ਖਹਿਰਾ ਨੇ ‘ਸਿੱਟ’ ਮੈਂਬਰਾਂ ਦੀ ਬਗਾਵਤ ‘ਤੇ ਕੈਪਟਨ ਦੀ ਚੁੱਪੀ ਦੇ ਖੋਲ੍ਹ ‘ਤੇ ਰਾਜ਼, ਕੱਢ ਲਿਆਂਦੀ ਅਜਿਹੀ ਘਟਨਾ ਤੁਸੀਂ ਵੀ ਹੋ ਜਾਓਗੇ ਹੈਰਾਨ!

TeamGlobalPunjab
7 Min Read

ਬਠਿੰਡਾ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ‘ਤੇ ਲਾਇਵ ਹੋ ਕੇ ਕਿਹਾ ਹੈ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਵਾਕਿਆ ਹੀ ਗੰਭੀਰ ਹਨ ਤਾਂ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ 4 ਸਿੱਟ ਮੈਂਬਰਾਂ ਨੂੰ ਇਸ ਕੇਸ ਦੀ ਜਾਂਚ ਤੋਂ ਹਟਾ ਕੇ ਇਹ ਜਾਂਚ ਸਿਰਫ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹਵਾਲੇ ਕਰ ਦੇਣ ਤਾਂ ਕਿ ਇਹ ਜਾਂਚ ਨਿਰ ਵਿਘਨ ਪੂਰੀ ਹੋ ਸਕੇ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਬਾਦਲਾਂ ਸਮੇਤ ਸੁਮੇਧ ਸੈਣੀ ‘ਤੇ ਪਰਚਾ ਦਰਜ ਕਰਕੇ ਇਨ੍ਹਾਂ ਲੋਕਾਂ ਖਿਲਾਫ ਬੇਅਦਬੀ ਮਾਮਲਿਆਂ ਸਬੰਧੀ ਅਪਰਾਧਿਕ ਮਾਮਲੇ ਚਲਾਉਣ, ਤਾਂ ਕਿ ਸੂਬੇ ਦੇ ਲੋਕਾਂ ਨੂੰ ਇੰਨਸਾਫ ਮਿਲ ਸਕੇ। ਇਸ ਤੋਂ ਇਲਾਵਾ ਖਹਿਰਾ ਨੇ ਦੋਸ਼ ਲਾਇਆ ਕਿ ‘ਸਿੱਟ’ ਮੈਂਬਰਾਂ ਦੀ ਆਪਸੀ ਲੜਾਈ ਤੇ ਮੁੱਖ ਮੰਤਰੀ ਦੀ ਚੁੱਪੀ ਇਹ ਸੰਕੇਤ ਦਿੰਦੀ ਹੈ ਕਿ ਇਹ ਲੜਾਈ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਡੀਜੀਪੀ ਦੀ ਸਹਿਮਤੀ ਨਾਲ ਹੋ ਰਹੀ ਹੈ।

ਆਪਣੀ ਇਸ ਵੀਡੀਓ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਨੇ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਵਿੱਚ ਬੀਤੀਆਂ ਚੋਣਾਂ ਦੌਰਾਨ ਰੱਝ ਕੇ ਰਾਜਨੀਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਜਦੋਂ ਕਾਂਗਰਸ ਪਾਰਟੀ 8 ਸੀਟਾਂ ਜਿੱਤ ਗਈ ਹੈ ਤਾਂ ਹੁਣ ਉਹ ਸੂਬੇ ਦੇ ਲੋਕਾਂ ਨਾਲ ਤੂੰ ਕੌਣ ਤੇ ਮੈਂ ਕੌਣ ਵਾਲੀ ਗੱਲ ਆਖ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ‘ਤੇ ਉਤਰ ਆਏ ਹਨ। ਸੁਖਪਾਲ ਸਿੰਘ ਖਹਿਰਾ ਅਨੁਸਾਰ ਕੈਪਟਨ ਵੱਲੋਂ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਲਈ ਥਾਪੀ ਗਈ ‘ਸਿੱਟ’ ਦੇ ਮੈਂਬਰ ਸ਼ਰੇਆਮ ਆਪਸ ਵਿੱਚ ਲੜ ਰਹੇ ਹਨ ਤੇ ਕੈਪਟਨ ਨੇ ਅੱਜ ਤੱਕ ਇਨ੍ਹਾਂ ਨੂੰ ਅਨੁਸਾਸ਼ਨ ਵਿੱਚ ਰਹਿਣ ਦਾ ਪਾਠ ਵੀ ਨਹੀਂ ਪੜ੍ਹਾਇਆ ਹੈ।

ਖਹਿਰਾ ਨੇ ਨਸ਼ਿਆਂ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਸਿੱਧਾਰਥ ਚਟੋਪਾਧਿਆ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਕੀਤੇ ਗਏ ਹਲਫ਼ਨਾਮੇ ਵਾਲੀ ਘਟਨਾ ਨੂੰ ਯਾਦ ਦਵਾਉਂਦਿਆਂ ਕਿਹਾ ਕਿ ਜਿਸ ਵੇਲੇ ਚਟੋਪਾਧਿਆ ਨੇ ਹਾਈ ਕੋਰਟ ‘ਚ ਨਸ਼ਿਆਂ ਦੇ ਮਾਮਲੇ ਵਿੱਚ ਹਲਫ਼ਨਾਮਾ ਦਾਇਰ ਕਰਕੇ ਇਹ ਖੁਲਾਸਾ ਕੀਤਾ ਸੀ ਕਿ ਐਸਐਸਪੀ ਰਾਜਜੀਤ ਸਿੰਘ ਤੇ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ ਇੰਦਰਜੀਤ ਸਿੰਘ ਦੇ ਆਪਸ ਵਿੱਚ ਡੂੰਘੇ ਸਬੰਧ ਨੇ। ਖਹਿਰਾ ਨੇ ਕਿਹਾ ਕਿ ਉਸ ਵੇਲੇ ਚਟੋਪਾਧਿਆ ਨੇ ਦੋਸ਼ ਲਾਇਆ ਸੀ ਕਿ ਰਾਜਜੀਤ ਸਿੰਘ ਨੇ ਬਤੌਰ ਤਰਨਤਾਰਨ ਐਸਐਸਪੀ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਬਹੁਤ ਧਾਂਦਲੀ ਕੀਤੀ, ਤੇ ਬਹੁਤ ਪੈਸਾ ਕਮਾਇਆ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਚਟੋਪਾਧਿਆ ਵੱਲੋਂ ਇਹ ਹਲਫ਼ਨਾਮਾ ਦਾਇਰ ਕਰਨ ਤੋਂ ਤੁਰੰਤ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਦੀ ਪੂਰੀ ਫੋਰਸ ਦੀ ਵੱਡੇ ਪੱਧਰ ‘ਤੇ ਇੱਕ ਮੀਟਿੰਗ ਸੱਦੀ ਜਿਸ ਵਿੱਚ ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਛੋਟੇ ਤੋਂ ਵੱਡੇ ਪੁਲਿਸ ਅਧਿਕਾਰੀਆਂ ਨੂੰ ਜਬਰਦਸਤ  ਤਰੀਕੇ ਨਾਲ ਤਾੜਨਾ ਕੀਤੀ ਕਿ ਜਿਹੜਾ ਵੀ ਕੋਈ ਬੰਦਾ ਪੁਲਿਸ ਵਿਭਾਗ ਦਾ ਅਨੁਸਾਸ਼ਨ ਤੋੜੇਗਾ, ਉਸ ਨੂੰ ਕੈਪਟਨ ਕਦੀ ਨਹੀਂ ਬਖ਼ਸਣਗੇ। ਖਹਿਰਾ ਨੇ ਕਿਹਾ ਕਿ ਇਹ ਉਨ੍ਹਾਂ ਹਾਲਾਤਾਂ ਵਿੱਚ ਹੋਇਆ ਜਦੋਂ ਚਟੋਪਾਧਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹਲਫ਼ਨਾਮਾ ਦੇ ਰਿਹਾ ਸੀ, ਨਾ ਕਿ ਕੋਈ ਜਨਤਕ ਰਿਪੋਰਟ ਦਾਇਰ ਕਰ ਰਿਹਾ ਸੀ, ਜਿਸ ਨਾਲ ਕਿ ਮਹਿਕਮੇ ਦਾ ਅਨੁਸਾਸ਼ਨ ਭੰਗ ਹੋਵੇ। ਉਨ੍ਹਾਂ ਤਰਕ ਦਿੱਤਾ ਕਿ ਇਸ ਦੇ ਉਲਟ ਬੇਅਦਬੀ ਮਾਮਲਿਆਂ ਸਬੰਧੀ ਗਠਿਤ ਕੀਤੀ ਗਈ ਐਸਆਈਟੀ ਦੇ 4 ਮੈਂਬਰਾਂ ਨੇ ਸ਼ਰੇਆਮ ਬਗਾਵਤ ਕੀਤੀ ਹੈ। ਉਹ ਲੋਕ ਅਖ਼ਬਾਰਾਂ ਵਿੱਚ ਗਏ ਨੇ। ਉਨ੍ਹਾਂ ਲੋਕਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਨੂੰ ਤਹਿਸ ਨਹਿਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਖਹਿਰਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਮੀਡੀਆ ਵਿੱਚ ਜਾ ਕੇ ਰਿਪੋਰਟਾਂ ਛਪਵਾਈਆਂ ਅਤੇ  ਇਨ੍ਹਾਂ ਨੇ ਉਹ ਚਿੱਠੀ ਲੀਕ ਕੀਤੀ ਜਿਹੜੀ ਡੀਜੀਪੀ ਨੂੰ ਲਿਖੀ ਗਈ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਤੇ ਨਾ ਹੀ ਉਨ੍ਹਾਂ ਨੂੰ ਕੋਈ ਅਨੁਸਾਸ਼ਨ ਦਾ ਪਾਠ ਪੜ੍ਹਾਇਆ ਹੈ। ਜਿਸ ਤੋਂ ਕਿ ਸਾਫ ਹੁੰਦਾ ਹੈ ਕਿ ਐਸਆਈਟੀ ਦੇ 4 ਮੈਂਬਰਾਂ ਵੱਲੋਂ ਡੀਜੀਪੀ ਨੂੰ ਜਿਹੜੀ ਚਿੱਠੀ ਲਿਖੀ ਗਈ ਹੈ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਕੀਤੀ ਗਈ ਜਾਂਚ ਨੂੰ ਤਹਿਸ ਨਹਿਸ ਕਰਨ ਲਈ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਚਿੱਠੀ ਲੀਕ ਕਰਨ ਤੋਂ ਲੈ ਕੇ ਤੇ ਮੀਡੀਆ ‘ਚ ਰਿਪੋਰਟਾਂ ਛਪਵਾਉਣ ਤੱਕ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਦਿਨਕਰ ਗੁਪਤਾ ਦੀ ਸਹਿਮਤੀ ਨਾਲ ਹੋਇਆ ਹੈ। ਖਹਿਰਾ ਨੇ ਦਾਅਵਾ ਕੀਤਾ ਕਿ ਇਹ ਚਿੱਠੀ ਬੇਅਦਬੀ ਦੇ ਮਾਮਲਿਆਂ ਸਬੰਧੀ ਚੱਲ ਰਹੀ ਜਾਂਚ ਨੂੰ ਲੀਹੋਂ ਲਾਹੁਣ ਲਈ ਲਿਖੀ ਗਈ ਸੀ।

ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਨ੍ਹਾਂ ਕੇਸਾਂ ਦਾ ਭਵਿੱਖ ਕੀ ਹੋਵੇਗਾ? ਖਹਿਰਾ ਅਨੁਸਾਰ ਜੇਕਰ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿੱਚ ਵਾਕਿਆ ਹੀ ਸੰਜੀਦਾ ਹਨ ਤਾਂ ਉਨ੍ਹਾਂ ਨੂੰ ਇਨ੍ਹਾਂ ਚਾਰਾਂ ਐਸਆਈਟੀ ਮੈਂਬਰਾਂ ਨੂੰ ਅਨੁਸਾਸ਼ਨ ਦਾ ਪਾਠ ਪੜ੍ਹਾਉਣਾ ਚਾਹੀਦਾ ਹੈ, ਤੇ ਇਨ੍ਹਾਂ ਚਾਰਾਂ ਤੋਂ ਅਜਿਹਾ ਕਰਨ ਦਾ ਜਵਾਬ ਮੰਗਿਆ ਜਾਵੇ ਜਿਸ ਤੋਂ ਬਾਅਦ ਇਨ੍ਹਾਂ ਦੇ ਖਿਲਾਫ ਅਨੁਸਾਸ਼ਨਿਕ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਇੱਥੋਂ ਤੱਕ ਮੰਗ ਕਰ ਦਿੱਤੀ ਕਿ ਇਨ੍ਹਾਂ ਚਾਰਾਂ ਨੂੰ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਸਿੱਟ ਤੋਂ ਹਟਾ ਕੇ ਉਨ੍ਹਾਂ ਦੀ ਜਗ੍ਹਾ ਇਕੱਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਸ ਕੇਸ ਦੀ ਜਾਂਚ ਸੌਂਪਣੀ ਚਾਹੀਦੀ ਹੈ, ਤਾਂ ਕਿ ਇਹ ਜਾਂਚ ਬਿਨਾਂ ਰੁਕਾਵਟ ਜਾਰੀ ਰਹੇ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਇਸ ਤੋਂ ਇਲਾਵਾ ਬੇਅਦਬੀਆਂ ਸਬੰਧੀ ਜਿਹੜੇ ਤੱਥ ਸਾਹਮਣੇ ਆਏ ਹਨ ਕਿ ਇਹ ਸਾਰੀਆਂ ਬੇਅਦਬੀਆਂ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਸੁਮੇਧ ਸਿੰਘ ਸੈਣੀ ਦੀ ਮਰਜ਼ੀ ਨਾਲ ਹੋਈਆਂ ਹਨ। ਇਸ ਤੋਂ ਬਾਅਦ ਇਨ੍ਹਾਂ ਲੋਕਾਂ ਦੇ ਖਿਲਾਫ ਪਰਚਾ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਤੇ ਮੁਜ਼ਰਮਾਨਾ ਕਾਰਵਾਈ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਪੁੱਛਿਆ ਕਿ ਇਸ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਚੁੱਪ ਕਿਉਂ ਹਨ?

- Advertisement -

 

Share this Article
Leave a comment