ਸਿਰਸਾ: ਭਾਰਤ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਹਰੇਕ ਦਿਨ ਕਈ ਲੋਕ ਇਸ ਬਿਮਾਰੀ ਦੀ ਲਪੇਟ ‘ਚ ਆ ਰਹੇ ਹਨ। ਜਿਸ ਤੋਂ ਬਾਅਦ ਸਰਕਾਰਾਂ ਵਲੋਂ ਮੁੜ ਤਾਲਾਬੰਦੀ ਕੀਤੀ ਜਾ ਰਹੀ ਹੈ। ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਸਿਰਸਾ ‘ਚ ਸਥਿਤ ਹਸਪਤਾਲ ‘ਚ ਕੋਰੋਨਾ ਦੀ ਸਥਿਤੀ ਅਤੇ ਇਸ ਨਾਲ ਨੱਜਿਠਣ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ।ਜਦੋਂ ਮੁੱਖ ਮੰਤਰੀ ਦੇ ਸਿਰਸਾ ਦੌਰੇ ਦਾ ਖੇਤਰ ਦੇ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਉਹ ਕਾਲੇ ਝੰਡੇ ਲੈ ਕੇ ਹਸਪਤਾਲ ਦੇ ਬਾਹਰ ਪਹੁੰਚ ਗਏ ਅਤੇ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਕਿਸਾਨਾਂ ‘ਤੇ ਲਾਠੀਜਾਰਜ ਕਰ ਦਿਤਾ ਅਤੇ ਕਈਆਂ ਨੂੰ ਹਿਰਾਸਤ ‘ਚ ਲੈ ਲਿਆ। ਪੁਲਿਸ ਕਿਸਾਨਾਂ ਦੇ ਪਿੱਛੇ ਕਾਫੀ ਦੂਰ ਤੱਕ ਭੱਜੀ। ਤਾਲਾਬੰਦੀ ਹੋਣ ਦੇ ਬਾਵਜੂਦ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਵਲੋਂ ਐਲਾਨੇ ਗਏ ਨੇਮਾਂ ਦੀਆਂ ਧੱਜੀਆਂ ਉੱਡ ਗਈਆਂ।
ਪੁਲਿਸ ਵਲੋਂ ਥਾਂ-ਥਾਂ ਲਗਾਏ ਨਾਕੇ ਵੀ ਕਿਸਾਨਾਂ ਨੂੰ ਨਾ ਰੋਕ ਸਕੇ।ਕਿਸਾਨ ਕਾਲੇ ਝੰਡੇ ਲੈ ਕੇ ਸਿਵਲ ਹਸਪਤਾਲ ਦੇ ਬਾਹਰ ਪਹੁੰਚ ਗਏ।ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਸੂਬੇ ਭਰ ‘ਚ ਲੋਕ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਰਹੇ ਹਨ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀ ਆਪਸੀ ਗਿੱਲੇ-ਸ਼ਿਕਵੇ ਖ਼ਤਮ ਕਰੀਏ ਅਤੇ ਮਿਲ ਕੇ ਪਹਿਲਾਂ ਕੋਰੋਨਾ ਖਿਲਾਫ ਜੰਗ ਲੜੀਏ। ਉਨ੍ਹਾਂ ਕਿਹਾ ਲੋੜ ਮੁਤਾਬਕ ਸਾਰਿਆਂ ਜ਼ਿਲਿਆਂ ‘ਚ ਆਕਸੀਜਨ ਦੀ ਸਪਲਾਈ ਵਧਾਈ ਜਾ ਰਹੀ ਹੈ।ਹੋਰ ਜ਼ਿਆਦਾ ਬਿਸਤਰਿਆਂ ਤੇ ਵੈਂਟੀਲੇਟਰਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ।
- Advertisement -