ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ‘ਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਵਾਪਸੀ ਦੇ ਨਾਲ ਹੀ ਐੱਸਆਈਟੀ ਨੇ ਵੱਡੀ ਕਾਰਵਾਈ ਕੀਤੀ ਹੈ । ਜਾਂਚ ਟੀਮ ਨੇ ਕੋਟਕਪੂਰਾ ਗੋਲੀਕਾਂਡ ‘ਚ ਆਈ ਜੀ ਪਰਮਰਾਜ ਉਮਰਾਨੰਗਲ,ਸਾਬਕਾ ਐਸਐਸਪੀ ਚਰਨਜੀਤ ਸ਼ਰਮਾ,ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਏਡੀਸੀਪੀ ਪਰਮਜੀਤ ਸਿੰਘ ਪੰਨੂ, ਡੀਐੱਸਪੀ ਬਲਜੀਤ ਸਿੰਘ ਅਤੇ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਦੇ ਖਿਲਾਫ ਕੋਰਟ ‘ਚ ਚਲਾਨ ਪੇਸ਼ ਕਰ ਦਿੱਤਾ ਹੈ । ਜਦਕਿ ਕੋਰਟ ਨੇ ਇਸ ਮਾਮਲੇ ‘ਚ 6 ਜੂਨ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਹੈ ।
ਜੁਡੀਸ਼ੀਅਲ ਮਜਿਸਟ੍ਰੇਟ ਏਕਤਾ ਉੱਪਲ ਨੇ ਇਸ ਮਾਮਲੇ ‘ਚ ਆਈਜੀ ਉਮਰਾਨੰਗਲ ਨੁੰ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ।ਉੱਧਰ ਚਰਨਜੀਤ ਸ਼ਰਮਾ ਪਟਿਆਲਾ ਜੇਲ ‘ਚ ਬੰਦ ਹੈ । ਤੁਹਾਨੁੰ ਦੱਸ ਦਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ ‘ਚ ਲਗਾਤਾਰ ਕਈ ਦਿਨ ਤੋਂ ਬੈਠੇ ਸਿੱਖਾਂ ਉੱਪਰ 13 ਅਕਤੂਬਰ 2015 ਦੀ ਸਵੇਰ ਨੂੰ ਪੁਲਿਸ ਵੱਲੋਂ ਅਚਨਚੇਤ ਲਾਠੀਚਾਰਜ਼ ਅਤੇ ਉਸ ਤੋਂ ਬਾਅਦ ਪੰਡਾਲ ਅਤੇ ਹੋਰ ਸਮਾਨ ਨੂੰ ਅੱਗ ਲਾਉਣ ਅਤੇ ਬਹਿਬਲ ਕਲਾਂ ਵਿਖੇ ਨਿਹੱਥਿਆਂ ‘ਤੇ ਗੋਲੀ ਚਲਾਈ ਗਈ ਸੀ ਜਿਸ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ।