ਚੰਡੀਗੜ੍ਹ : ਲੁੱਟ-ਖੋਹ ਦੀਆਂ ਵਾਰਦਾਤਾਂ ਜਗ੍ਹਾ ਜਗ੍ਹਾ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ, ਤੇ ਜੇ ਗੱਲ ਕਰੀਏ ਏਟੀਐਮ ਮਸ਼ੀਨ ‘ਚ ਲੁੱਟ ਖੋਹ ਦੀਆਂ ਘਟਨਾਵਾਂ ਦੀ ਤਾਂ ਇਹ ਵੀ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਇਸੇ ਤਰ੍ਹਾਂ ਏਟੀਐਮ ਮਸ਼ੀਨ ‘ਚੋਂ ਰੁਪਏ ਖੋਹਣ ਦਾ ਮਾਮਲਾ ਹੈ ਚੀਨ ਦੇ ਹੇਯੁਆਨ ਇਲਾਕੇ ‘ਚ ਸਾਹਮਣੇ ਆਇਆ ਹੈ, ਪਰ ਇਹ ਮਾਮਲਾ ਇਨ੍ਹਾਂ ਸਧਾਰਨ ਨਹੀਂ ਬਲਕਿ ਬੜਾ ਹੀ ਦਿਲਚਸਪ ਹੈ। ਕੀ ਤੁਸੀਂ ਕਦੀ ਦੇਖਿਆ ਹੈ ਕਿ ਕੋਈ ਚੋਰ ਜਾਂ ਲੁਟੇਰਾ ਤੁਹਾਡਾ ਸਮਾਨ ਪਹਿਲਾਂ ਤੁਹਾਡੇ ਤੋਂ ਹਥਿਆਰ ਦੇ ਬਲ ਨਾਲ ਖੋਹ ਲਵੇ ਤੇ ਫਿਰ ਵਾਪਸ ਕਰ ਦੇਵੇ ? ਜੇ ਨਹੀਂ ਤਾਂ ਆਓ ਤੁਹਾਨੂੰ ਇਸ ਖ਼ਬਰ ਰਾਹੀਂ ਅਜਿਹੇ ਹੀ ਮਾਮਲੇ ਤੋਂ ਵਾਕਫ ਕਰਵਾਉਂਦੇ ਹਾਂ ਜਿਸ ‘ਚ ਇੱਕ ਲੁਟੇਰਾ ਪਹਿਲਾਂ ਤਾਂ ਚਾਕੂ ਤਾਣ ਕੇ ਇੱਕ ਮਹਿਲਾ ਤੋਂ ਉਸ ਦੇ ਏਟੀਐਮ ਮਸ਼ੀਨ ‘ਚੋਂ ਕਢਵਾਏ ਹੋਏ ਰੁਪਏ ਖੋਹ ਲੈਂਦਾ ਹੈ ਪਰ ਫਿਰ ਹਸਦਿਆਂ ਹਸਦਿਆਂ ਵਾਪਸ ਕਰ ਦਿੰਦਾ ਹੈ।
ਖ਼ਬਰ ਮੁਤਾਬਿਕ ਇੱਕ ਮਹਿਲਾ ਜਿਸ ਦਾ ਨਾਮ ਲਾਈ ਦੱਸਿਆ ਜਾ ਰਿਹਾ ਹੈ ਉਹ ਆਪਣੀ ਕਿਸੇ ਨਿੱਜੀ ਲੋੜ ਲਈ ਏਟੀਐਮ ਮਸ਼ੀਨ ‘ਚੋਂ ਰੁਪਏ ਕਢਵਾਉਂਦੀ ਹੈ। ਇਸ ਤੋਂ ਬਾਅਦ ਜਿਉਂ ਹੀ ਉਹ ਮਹਿਲਾ ਰੁਪਏ ਕਢਵਾ ਕੇ ਬਾਹਰ ਆਉਂਣ ਲਗਦੀ ਹੈ ਤਾਂ ਇੱਕ ਲੁਟੇਰਾ ਚਾਕੂ ਨਾਲ ਉਸ ‘ਤੇ ਹਮਲਾ ਕਰ ਦਿੰਦਾ ਹੈ ਅਤੇ ਉਸ ਦੇ ਸਾਰੇ ਪੈਸੇ ਖੋਹ ਲੈਂਦਾ ਹੈ। ਲੁਟੇਰਾ ਇੱਥੇ ਹੀ ਬੱਸ ਨਹੀਂ ਕਰਦਾ ਬਲਕਿ ਉਹ ਇਸ ਮਹਿਲਾ ਨੂੰ ਆਪਣਾ ਅਕਾਉਂਟ ਬੈਂਲੇਂਸ ਚੈੱਕ ਕਰਵਾਉਣ ਲਈ ਕਹਿੰਦਾ ਹੈ, ਜਿਉਂ ਹੀ ਮਹਿਲਾ ਆਪਣਾ ਅਕਾਉਂਟ ਬੈਂਲੇਂਸ ਚੈੱਕ ਕਰਵਾਉਂਦੀ ਹੈ ਤਾਂ ਲੁਟੇਰਾ ਪਹਿਲਾਂ ਤਾਂ ਉਸ ਮਹਿਲਾ ਦਾ ਜੀਰੋ ਅਕਾਉਂਟ ਬੈਲੇਂਸ ਦੇਖ ਹੱਸਣ ਲੱਗ ਜਾਂਦਾ ਹੈ ਪਰ ਫਿਰ ਉਹ ਚਾਕੂ ਦੀ ਨੋਕ ‘ਤੇ ਖੋਹੇ ਹੋਏ 2500 ਯੁਆਨ (ਚੀਨੀ ਮੁਦਰਾ) ਵੀ ਵਾਪਸ ਕਰ ਦਿੰਦਾ ਹੈ। ਇਸ ਸਬੰਧੀ ਜਿਉਂ ਹੀ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੁੰਦੀ ਹੈ ਤਾਂ ਬਹੁਤ ਸਾਰੇ ਲੋਕਾਂ ਵੱਲੋਂ ਚੋਰ ਦੀ ਸ਼ਲਾਘਾ ਕੀਤੀ ਜਾ ਰਹੀ ਹੈ।