ਸਕੂਲ ‘ਚ ਬੁਲਿੰਗ ਤੋਂ ਪਰੇਸ਼ਾਨ 9 ਸਾਲਾ ਰਫਿਊਜੀ ਬੱਚੀ ਨੇ ਕੀਤੀ ਖੁਦਕੁਸ਼ੀ

TeamGlobalPunjab
3 Min Read

ਕੈਲਗਰੀ: ਕੈਲਗਰੀ ਦੇ ਸਕੂਲ ਵਿੱਚ ਕਥਿਤ ਤੌਰ ਉੱਤੇ ਬੁਲਿੰਗ ਦਾ ਸ਼ਿਕਾਰ ਹੋਈ 9 ਸਾਲਾ ਬੱਚੀ ਨੇ ਖ਼ੁਦਕੁਸ਼ੀ ਕਰ ਲਈ ਸੀ ਤੇ ਇਹ ਮਾਮਲਾ ਫਿਰ ਤੋਂ ਤੂਲ ਫੜ੍ਹਨ ਲੱਗ ਪਿਆ ਹੈ। ਅਮਲ ਅਲਸਤੇਵੀ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੱਚੀ ਸਕੂਲ ਵਿਚ ਬੁਲਿੰਗ ਦਾ ਸ਼ਿਕਾਰ ਹੋ ਰਹੀ ਸੀ। ਤਿੰਨ ਸਾਲ ਪਹਿਲਾਂ ਇਹ ਪਰਿਵਾਰ ਸੀਰੀਆ ਵਿੱਚ ਜਾਰੀ ਹਿੰਸਾ ਤੋਂ ਬਚਣ ਲਈ ਇੱਥੇ ਆਇਆ ਸੀ। ਉਨ੍ਹਾਂ ਦੱਸਿਆ ਕਿ ਅਮਲ ਪਹਿਲਾਂ ਕੁੱਝ ਸਮੇਂ ਤਾਂ ਖੁਸ਼ ਰਹੀ ਪਰ ਜਦੋਂ ਚੌਥੀ ਕਲਾਸ ਵਿੱਚ ਉਸ ਨੂੰ ਹਿਸਾਬ ‘ਚ ਮੁਸ਼ਕਲ ਹੋਣ ਲੱਗੀ ਤਾਂ ਉਸ ਨਾਲ ਬੁਲਿੰਗ ਸ਼ੁਰੂ ਹੋ ਗਈ। ਜਿਸ ਕਾਰਨ ਉਨ੍ਹਾਂ ਨੇ ਬੱਚੀ ਦੇ ਸਕੂਲ ਵੀ ਕਈ ਵਾਰ ਬਦਲੇ ਪਰ ਹੋਣੀ ਟਲੀ ਨਹੀਂ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਆਪਣੀ ਬੱਚੀ ਦੀ ਅਧਿਆਪਕ ਨੂੰ ਵੀ ਇਸ ਬੁਲਿੰਗ ਬਾਰੇ ਦੱਸਿਆ ਸੀ ਪਰ ਸਕੂਲ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਲਈ ਕੁੱਝ ਨਹੀਂ ਕੀਤਾ ਗਿਆ।

ਅਮਲ ਦੀ ਮਾਂ ਨਸਰਾ ਨੇ ਦੱਸਿਆ ਕਿ ਜਦੋਂ ਉਸ ਨੂੰ ਇਸ ਵਾਰੇ ਪਤਾ ਲੱਗਿਆ ਕਿ ਉਨ੍ਹਾਂ ਦੀ ਬੱਚੀ ਨੂੰ ਸਕੂਲ ਵਿੱਚ ਮੁਸ਼ਕਲਾਂ ਆ ਰਹੀਆਂ ਸਨ ਤੇ ਉਸ ਦਾ ਮਨ ਸਕੂਲ ਜਾਣ ਤੋਂ ਹਟਣ ਲੱਗਿਆ ਸੀ ਤਾਂ ਉਸ ਨੇ ਆਪਣੇ ਦੂਜੇ ਬੱਚਿਆਂ ਨੂੰ ਪੁੱਛਿਆ ਤਾਂ ਉਨ੍ਹਾਂ ਵੀ ਦੱਸਿਆ ਕਿ ਉਹ ਸਕੂਲ ਵਿੱਚ ਖੁਸ਼ ਨਹੀਂ ਹਨ ਤਾਂ ਉਹ ਆਪ ਸਕੂਲ ਗਈ ਸੀ। ਫਿਰ ਉਨ੍ਹਾਂ ਨੇ ਅਮਲ ਨੂੰ ਦੂਜੇ ਸਕੂਲ ਪਾਉਣ ਦਾ ਫੈਸਲਾ ਕੀਤਾ ਜਿਸ ਤੋਂ ਚਾਰ ਦਿਨ ਬਾਅਦ ਹੀ ਅਮਲ ਨੇ ਖੁਦਕੁਸ਼ੀ ਕਰ ਲਈ।

