ਲਾਹੇਵੰਦ ਖੇਤੀ ਲਈ ਖੇਤੀ ਮਾਹਿਰਾਂ ਨਾਲ ਸਾਂਝ ਜ਼ਰੂਰੀ

TeamGlobalPunjab
10 Min Read

ਅੱਜ ਦੀ ਖੇਤੀ ਗਿਆਨ ਦੀ ਖੇਤੀ ਹੈ। ਸਹੀ ਗਿਆਨ ਦੀ ਅਣਹੋਂਦ ਵਿੱਚ ਖੇਤੀ ਦੇ ਰਾਹ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਹੋਰ ਗੁੰਝਲਦਾਰ ਹੋ ਜਾਂਦੀਆਂ ਹਨ। ਇਹ ਸਹੀ ਗਿਆਨ ਦੀ ਅਣਹੋਂਦ ਹੀ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ-ਪ੍ਰਤੀ-ਦਿਨ ਡਿੱਗਦਾ ਜਾ ਰਿਹਾ ਹੈ, ਖੇਤੀ ਲਾਗਤਾਂ ਵੱਧ ਰਹੀਆਂ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਕਿਸਾਨਾਂ ਲਈ ਖੇਤੀ ਗਿਆਨ ਦਾ ਹਮੇਸ਼ਾ ਹੀ ਇੱਕ ਭਰੋਸੇਯੋਗ ਵਸੀਲਾ ਰਹੀ ਹੈ। ਪੰਜਾਬ ਵਿੱਚ ਖੇਤੀ ਸਲਾਹਕਾਰ ਸੇਵਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਹੋਂਦ ਨਾਲ ਯੂਨੀਵਰਸਿਟੀ ਦੁਆਰਾ ਕਿਸਾਨਾਂ ਪ੍ਰਤੀ ਪਹੁੰਚ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ: ਕ੍ਰਿਸ਼ੀ ਵਿਗਿਆਨ ਕੇਂਦਰ ਇੱਕ ਜ਼ਿਲ੍ਹਾ ਪੱਧਰੀ ਖੇਤੀ ਕੇਂਦਰ ਹੈ ਜੋ ਕਿ ਸਥਾਨਕ ਲੋੜਾਂ ਦੇ ਅਨੁਸਾਰ ਹੀ ਖੇਤੀ ਖੋਜਾਂ ਅਤੇ ਪਸਾਰ ਨੂੰ ਵਿਉਂਤਦਾ ਹੈ। ਇਹ ਕੇਂਦਰ ਜ਼ਿਲ੍ਹੇ ਦੇ ਕਿਸਾਨਾਂ, ਕਿਸਾਨ ਬੀਬੀਆਂ ਤੇ ਪੇਂਡੂ ਨੌਜਵਾਨਾਂ ਨੂੰ ਖੇਤੀ ਸਬੰਧੀ ਸਿਖਲਾਈ ਪ੍ਰਦਾਨ ਕਰਦੇ ਹਨ। ਇਹਨਾਂ ਸਿਖਲਾਈ ਕੋਰਸਾਂ ਵਿੱਚ ਸਿਖਿਆਰਥੀਆਂ ਦੇ ਪਿਛੋਕੜ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੇ ਗਿਆਨ ਵਿੱਚ ਵਾਧਾ ਕੀਤਾ ਜਾਂਦਾ ਹੈ। ਇਸਦੇ ਨਾਲ ਹੀ ਪੇਂਡੂ ਨੌਜਵਾਨਾਂ ਲਈ ਕਿੱਤਾ-ਮੁਖੀ ਸਿਖਲਾਈ ਜਿਵੇਂ ਕਿ ਸ਼ਹਿਦ ਦੀਆਂ ਮੱਖੀਆਂ ਪਾਲਣਾ, ਖੁੰਬਾਂ ਦੀ ਕਾਸ਼ਤ, ਮੁੱਖ ਫਸਲਾਂ ਤੇ ਸ਼ਬਜ਼ੀਆਂ ਦੇ ਦੋਗਲੇ ਬੀਜਾਂ ਦਾ ਉਤਪਾਦਨ, ਗੰਡੋਇਆਂ ਦੀ ਖਾਦ ਤਿਆਰ ਕਰਨਾ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ। ਮਹਿੰਗੀ ਖੇਤੀ ਮਸ਼ੀਨੀ ਦੇ ਰੱਖ-ਰਖਾਅ ਬਾਰੇ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਲੰਬੇ ਸਮੇਂ ਦੇ ਸਿਖਲਾਈ ਕੋਰਸਾਂ ਲਈ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ ਜਿਨ੍ਹਾਂ ਦੇ ਅਧਾਰ ਤੇ ਬੈਂਕਾ ਤੋਂ ਸੰਬੰਧਤ ਕਿੱਤੇ ਨੂੰ ਸ਼ੁਰੂ ਕਰਨ ਲਈ ਕਰਜ਼ਾ ਲਿਆ ਜਾ ਸਕਦਾ ਹੈ।
ਇਸ ਤਰ੍ਹਾਂ ਦੇ ਸਹਾਇਕ ਧੰਦਿਆਂ ਦੀ ਸਿਖਲਾਈ ਪ੍ਰਾਪਤ ਕਰਕੇ ਬੇਰੁਜ਼ਗਾਰ ਹੱਥਾਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਲਈ ਇੱਕ ਆਮਦਨ ਦਾ ਸਾਧਨ ਮਿਲ ਜਾਂਦਾ ਹੈ। ਯੂਨੀਵਰਸਿਟੀ ਕਿਸਾਨਾਂ ਤੱਕ ਵੱਖ-ਵੱਖ ਢੰਗਾਂ ਰਾਹੀਂ ਕਿਸਾਨਾਂ ਤੱਕ ਪਹੁੰਚਣ ਲਈ ਯਤਨਸ਼ੀਲ ਰਹਿੰਦੀ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ ਇੱਕ ਆਧੁਨਿਕ ਖੇਤੀ ਫਾਰਮ ਦਾ ਨਮੂਨਾ ਪੇਸ਼ ਕਰਦਾ ਹੈ। ਕੇਂਦਰ ਦੇ ਖੇਤੀ ਫਾਰਮ ਤੇ ਕਿਸਾਨਾਂ ਨੂੰ ਨਵੀਆਂ ਖੋਜਾਂ ਨੂੰ ਜ਼ਮੀਨੀ ਹਾਲਾਤਾਂ ਵਿੱਚ ਦਰਸਾਇਆ ਜਾਂਦਾ ਹੈ। ਸਿਖਲਾਈ ਦੌਰਾਨ ਵੀ ਹੱਥੀਂ ਕੰਮ ਕਰਨ ਤੇ ਜ਼ੋਰ ਦਿੱਤਾ ਜਾਂਦਾ ਹੈ। ਘਰੇਲੂ ਬਗੀਚੀ ਦਾ ਨਮੂਨਾ ਵੀ ਬਣਾਇਆ ਜਾਂਦਾ ਹੈ ।ਮਧੂ-ਮੱਖੀਆਂ ਅਤੇ ਖੁੰਬਾਂ ਦੀ ਕਾਸ਼ਤ ਦੇ ਢੰਗ ਦਰਸਾਏ ਜਾਂਦੇ ਹਨ। ਇਹਨਾਂ ਤੋਂ ਸੇਧ ਲੈ ਕੇ ਆਮ ਕਿਸਾਨ ਵੀ ਆਪਣੀ ਖੇਤੀ ਨੂੰ ਵਿਗਿਆਨਕ ਲੀਹਾਂ ਉਪਰ ਤੋਰ ਸਕਦਾ ਹੈ। ਇਸ ਕੇਂਦਰ ਤੇ ਤਿਆਰ ਕੀਤਾ ਗਿਆ ਉਚ ਮਿਆਰੀ ਬੀਜ ਜ਼ਿਲ੍ਹੇ ਦੇ ਕਿਸਾਨਾਂ ਵਿੱਚ ਵੰਡਿਆ ਜਾਂਦਾ ਹੈ। ਇਹ ਬੀਜ ਆਮ ਤੌਰ ‘ਤੇ ਯੂਨੀਵਰਸਿਟੀ ਦੁਆਰਾ ਵਿਕਸਿਤ ਨਵੀਆਂ ਕਿਸਮਾਂ ਦਾ ਹੁੰਦਾ ਹੈ ਜਿਸ ਨਾਲ ਜ਼ਿਲ੍ਹੇ ਵਿੱਚ ਇਨ੍ਹਾਂ ਕਿਸਮਾਂ ਦਾ ਪ੍ਰਸਾਰ ਤੇਜ਼ੀ ਨਾਲ ਹੁੰਦਾ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ ਪੇਂਡੂ ਸੁਆਣੀਆਂ ਲਈ ਵੀ ਸਹੂਲਤਾਂ ਪ੍ਰਦਾਨ ਕਰਦਾ ਹੈ।ਵੱਖ-ਵੱਖ ਵਿਸ਼ਿਆਂ ਦੇ ਅਧਾਰਤ ਸਿਖਲਾਈ ਕੋਰਸ ਲਾਏ ਜਾਦੇਂ ਹਨ – ਜਿਵੇਂ ਕਿ ਕੱਪੜਿਆਂ ਦੀ ਕਟਾਈ, ਸਿਲਾਈ ਤੇ ਕਢਾਈ, ਕੱਪੜਿਆਂ ਦੀ ਰੰਗਾਈ, ਫੈਬਰਿਕ ਪੇਂਟਿੰਗ, ਆਚਾਰ,ਚਟਣੀਆਂ, ਸੁਕੈਸ਼, ਜੈਮ ਬਣਾਉਣਾ, ਪੌਸ਼ਟਿਕ ਭੋਜਨ ਬਣਾਉਣਾ, ਨਰਮ ਖਿਡੌਣੇ ਬਣਾਉਣੇ ਅਤੇ ਪੁਰਾਣੀਆਂ ਘਰੇਲੂ ਚੀਜ਼ਾਂ ਤੋਂ ਵਰਤੋਂਯੋਗ ਸਮਾਨ ਬਣਾਉਣਾ ਆਦਿ। ਇਸ ਤੋਂ ਇਲਾਵਾ ਪੇਂਡੂ ਸੁਆਣੀਆਂ ਨੂੰ ਪਰਿਵਾਰਿਕ ਸਿਹਤ ਬਰਕਰਾਰ ਰੱਖਣ ਦੇ ਨੁਕਤੇ ਵੀ ਸਿਖਾਏ ਜਾਂਦੇ ਹਨ। ਗਰਭਵਤੀ ਔਰਤਾਂ ਦੀ ਖੁਰਾਕ ਤੇ ਸੰਭਾਲ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਸੰਬੰਧੀ ਜਾਗਰੂਕ ਕੀਤਾ ਜਾਂਦਾ ਹੈ। ਇਹਨਾਂ ਸਿਖਲਾਈ ਕੋਰਸਾਂ ਦੀ ਸੁਆਣੀਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ। ਕ੍ਰਿਸ਼ੀ ਵਿਗਿਆਨ ਕੇਂਦਰਾਂ ਦੁਆਰਾ ਕਿਸਾਨਾਂ ਨੂੰ ਸਮੇਂ-ਸਮੇਂ ਸਿਰ ਖੇਤੀ ਸਲਾਹ ਦੇਣ ਲਈ ਮੋਬਾਇਲ ਫੋਨ ਰਾਹੀਂ ਸੁਨੇਹੇ ਵੀ ਭੇਜੇ ਜਾਂਦੇ ਹਨ। ਇਸ ਵਿਚ ਫਸਲਾਂ ਦੀ ਵਿਗਿਆਨਿਕ ਕਾਸ਼ਤ ਅਤੇ ਸਿਖਲਾਈ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿਤੀ ਜਾਂਦੀ ਹੈ।
