲ ਤੋਂ ਵੱਧ ਸਮਾਂ ਪ੍ਰਧਾਨ ਰਹੇ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਇਹ ਕਹਿ ਕੇ ਵੱਡਾ ਧਮਾਕਾ ਕਰ ਦਿੱਤਾ ਹੈ, ਕਿ ਜਿਸ ਵੇਲੇ ਤੱਕ ਉਹ ਐਸਜੀਪੀਸੀ ਦੇ ਪ੍ਰਧਾਨ ਰਹੇ ਸਨ, ਉਦੋਂ ਤੱਕ ਸ਼੍ਰੋਮਣੀ ਕਮੇਟੀ ਇਸ ਗੱਲ ਤੋਂ ਅਣਜਾਣ ਸੀ ਕਿ ਫੌਜ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਲਿਜਾਇਆ ਗਿਆ ਕੋਈ ਸਮਾਨ ਵਾਪਸ ਵੀ ਕੀਤਾ ਗਿਆ ਸੀ। ਮੱਕੜ ਅਨੁਸਾਰ ਇਹ ਖੁਲਾਸਾ ਡਾ. ਅਨੁਰਾਗ ਸਿੰਘ ਨੇ ਪੂਰੀ ਤਰ੍ਰਾਂ ਘੋਖ ਕਰਕੇ ਹੁਣ ਕੀਤਾ ਹੈ ਕਿ ਲਾਇਬ੍ਰੇਰੀ ‘ਚੋਂ ਚੁੱਕ ਕੇ ਲਿਜਾਈਆਂ ਗਈਆਂ ਹੱਥ ਲਿਖਤਾਂ ਅਤੇ ਕੁਝ ਸਮਾਨ ਫੌਜ ਵੱਲੋਂ ਵਾਪਸ ਵੀ ਕੀਤਾ ਗਿਆ ਸੀ। ਲਿਹਾਜਾ ਇਸ ਮਾਮਲੇ ਦੀ ਜਾਂਚ ਐਸਜੀਪੀਸੀ ਵੱਲੋਂ ਕਰਵਾਏ ਜਾਣ ਦੀ ਬਜਾਏ ਬਾਹਰਲੀਆਂ ਏਜੰਸੀਆਂ ਤੋਂ ਕਰਵਾਈ ਜਾਣੀ ਚਾਹੀਦੀ ਹੈ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ। ਇਸ ਸਬੰਧ ਵਿੱਚ ਸਾਡੇ ਪੱਤਰਕਾਰ ਰਜਿੰਦਰ ਅਰੋੜਾ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ, ਉਹ ਜਦੋਂ ਸਾਲ 2005 ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਸਨ, ਤਾਂ ਉਸ ਵੇਲੇ ਇਹ ਗੱਲ ਉਨ੍ਹਾਂ ਦੀ ਜਾਣਕਾਰੀ ਵਿੱਚ ਨਹੀਂ ਸੀ ਕਿ ਫੌਜ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਲ 1984 ਵਿੱਚ ਸਾਕਾ ਨੀਂਲਾ ਤਾਰਾ ਦੌਰਾਨ ਚੁੱਕ ਕੇ ਲਿਜਾਇਆ ਗਿਆ ਕੋਈ ਸਮਾਨ ਵਾਪਸ ਵੀ ਭੇਜਿਆ ਗਿਆ ਸੀ। ਇਸੇ ਲਈ ਉਹ ਭਾਰਤ ਦੀ ਕੇਂਦਰ ਸਰਕਾਰ ਨੂੰ ਨਾ ਸਿਰਫ ਲਗਾਤਾਰ ਉਹ ਸਮਾਨ ਵਾਪਸ ਕਰਨ ਲਈ ਚਿੱਠੀਆਂ ਲਿਖਦੇ ਰਹੇ ਬਲਕਿ ਜਦੋਂ ਕਦੀ ਭਾਰਤੀ ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਜਾਂ ਕੋਈ ਹੋਰ ਕੇਂਦਰੀ ਮੰਤਰੀ ਹਰਿਮੰਦਰ ਸਾਹਿਬ ਆਉਂਦੇ ਸਨ ਤਾਂ ਉਹ ਉਨ੍ਹਾਂ ਤੋਂ ਵੀ ਇਹ ਸਮਾਨ ਵਾਪਸ ਕਰਨ ਦੀ ਮੰਗ ਕਰਦੇ ਰਹੇ। ਉਨ੍ਹਾਂ ਕਿਹਾ ਕਿ ਉਹ ਸਮਾਨ ਤਾਂ ਵਾਪਸ ਨਹੀਂ ਆਇਆ, ਪਰ ਇੱਕ ਦਿਨ ਉਸ ਸਮੇਂ ਦੇ ਭਾਰਤੀ ਰੱਖਿਆ ਮੰਤਰੀ ਜਾਰਜ ਫਰਨੈਂਡਿਸ ਨੇ ਪਾਰਲੀਮੈਂਟ ‘ਚ ਬਿਆਨ ਦਿੱਤਾ ਕਿ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਲਿਆਂਦਾ ਗਿਆ ਸਾਰਾ ਸਮਾਨ ਵਾਪਸ ਮੋੜਿਆ ਜਾ ਚੁਕਿਆ ਹੈ। ਮੱਕੜ ਅਨੁਸਾਰ ਉਸ ਵੇਲੇ ਉਨ੍ਹਾਂ ਨੇ ਰੱਖਿਆ ਮੰਤਰੀ ਦੇ ਇਸ ਬਿਆਨ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਪਾਰਲੀਮੈਂਟ ਦੇ ਪਵਿੱਤਰ ਸਦਨ ਵਿੱਚ ਰੱਖਿਆ ਮੰਤਰੀ ਨੂੰ ਝੂਠ ਨਹੀਂ ਬੋਲਣਾ ਚਾਹੀਦਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫੌਜ ਵੱਲੋਂ ਕੋਈ ਸਮਾਨ ਵਾਪਸ ਨਹੀਂ ਮਿਲਿਆ ਸੀ। ਅਵਤਾਰ ਸਿੰਘ ਮੱਕੜ ਨੇ ਦੱਸਿਆ ਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਸਾਲ 2009 ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਲਈ ਡਾ. ਅਨੁਰਾਗ ਸਿੰਘ ਨੂੰ ਨਿਰਦੇਸ਼ਕ ਨਿਯੁਕਤ ਕਰ ਦਿੱਤਾ, ਤਾਂ ਕਿ ਇਸ ਲਾਇਬ੍ਰੇਰੀ ਨੂੰ ਸੈਟ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਸੇ ਡਾ. ਅਨੁਰਾਗ ਸਿੰਘ ਨੇ ਇਸ ਮਾਮਲੇ ਦੀ ਵੀ ਛਾਣਬੀਣ ਕਰਕੇ ਹੁਣ ਕੋਈ ਨਤੀਜਾ ਕੱਢਿਆ ਹੈ, ਕਿ ਉਸ ਲਾਇਬ੍ਰੇਰੀ ਦੇ ਸਮਾਨ ਵਿੱਚੋਂ ਫੌਜ ਵੱਲੋਂ ਕਾਫੀ ਕੁਝ ਵਾਪਸ ਵੀ ਆਇਆ ਸੀ, ਜਿਹੜਾ ਕਿ ਖੁਰਦ ਬੁਰਦ ਹੋ ਗਿਆ ਹੈ। ਸਾਬਕਾ ਪ੍ਰਧਾਨ ਨੇ ਕਿਹਾ ਕਿ ਇਸੇ ਬਾਰੇ ਲੰਘੀ 13 ਜੂਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਟਿੰਗ ਵੀ ਕੀਤੀ ਹੈ, ਤੇ ਇਸ ਇਕੱਤਰਤਾ ‘ਚ ਸਿੱਖ ਰੈਫਰੈਂਸ ਲਾਇਬ੍ਰੇਰੀ ਵਾਲੇ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਵੀ ਗਿਆ ਹੈ। ਅਵਤਾਰ ਸਿੰਘ ਮੱਕੜ ਨੇ ਇੱਥੇ ਇਤਰਾਜ ਜਾਹਰ ਕਰਦਿਆਂ ਕਿਹਾ ਕਿ ਇੰਨੇ ਗੰਭੀਰ ਮਸਲੇ ‘ਤੇ ਵਿਚਾਰ ਕਰਨ ਲਈ ਬੁਲਾਈ ਗਈ ਮੀਟਿੰਗ ਦੀ ਪ੍ਰਧਾਨਗੀ ਸ਼੍ਰੋਮਣੀ ਕਮੇਟੀ ਦੇ ਇੱਕ ਮੁੱਖ ਸਕੱਤਰ ਵਰਗੇ ਬੰਦੇ ਵੱਲੋਂ ਕਰਨਾ ਤਸੱਲੀਬਖਸ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਐਸਐਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਆਪ ਬੈਠਣਾ ਚਾਹੀਦਾ ਸੀ ਜਦਕਿ ਉਹ ਹਜ਼ੂਰ ਸਾਹਿਬ ਦੀ ਮੀਟਿੰਗ ਵਿੱਚ ਚਲੇ ਗਏ ਜਿਹੜਾ ਕਿ ਇੰਨਾ ਜਰੂਰੀ ਜਾਂ ਮਹੱਤਵਪੂਰਨ ਨਹੀਂ ਸੀ। ਅਵਤਾਰ ਸਿੰਘ ਮੱਕੜ ਨੇ ਤਰਕ ਦਿੱਤਾ ਕਿ ਇਸ ਮਾਮਲੇ ਦੀ ਅੰਦਰੂਨੀ ਪੜਤਾਲ ਤਾਂ ਬਾਅਦ ਵਿੱਚ ਵੀ ਕੀਤੀ ਜਾ ਸਕਦੀ ਹੈ, ਪਰ ਇਸ ਦੀ ਨਿਰਪੱਖ ਜਾਂਚ ਬਾਹਰਲੀਆਂ ਏਜੰਸੀਆਂ ਤੋਂ ਕਰਵਾਈ ਜਾਵੇ, ਤਾਂ ਕਿ ਸਿੱਖ ਸੰਗਤ ਦੇ ਸਾਹਮਣੇ ਸੱਚਾਈ ਨੂੰ ਲਿਆਂਦਾ ਜਾ ਸਕੇ। ਇਹ ਤਾਂ ਸੀ ਅਵਤਾਰ ਸਿੰਘ ਮੱਕੜ ਦਾ ਉਹ ਬਿਆਨ ਜਿਹੜਾ ਕਿ ਉਨ੍ਹਾਂ ਨੇ ਸਾਡੇ ਪੱਤਰਕਾਰ ਨੂੰ ਦਿੱਤਾ ਤੇ ਅਸੀਂ ਹੂ-ਬ-ਹੂ ਤੁਹਾਡੇ ਸਾਹਮਣੇ ਰੱਖ ਦਿੱਤਾ। ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ, ਕੀ ਅਵਤਾਰ ਸਿੰਘ ਮੱਕੜ ਦੀ ਮੰਗ ਵੱਲ ਕੋਈ ਧਿਆਨ ਦੇਵੇਗਾ? ਤੇ ਜੇ ਦੇਵੇਗਾ ਤਾਂ ਕੀ ਉਸ ਮੰਗ ਨੂੰ ਮਨਜ਼ੂਰ ਕਰਕੇ ਅੱਗੇ ਇਹ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਈ ਜਾਵੇਗੀ? ਸਵਾਲ ਵੱਡੇ ਹਨ ਪਰ ਇਨ੍ਹਾਂ ਦਾ ਜਵਾਬ ਅਜੇ ਨੇੜਲੇ ਭਵਿੱਖ ਵਿੱਚ ਕਿਤੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰ੍ਹਾਂ ਕਈ ਸਿੱਖ ਮਸਲਿਆਂ ਨੂੰ ਲੈ ਕੇ ਚਾਰੋਂ ਪਾਸੇ ਸਿੱਖ ਸੰਗਤ ਦੇ ਨਿਸ਼ਾਨੇ ‘ਤੇ ਹੈ, ਉਸ ਨੂੰ ਦੇਖਦਿਆਂ ਇਹ ਸਵਾਲ ਉੱਠਣੇ ਲਾਜ਼ਮੀ ਹਨ ਕਿ, ਕੀ ਐਸਜੀਪੀਸੀ ਹੁਣ ਕੋਈ ਅਜਿਹਾ ਹੋਰ ਖਤਰਾ ਮੁੱਲ ਲਵੇਗੀ ਜਿਸ ਨਾਲ ਇਸ ਮਾਮਲੇ ਵਿੱਚ ਲੱਗ ਰਹੇ ਦੋਸ਼ ਸੱਚ ਸਾਬਤ ਹੋਣ ‘ਤੇ ਇਸ ਸੰਸਥਾ ਨੂੰ ਇੱਕ ਹੋਰ ਬੱਟਾ ਲਗਦਾ ਹੋਵੇ? ਇਹੋ ਜਿਹੇ ਮਸਲਿਆਂ ‘ਤੇ ਸਖਤ ਅਤੇ ਬਾਰੀਕ ਨਿਗ੍ਹਾ ਰੱਖਣ ਵਾਲੇ ਲੋਕਾਂ ਅਨੁਸਾਰ ਐਸਜੀਪੀਸੀ ਅਜਿਹਾ ਖਤਰਾ ਮੁੱਲ ਨਹੀਂ ਲਵੇਗੀ, ਕਿਉਂਕਿ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਅਤੇ ਵਾਪਸ ਲੈਣ ਵਰਗੇ ਗੰਭੀਰ ਸਿੱਖ ਮਸਲਿਆਂ ਵਿੱਚ ਪਹਿਲਾਂ ਹੀ ਘਿਰੀ ਹੋਈ ਸ਼੍ਰੋਮਣੀ ਕਮੇਟੀ ਹੁਣ ਇਹ ਕਦੇ ਵੀ ਨਹੀਂ ਚਾਹੇਗੀ ਕਿ ਅਜਿਹੇ ਇੱਕ ਹੋਰ ਮਸਲੇ ਵਿੱਚ ਘਿਰ ਕੇ ਉਹ ਫਿਰ ਸਿੱਖ ਸੰਗਤ ਦੇ ਨਿਸ਼ਾਨੇ ‘ਤੇ ਆਵੇ। ਮਾਹਰਾਂ ਅਨੁਸਾਰ ਇਸ ਵਾਰ ਐਸਜੀਪੀਸੀ ਦਾ ਸਿੱਖ ਸੰਗਤ ਦੇ ਨਿਸ਼ਾਨੇ ‘ਤੇ ਆਉਣ ਦਾ ਮਤਲਬ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਵੋਟ ਦਾ ਹੋਰ ਨੁਕਸਾਨ ਹੋਣਾ ਹੈ, ਜਿਹੜਾ ਕਿ ਅਕਾਲੀ ਦਲ ਕਦੀ ਵੀ ਨਹੀਂ ਚਾਹੇਗਾ। ਇਸ ਲਈ “ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਹਿ।”

Check Also

ਖੇਤੀਬਾੜੀ ਕਾਨੂੰਨਾਂ ਸਬੰਧੀ ਕੇਂਦਰ ਨੇ ਪੰਜਾਬ ਨਾਲ ਕੋਈ ਗੱਲਬਾਤ ਨਹੀਂ ਕੀਤੀ: ਕੈਪਟਨ ਅਮਰਿੰਦਰ ਸਿੰਘ

ਪਟਿਆਲਾ:- ਗਣਤੰਤਰ ਦਿਵਸ ਮੌਕੇ ਪਟਿਆਲਾ ਵਿੱਚ ਹੋਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਮੁੱਖ ਮੰਤਰੀ …

Leave a Reply

Your email address will not be published. Required fields are marked *