ਅੰਮ੍ਰਿਤਸਰ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਇੱਕ ਅਜਿਹਾ ਬਰਸਾਤੀ ਡੱਡੂ ਹੈ ਜਿਹੜਾ ਬਰਸਾਤ ਆਉਣ ‘ਤੇ ਟਰੈਂ-ਟਰੈ ਕਰਦਾ ਹੈ, ਪਰ ਇਸ ਮੌਕੇ ਆਪਣੀ ਤੁਲਨਾ ਕੋਇਲ ਨਾਲ ਕਰਦਿਆਂ ਸਿੱਧੂ ਨੇ ਕਿਹਾ ਕਿ ਡੱਡੂ ਦੀ ਟਰੈਂ-ਟਰੈਂ ਨਾਲ ਕੋਇਲ ਨੂੰ ਕੋਈ ਫਰਕ ਨਹੀਂ ਪੈਂਦਾ। ਨਵਜੋਤ ਸਿੰਘ ਸਿੱਧੂ ਇੱਥੇ ਭੰਡਾਰੀ ਪੁਲ ਨੂੰ ਚੌੜ੍ਹਾ ਕਰਨ ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ ਕਿ ਸ਼ਵੇਤ ਮਲਿਕ ਪਹਿਲਾਂ ਕੋਈ ਕੌਂਸਲਰ ਦੀ ਚੋਣ ਤਾਂ ਜਿੱਤ ਕੇ ਦਿਖਾਉਣ, ਇਸ ਤੋਂ ਬਾਅਦ ਉਨ੍ਹਾਂ (ਸਿੱਧੂ) ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਣ। ਦੱਸ ਦਈਏ ਕਿ ਸ਼ਵੇਤ ਮਲਿਕ ਨੇ ਨਵਜੋਤ ਸਿੰਘ ਸਿੱਧੂ ‘ਤੇ ਤੰਜ਼ ਕਸਦਿਆਂ ਸਵਾਲ ਕੀਤਾ ਸੀ ਕਿ ਸਿੱਧੂ ਨੇ ਜੇਕਰ ਆਪਣੇ ਕਾਰਜਕਾਲ ਦੌਰਾਨ ਆਪਣੇ ਹਲਕੇ ਵਿੱਚ ਕੋਈ ਵਿਕਾਸ ਕਾਰਜ਼ ਕਰਵਾਏ ਹਨ ਤਾਂ ਉਹ ਸਬੂਤ ਦੇਣ।
ਇਸ ਦੇ ਜਵਾਬ ਵਿੱਚ ਨਵਜੋਤ ਸਿੱਧੂ ਨੇ ਕਿਹਾ ਕਿ ਮਲਿਕ ਉਨ੍ਹਾਂ ਦੀ ਕਾਰਗੁਜਾਰੀ ‘ਤੇ ਸਵਾਲ ਚੁੱਕਣ ਦੀ ਬਜਾਏ ਆਪਣੀ ਪਾਰਟੀ ਵੱਲ ਧਿਆਨ ਦੇਣ। ਇੱਥੇ ਬੋਲਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਜਿਸ ਵੇਲੇ ਉਹ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਸਨ ਤਾਂ ਜਿਸ ਭੰਡਾਰੀ ਪੁਲ ਦਾ ਉਹ ਉਦਘਾਟਨ ਕਰ ਰਹੇ ਹਨ ਉਸ ਵੇਲੇ ਉਸ ਪੁਲ ਦੀ ਲਾਗਤ 7 ਕਰੋੜ ਰੁਪਏ ਸੀ ਪਰ ਉਸ ਵੇਲੇ ਦੀ ਪੰਜਾਬ ਸਰਕਾਰ ਨੇ ਸਿਰਫ 2 ਲੱਖ ਰੁਪਏ ਫੀਸ ਜਮ੍ਹਾਂ ਨਹੀਂ ਕਰਵਾਈ ਜਿਸ ਕਾਰਨ ਇਸ ਪੁਲ ਦੀ ਲਾਗਤ ਅੱਜ ਵਧ ਕੇ 15 ਕਰੋੜ ਰੁਪਏ ਹੋ ਗਈ ਹੈ। ਸਿੱਧੂ ਅਨੁਸਾਰ ਅਜਿਹੇ ਰੇਲਵੇ ਪੁਲਾਂ ਦੀ ਉਸਾਰੀ ਲਈ ਪ੍ਰਵਾਨਗੀ ਲੈਣ ਨੂੰ ਲੰਮਾਂ ਸਮਾਂ ਲੱਗ ਜਾਂਦਾ ਹੈ ਤੇ ਉਨ੍ਹਾਂ ਨੂੰ ਵੀ ਅਜਿਹੀਆਂ ਪ੍ਰਵਾਨਗੀਆਂ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਤੋਂ ਆਪ ਲੈਣੀਆਂ ਪਈਆਂ।