ਖੇਤੀ ਸਲਾਹਕਾਰ ਸੇਵਾ ਕੇਂਦਰ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀ ਸਲਾਹਕਾਰ ਸੇਵਾ ਕੇਂਦਰ ਵੀ ਵੱਖ-ਵੱਖ ਜਿਲ੍ਹਿਆਂ ਵਿੱਚ ਕਿਸਾਨਾਂ ਨੂੰ ਆਧੁਨਿਕ ਖੇਤੀ ਗਿਆਨ ਪ੍ਰਦਾਨ ਕਰ ਰਹੇ ਹਨ।ਇਨ੍ਹਾਂ ਖੇਤੀ ਸਲਾਹਕਾਰ ਸੇਵਾ ਕੇਂਦਰਾਂ ਉੱਪਰ ਵੱੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਦੀ ਟੀਮ ਮੌਜੂਦ ਹੁੰਦੀ ਹੈ, ਜੋ ਕਿ ਕਿਸਾਨਾਂ ਨੂੰ ਫ਼ਸਲਾਂ ਦੀਆਂ ਉਨਤ ਕਾਸ਼ਤ ਤਕਨੀਕਾਂ ਬਾਰੇ ਜਾਣਕਾਰੀ ਮੁਹੱੱਈਆ ਕਰਵਾਉਂਦੀ ਹੈ। ਬਾਗਬਾਨੀ ਅਤੇ ਸਬਜ਼ੀਆਂ ਦੀ ਸੁਚੱਜੀ ਕਾਸ਼ਤ ਦੇ ਨਾਲ ਉਹਨਾਂ ਦੀ ਸਾਂਭ-ਸੰਭਾਲ ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਨ੍ਹਾਂ ਵਿਸ਼ਾ ਮਾਹਿਰਾਂ ਵੱੱਲੋਂ ਕਿਸਾਨਾਂ ਦੇ ਖੇਤਾਂ ਉੱਪਰ ਨਵੀਆਂ ਖੇਤੀ ਤਕਨੀਕਾਂ ਦੇ ਤਜ਼ਰਬੇ ਵੀ ਕੀਤੇ ਜਾਂਦੇ ਹਨ। ਇਹ ਮਾਹਿਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਾਗਬਾਨੀ, ਭੂਮੀ ਰੱਖਿਆ ਵਿਭਾਗ ਅਤੇ ਹੋਰ ਖੇਤੀ ਅਦਾਰਿਆਂ ਦੁਆਰਾ ਲਗਾਏ ਜਾਂਦੇ ਸਿਖਲਾਈ ਕੈਂਪਾਂ ਵਿੱਚ ਕਿਸਾਨਾਂ ਨਾਲ ਖੇਤੀ ਸਮੱਸਿਆਵਾਂ ਦੇ ਹੱੱਲ ਬਾਰੇ ਜਾਣਕਾਰੀ ਸਾਂਝੀ ਕਰਦੇ ਹਨ। ਖੇਤੀ ਸਲਾਹਕਾਰ ਸੇਵਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਖੇ ਮਾਹਿਰਾਂ ਦੀ ਟੀਮ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਕਰਨ ਲਈ ਨਿੱਜੀ ਤੌਰ ਤੇ ਸਲਾਹ-ਮਸ਼ਵਰਾ ਕਰਦੀ ਹੈ ਅਤੇ ਗੁੰਝਲਦਾਰ ਸਮੱਸਿਆਵਾਂ ਦੇ ਹੱਲ ਲਈ ਖੇਤਾਂ ਦਾ ਦੌਰਾ ਵੀ ਕਰਦੀ ਹੈ। ਨਵੀਆਂ ਖੇਤੀ ਤਕਨੀਕਾਂ ਦੀਆਂ ਪ੍ਰਦਰਸ਼ਨੀਆਂ ਲਗਾਈਆ ਜਾਂਦੀਆਂ ਹਨ ਅਤੇ ਸਮੇਂ-ਸਮੇਂ ਸਿਰ ਖੇਤ ਦਿਵਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਟੀ.ਵੀ. ਅਤੇ ਰੇਡਿਓ ਰਾਹੀਂ ਵੀ ਖੇਤੀ ਜਾਣਕਾਰੀ ਦਾ ਪਸਾਰ ਕੀਤਾ ਜਾਂਦਾ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਵੱਖ-ਵੱਖ ਵਿਸ਼ਿਆ ਦੇ ਅਧਾਰਿਤ ਖੇਤੀ ਸਾਹਿਤ ਜ਼ਿਲ੍ਹਾ ਪੱਧਰ ਤੇ ਫਾਰਮ ਸਲਾਹਕਾਰ ਸੇਵਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇੱਥੋਂ ਸਾਉਣੀ ਤੇ ਹਾੜ੍ਹੀ ਦੀਆਂ ਫ਼ਸਲਾਂ ਲਈ ਸਿਫਾਰਿਸ਼ਾਂ, ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ, ਖੁੰਬਾਂ ਦੀ ਕਾਸ਼ਤ,ਮਧੂ-ਮੱਖੀਆਂ ਦੀ ਸਾਂਭ-ਸੰਭਾਲ ਅਤੇ ਖੇਤੀ ਨਾਲ ਸੰਬਧਿਤ ਹੋਰ ਵਿਸ਼ਿਆਂ ਬਾਰੇ ਕਿਤਾਬਾਂ ਮਿਲਦੀਆਂ ਹਨ। ਕਿਸਾਨ ਵੀਰ ਅਤੇ ਬੀਬੀਆਂ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਖੇਤੀ ਮੈਗਜ਼ੀਨਾਂ ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਦਾ ਚੰਦਾ ਭਰ ਕੇ ਇਹਨਾਂ ਨਾਲ ਜੁੜ ਸਕਦੇ ਹਨ।
ਖੇਤੀਬਾੜੀ ਤਕਨਾਲੋਜੀ ਸੂਚਨਾ ਕੇਂਦਰ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪਹੁੰਚਣ ਵਾਲੇ ਕਿਸਾਨਾਂ ਨੂੰ ਇੱਕ ਥਾਂ ਤਕਨੀਕੀ ਜਾਣਕਾਰੀ ਮੁੱਹਈਆ ਕਰਵਾਉਣ ਲਈ ਖੇਤੀਬਾੜੀ ਤਕਨਾਲੋਜੀ ਸੂਚਨਾ ਕੇਂਦਰ ਸਥਾਪਤ ਕੀਤਾ ਗਿਆ ਹੈ।
ਇਹ ਯੂਨੀਵਰਸਿਟੀ ਦੇ ਗੇਟ ਨੰਬਰ ਇੱੱਕ ਦੇ ਨਜ਼ਦੀਕ ਘੰਟਾ ਘਰ ਵਾਲੀ ਇਮਾਰਤ ਵਿੱਚ ਸਥਿਤ ਹੈ।ਇਸ ਕੇਂਦਰ ਵਿੱਚ ਹੀ ਪੌਦਿਆਂ ਦਾ ਹਸਪਤਾਲ ਬਣਾਇਆ ਗਿਆ ਹੈ, ਜਿੱਥੇ ਖੇਤੀ ਮਾਹਿਰ ਕਿਸਾਨਾਂ ਦੁਆਰਾ ਲਿਆਂਦੇ ਬਿਮਾਰ ਬੂਟਿਆਂ ਅਤੇ ਹੋਰ ਨਮੂਨਿਆ ਦਾ ਨਿਰੀਖਣ ਕਰਕੇ ਢੁੱਕਵੇ ਇਲਾਜ ਸੰਬੰਧੀ ਜਾਣਕਾਰੀ ਦਿੰਦੇ ਹਨ। ਕਿਸਾਨ ਇਸ ਸੂਚਨਾ ਕੇਂਦਰ ਤੋ ਟੈਲੀਫੋਨ ਰਾਹੀ ਵੀ ਖੇਤੀ ਜਾਣਕਾਰੀ ਹਾਸਿਲ ਕਰ ਸਕਦੇ ਹਨ। ਇਸ ਦੇ ਨਾਲ ਹੀ ਸਥਿਤ ਬੀਜਾਂ ਦੀ ਦੁਕਾਨ ਤੋ ਕਿਸਾਨ ਵੀਰ ਫ਼ਸਲਾਂ ਦੀਆਂ ਉੱਨਤ ਕਿਸਮਾਂ ਦੇ ਬੀਜ ਵੀ ਪ੍ਰਾਪਤ ਕਰ ਸਕਦੇ ਹਨ।
ਹੁਨਰ ਵਿਕਾਸ ਕੇਂਦਰ: ਕਿਸਾਨ ਨਵੀਨਤਮ ਖੇਤੀ ਸਿਖਲਾਈ ਲੈਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਥਾਪਿਤ ਹੁਨਰ ਵਿਕਾਸ ਕੇਂਦਰ ਨਾਲ ਵੀ ਰਾਬਤਾ ਪੈਦਾ ਕਰ ਸਕਦੇ ਹਨ। ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਵਿਗਿਆਨਿਕ ਖੇਤੀ ਅਤੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦੇਣ ਲਈ ਸਾਲ ਵਿੱੱਚ ਦੋ ਵਾਰ ਤਿੰਨ ਮਹੀਨਿਆਂ ਦਾ ਸਿਖਲਾਈ ਕੋਰਸ ਵੀ ਕਰਵਾਇਆ ਜਾਂਦਾ ਹੈ। ਹਰ ਵਰ੍ਹੇ ਲਗਾਏ ਜਾਣ ਵਾਲੇ ਕਿਸਾਨ ਮੇਲੇ ਵੀ ਖੇਤੀ ਗਿਆਨ ਦੀ ਲੋੜ ਨੂੰ ਪੂਰਾ ਕਰਦੇ ਹਨ। ਯੂਨੀਵਰਸਿਟੀ ਦੁਆਰਾ ਲਗਾਏ ਜਾਣ ਵਾਲੇ ਸਾਰੇ ਸਿਖਲਾਈ ਕੋਰਸਾਂ ਦੀ ਜਾਣਕਾਰੀ ਮਾਸਿਕ ਖੇਤੀ ਮੈਗਜ਼ੀਨਾਂ ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਵਿੱੱਚ ਹਰ ਮਹੀਨੇ ਦਿੱੱਤੀ ਜਾਂਦੀ ਹੈ।ਯੂਨੀਵਰਸਿਟੀ ਦੀ ਵੈੱਬਸਾਈਟ ਉੱੱਪਰ ਵੀ ਸਿਖਲਾਈਨਾਮਾ ਦੇਖਿਆ ਜਾ ਸਕਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਅਗਾਂਹਵਧੂ ਨੌਜਵਾਨਾਂ ਨਾਲ ਕੰਪਿਊਟਰ ਅਤੇ ਇੰਟਰਨੈਟ ਰਾਹੀਂ ਖੇਤੀ ਜਾਣਕਾਰੀ ਸਾਂਝੀ ਕਰਨ ਲਈ ਪੀ.ਏ.ਯੂ. ਦੂਤ ਵੀ ਬਣਾਏ ਜਾਂਦੇ ਹਨ। ਪੀ.ਏ.ਯੂ. ਦੂਤ ਬਣਨ ਲਈ ਕਿਸਾਨ ਆਪਣਾ ਈ ਮੇਲ ਪਤਾ ਅਤੇ ਫੋਨ ਨੰਬਰ ਜਿਲ੍ਹੇ ਦੇ ਫਾਰਮ ਸਲਾਹਕਾਰ ਸੇਵਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਚ ਦਰਜ ਕਰਵਾ ਸਕਦੇ ਹਨ। ਯੂਨੀਵਰਸਿਟੀ, ਇਨ੍ਹਾਂ ਪੀ.ਏ.ਯੂ. ਦੂਤ ਕਿਸਾਨਾਂ ਨੂੰ ਆਪੋ ਆਪਣੇ ਪਿੰਡਾਂ ਵਿਚ ਪਸਾਰ ਲਈ ਖੇਤੀ ਜਾਣਕਾਰੀ ਮੁਹਈਆ ਕਰਦੀ ਹੈ। ਵਟਸਐਪ ਰਾਹੀਂ ਵੀ ਤੁਸੀਂ ਨਵੀਨਤਮ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਯੂਨੀਵਰਸਿਟੀ ਅਗਾਂਹਵਧੂ ਕਿਸਾਨਾਂ ਨੂੰ ਵੱਖ-ਵੱਖ ਕਿਸਾਨ ਕਮੇਟੀਆ ਅਤੇ ਪੀ.ਏ.ਯੂ. ਕਿਸਾਨ ਕਲੱਬ ਦੇ ਮੈਂਬਰ ਬਣਨ ਲਈ ਵੀ ਉਤਸ਼ਾਹਿਤ ਕਰਦੀ ਹੈ।ਕਿਸਾਨ ਜ਼ਿਲ੍ਹੇ ਪੱਧਰ ਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਦੀ ਪੰਜਾਬ ਨੌਜਵਾਨ ਕਿਸਾਨ ਸੰਸਥਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਵਿਗਿਆਨਿਕ ਸਲਾਹਕਾਰ ਕਮੇਟੀ ਦੇ ਮੈਂਬਰ ਬਣ ਸਕਦੇ ਹਨ ਜਦਕਿ ਯੂਨੀਵਰਸਿਟੀ ਵਿੱਚ ਪੀ.ਏ.ਯੂ. ਫਾਰਮਰਜ਼ ਕਮੇਟੀ, ਪੀ.ਏ.ਯੂ. ਫਲ ਅਤੇ ਸਬਜ਼ੀ ਉਤਪਾਦਕ ਕਮੇਟੀ ਅਤੇ ਅਗਾਂਹਵਧੂ ਕਿਸਾਨ ਬੀਜ਼ ਉਤਪਾਦਨ, ਮਧੂ ਮੱਖੀ ਪਾਲਣ, ਰੁਖ ਉਤਪਾਦਨ, ਫਸਲੀ ਰਹਿੰਦ-ਖੂੰਹਦ ਸੰਭਾਲ ਐਸੋਸੀਏਸ਼ਨ, ਖੁੰਬ ਉਤਪਾਦਨ, ਜੈਵਿਕ ਖੇਤੀ, ਫੁਲ ਉਤਪਾਦਨ ਐਸੋਸੀਏਸ਼ਨਾਂ ਦੇ ਮੈਂਬਰ ਬਣ ਕੇ ਲਾਭ ਉਠਾ ਸਕਦੇ ਹਨ।
