ਓਟਵਾ: 22 ਸਾਲ ਤੱਕ ਮੈਂਬਰ ਪਾਰਲੀਆਮੈਂਟ ਰਹਿਣ ਤੋਂ ਬਾਅਦ ਲਿਬਰਲ ਐਮਪੀ ਸਕੌਟ ਬ੍ਰਿਸਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਜੋ ਕਿ 10 ਫਰਵਰੀ ਤੋਂ ਪ੍ਰਭਾਵੀ ਹੋਵੇਗਾ। ਬੁੱਧਵਾਰ ਨੂੰ ਬ੍ਰਿਸਨ ਨੇ ਪਹਿਲੀ ਵਾਰੀ ਚੁਣੇ ਜਾਣ ਤੋਂ ਬਾਅਦ ਹਾਊਸ ਆਫ ਕਾਮਨਜ਼ ਵਿੱਚ ਆਪਣਾ ਆਖਰੀ ਭਾਸ਼ਣ ਦਿੱਤਾ। ਆਪਣੇ ਭਾਸ਼ਣ ਵਿੱਚ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਉੱਤੇ ਪੈਣ ਵਾਲੇ ਪਾਰਲੀਆਮੈਂਟ ਦੇ ਪ੍ਰਭਾਵ ਤੇ ਇਸ ਦੀ ਅਹਿਮੀਅਤ ਬਾਰੇ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਵਿੱਚ ਰਹਿੰਦਿਆਂ ਤੇ ਵਿਰੋਧੀ ਧਿਰ ਵਜੋਂ ਆਪਣੇ ਤਜਰਬੇ ਸਾਂਝੇ ਕੀਤੇ।
ਦੱਸ ਦੇਈਏ ਕਿ ਪਿਛਲੇ ਮਹੀਨੇ ਬ੍ਰਿਸਨ ਨੇ ਐਲਾਨ ਕੀਤਾ ਸੀ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਵਾਲੇ ਹਨ ਕਿਉਂਕਿ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਉਹ ਦੁਬਾਰਾ ਖੜ੍ਹਾ ਨਹੀਂ ਹੋਣਾ ਚਾਹੁੰਦੇ। ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਵਜੋਂ ਬ੍ਰਿਸਨ ਦੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਮੰਤਰੀਮੰਡਲ ਵਿੱਚ ਫੇਰਬਦਲ ਵੀ ਕਰਨਾ ਪਿਆ। ਉਸ ਸਮੇਂ ਇਹ ਸਪਸ਼ਟ ਨਹੀਂ ਸੀ ਕਿ ਬ੍ਰਿਸਨ ਕਿੰਗ-ਹੈਂਟਸ, ਨੋਵਾ ਸਕੋਸ਼ੀਆ ਹਲਕੇ ਤੋਂ ਇਸ ਕਾਰਜਕਾਲ ਦੇ ਮੁਕੰਮਲ ਹੋਣ ਤੱਕ ਐਮਪੀ ਬਣੇ ਰਹਿਣਗੇ ਜਾਂ ਪਹਿਲਾਂ ਹੀ ਅਸਤੀਫਾ ਦੇਣਗੇ। ਉਨ੍ਹਾਂ ਦੀ ਖਾਲੀ ਹੋਣ ਵਾਲੀ ਸੀਟ ਉੱਤੇ ਜ਼ਿਮਨੀ ਚੋਣ ਨਹੀਂ ਕਰਵਾਈ ਜਾਵੇਗੀ। ਇਹ ਸੀਟ ਅਕਤੂਬਰ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਤੱਕ ਖਾਲੀ ਰਹੇਗੀ।