ਵੋਟਾਂ ਦੇ ਇੱਕ ਦਿਨ ਪਹਿਲਾਂ ਕਿਸਾਨਾਂ ਨਾਲ ਵੱਡਾ ਧੱਕਾ? ਭੜਕੇ ਕਿਸਾਨਾਂ ਨੇ ਘੇਰ ਲਿਆ ਤਹਿਸੀਲਦਾਰ, ਕੈਪਟਨ ਸਰਕਾਰ ਖ਼ਿਲਾਫ਼ ਕਰਤਾ ਵੱਡਾ ਐਲਾਨ!

TeamGlobalPunjab
2 Min Read

ਮਾਨਸਾ : ਲੋਕ ਸਭਾ ਚੋਣਾਂ ਦੇ ਲਈ ਵੋਟਾਂ ਪੈਣ ‘ਚ ਮਹਿਜ਼ ਕੁਝ ਘੰਟੇ ਹੀ ਬਾਕੀ ਹਨ, ਪਰ ਦੋਸ਼ ਹੈ ਕਿ ਇਸ ਤੋਂ ਪਹਿਲਾ ਹੀ ਕਾਂਗਰਸ ਦੇ ਵਾਅਦਿਆ ਦੀ ਹਵਾ ਨਿਕਲ ਦੀ ਦਿਖਾਈ ਦੇ ਰਹੀ ਹੈ। ਮਾਮਲਾ ਮਾਨਸਾ ਤੋਂ ਹੈ, ਜਿਥੇ ਇੱਕ ਆੜਤੀਏ ‘ਤੇ ਇਲਜ਼ਾਮ ਹੈ ਕਿ ਉਹ 2 ਲੱਖ 20 ਹਜ਼ਾਰ 530 ਰੁਪਇਆਂ ਦੇ ਕਰਜ਼ੇ ਪਿੱਛੇ ਦੋ ਕਿਸਾਨਾਂ ਦੀ 9 ਕਿੱਲੇ ਜ਼ਮੀਨ ਦੀ ਕੁਰਕੀ ਕਰਨ ਲਈ ਪਹੁੰਚ ਗਿਆ, ਪਰ ਕਿਸਾਨ ਜਥੇਬੰਦੀਆਂ ਵਲੋਂ ਇਸ ਦਾ ਵਿਰੋਧ ਕਰਦੇ ਹੋਏ ਤਹਿਸੀਲ ਦਫਤਰ ਸਾਹਮਣੇ ਧਰਨਾ ਦੇ ਕੇ ਕਿਸਾਨਾਂ ਦੀ ਇਸ ਕੁਰਕੀ ਨੂੰ ਰੁਕਵਾ ਦਿੱਤਾ ਗਿਆ ਹੈ।

ਦੱਸ ਦਈਏ ਕਿ ਕਾਂਗਰਸ ਸਰਕਾਰ ਵੱਲੋਂ 2017 ਦੀਆਂ ਵਿਧਾਨ ਸਭਾ ਚੌਣਾਂ ਤੋਂ ਪਹਿਲਾਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਅਤੇ ਕੁਰਕੀ ਨੂੰ ਰੋਕਣ ਦਾ ਵਾਅਦਾ ਕੀਤਾ ਗਿਆ ਸੀ। ਇਸ ਮਕਸਦ ਦੀ ਪੂਰਤੀ ਲਈ ਬਾਕਾਇਦਾ ਤੌਰ ‘ਤੇ ਕਿਸਾਨਾਂ ਦੇ ਫਾਰਮ ਵੀ ਭਰਵਾਏ ਗਏ ਸਨ। ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਤਾਂ ਜਿੱਤ ਹੋਈ ਪਰ ਕਿਸਾਨਾਂ ਦਾ ਇਹ ਦੋਸ਼ ਹੈ ਕਿ ਉਨ੍ਹਾਂ ਦਾ ਕਰਜ਼ਾ ਮਾਫ ਨਹੀਂ ਹੋਇਆ। ਇੱਥੇ ਲੱਗੇ ਧਰਨੇ ਦੌਰਾਨ ਇੱਕ ਕਿਸਾਨ ਆਗੂ ਉੱਤਮ ਸਿੰਘ ਨੇ ਬੋਲਦਿਆਂ ਕਿਹਾ ਕਿ ਉਹ ਕਿਸੇ ਵੀ ਹਾਲਤ ‘ਚ ਕੁਰਕੀ ਨਹੀਂ ਹੋਣ ਦੇਣਗੇ, ਫਿਰ ਭਾਵੇਂ ਇਸ ਲਈ ਉਨ੍ਹਾਂ ਨੂੰ ਆਪਣੀ ਜਾਨ ਵੀ ਕਿਉਂ ਨਾ ਕੁਰਬਾਨ ਕਰਨੀ ਪੈ ਜਾਵੇ।

ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਵਾਅਦੇ ‘ਕਰਜ਼ਾ ਕੁਰਕੀ ਖਤਮ ,ਫਸਲ ਦੀ ਪੂਰੀ ਰਕਮ ‘ ਨੂੰ ਮਾਨਸਾ ‘ਚ ਵਾਪਰੀ ਇਹ ਘਟਨਾ ਮੂੰਹ ਚੜਾ ਰਹੀ ਹੈ। ਲੋਕ ਸਭਾ ਚੋਣਾਂ ਦੌਰਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਂਗਰਸ ਲਈ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਬੱਬ ਬਣ ਸਕਦੀਆਂ ਹਨ।

 

 

 

Share this Article
Leave a comment