ਆਧੁਨਿਕ ਸੰਚਾਰ ਦੇ ਵਸੀਲੇ : ਯੂਨੀਵਰਸਿਟੀ ਦੁਆਰਾ ਕਿਸਾਨਾਂ ਦੀ ਸਹੂਲਤ ਲਈ ਇੱਕ ਕਿਸਾਨ ਪੋਰਟਲ ਵੀ ਤਿਆਰ ਕੀਤਾ ਗਿਆ ਹੈ ਜਿਸ ਤੋਂ ਹਰ ਫ਼ਸਲ ਬਾਰੇ ਤਕਨੀਕੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਪੋਰਟਲ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਉਪਲੱਬਧ ਹੈ। ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਯੂਨੀਵਰਸਿਟੀ ਵੱਲੋਂ ਪੀ.ਏ.ਯੂ. ਕਿਸਾਨ ਐਪ ਵੀ ਤਿਆਰ ਕੀਤਾ ਗਿਆ ਹੈ, ਜਿਸਨੂੰ ਕਿਸਾਨ ਆਪਣੇ ਸਮਾਰਟ ਫੋਨ ਉਪਰ ਬੜੀ ਆਸਾਨੀ ਨਾਲ ਵਰਤ ਸਕਦੇ ਹਨ।ਯੂਨੀਵਰਸਿਟੀ ਵੱਲੋਂ ‘ਖੇਤੀ ਸੰਦੇਸ਼’ ਨਾਮ ਦਾ ਹਫ਼ਤਾਵਰ ਅਖਬਾਰ ਵੀ ਜਾਰੀ ਕੀਤਾ ਜਾਂਦਾ ਹੈ । ਇਸ ਅਖਬਾਰ ਨੂੰ ਹਾਸਲ ਕਰਨ ਲਈ ਅਤੇ ਹੋਰ ਨਵੀਨਤਮ ਜਾਣਕਾਰੀ ਪ੍ਰਾਪਤ ਕਰਨ ਲਈ 82880-57707 ਨੰਬਰ ਤੇ ਮਿਸ ਕਾਲ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਉਦਮੀ ਕਿਸਾਨ ਯੂਨੀਵਰਸਿਟੀ ਦੇ ਯੂ-ਟਿਊਬ ਚੈਨਲ, ਫੇਸਬੁੱਕ ਪੇਜ (ਯੂਨੀਵਰਸਿਟੀ ਦੀ ਵੈਬਸਾਈਟ ਵੇਖੋ ਜੀ) ਨਾਲ ਜੁੜਕੇ ਖੇਤੀ ਗਿਆਨ ਪ੍ਰਾਪਤ ਕਰ ਰਹੇ ਹਨ।
ਸੋ ਆਪਣੀ ਖੇਤੀ ਨੂੰ ਵਿਗਿਆਨਕ ਖੇਤੀ ‘ਤੇ ਤੋਰਨ ਲਈ ਸਾਨੂੰ ਗਿਆਨ ਦਾ ਹਾਣੀ ਬਣਨਾ ਪਵੇਗਾ। ਯੂਨੀਵਰਸਿਟੀ ਦੇ ਵਿਗਿਆਨੀ ਗਿਆਨ ਦਾ ਖਜ਼ਾਨਾ ਤੁਹਾਡੇ ਤੱਕ ਪਹੁੰਚਾਉਣ ਲਈ ਹਮੇਸ਼ਾ ਤਿਆਰ ਬਰ ਤਿਆਰ ਹਨ। ਆਉ ਗਿਆਨ ਨਾਲ ਸਾਂਝ ਪਾਈਏ ਅਤੇ ਖੇਤੀ ਗਿਆਨ ਦੇ ਖਜ਼ਾਨੇ ਵੱਲ ਆਪਣਾ ਹੱਥ ਵਧਾਈਏ।

-ਧਰਮਿੰਦਰ ਸਿੰਘ, ਜਸਵਿੰਦਰ ਸਿੰਘ ਭੱਲਾ ਅਤੇ ਅਨਿਲ ਸ਼ਰਮਾ
ਪਸਾਰ ਸਿੱਖਿਆ ਵਿਭਾਗ,ਪੀ ਏ ਯੂ

Share this Article
Leave a comment