ਅਮਲ ਦੇ ਪਿਤਾ ਆਰਿਫ ਨੇ ਕਿਹਾ ਕਿ ਬੱਚੇ ਉਨ੍ਹਾਂ ਦੀ ਧੀ ਨਾਲ ਬੁਲਿੰਗ ਕਰ ਰਹੇ ਸਨ ਤੇ ਉਹ ਉਸ ਨੂੰ ਇਹ ਵੀ ਕਹਿੰਦੇ ਸਨ ਕਿ ਜਾਹ ਜਾ ਕੇ ਫਾਹਾ ਲੈ ਲਾ ਤੇ ਜਾਂ ਖੁਦਕੁਸ਼ੀ ਕਰ ਲੈ। ਅਮਲ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਬਾਕੀ ਬੱਚੇ ਤੇ ਹੋਰ ਰਫਿਊਜੀ ਬੱਚੇ ਬੇਵਕੂਫ ਤੇ ਬਦਸੂਰਤ ਕਹਿੰਦੇ ਸਨ। ਅਮਲ ਦੀ ਮੌਤ ਤੋਂ ਬਾਅਦ ਪੁਲਿਸ ਵੀ ਦਰਜਨਾਂ ਇੰਟਰਵਿਊਜ਼ ਕਰ ਚੁੱਕੀ ਹੈ ਪਰ ਅਜੇ ਤੱਕ ਕਿਸੇ ਉੱਤੇ ਵੀ ਕੋਈ ਚਾਰਜ਼ ਨਹੀਂ ਲਾਏ ਗਏ।

ਅਮਲ ਦੀ ਮੌਤ ਤੋਂ ਬਾਅਦ ਪਹਿਲੀ ਵਾਰੀ ਜਨਤਕ ਤੌਰ ਉੱਤੇ ਗੱਲ ਕਰਦਿਆਂ ਕੈਲਗਰੀ ਬੋਰਡ ਆਫ ਐਜੂਕੇਸ਼ਨ ਦੇ ਚੀਫ ਸੁਪਰਡੈਂਟ ਕ੍ਰਿਸਟੋਫਰ ਊਸੀਹ ਨੇ ਆਖਿਆ ਕਿ ਸ਼ਹਿਰ ਦੇ ਸਕੂਲਾਂ ਵਿੱਚ ਬੁਲਿੰਗ ਲਈ ਕੋਈ ਥਾਂ ਨਹੀਂ ਹੈ। ਊਸੀਹ ਨੇ ਨਾ ਤਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਮਲ ਨਾਲ ਬੁਲਿੰਗ ਹੋਈ ਤੇ ਨਾ ਹੀ ਇਹ ਪੁਸ਼ਟੀ ਕੀਤੀ ਕਿ ਅਮਲ ਦੀ ਮਾਂ ਸਕੂਲ ਆਈ ਸੀ ਪਰ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਸਕੂਲ ਬੋਰਡ ਦੀ ਆਪਣੀ ਰਣਨੀਤੀ ਹੈ। ਅਮਲ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਸਕੂਲ ਬੋਰਡ ਨੇ ਉਨ੍ਹਾਂ ਦੀ ਬੱਚੀ ਦੇ ਮਾਮਲੇ ਨੂੰ ਸਿੱਧੇ ਤੌਰ ਉੱਤੇ ਸੰਬੋਧਨ ਨਹੀਂ ਕੀਤਾ।

- Advertisement -

 

Share this Article
Leave a comment