ਲੁਧਿਆਣਾ: ਪੰਜਾਬ ਦੀਆਂ ਕੇਂਦਰੀ ਜੇਲ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੁਣ ਸੀਆਰਪੀਐੱਫ ਜਵਾਨਾਂ ਸੌਂਪ ਦਿੱਤੀ ਗਈ ਹੈ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਜੇਲ੍ਹਾ ‘ਚ ਬੀਤੇ ਦਿਨੀ ਹੋਈਆ ਖੂਨੀ ਝੜਪਾਂ ਤੋਂ ਬਾਅਦ ਲਿਆ ਗਿਆ ਹੈ। ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਸੀਆਰਪੀਐੱਫ ਦੀ ਇਕ ਟੀਮ ਪਹੁੰਚ ਗਈ ਹੈ ਜੋ ਭਲਕੇ ਚਾਰਜ ਲੈ ਕੇ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਲਵੇਗੀ।
ਬਠਿੰਡਾ,ਲੁਧਿਆਣਾ,ਕਪੂਰਥਲਾ ਅਤੇ ਅੰਮ੍ਰਿਤਸਰ ਦੀਆਂ ਕੇਂਦਰੀ ਜੇਲ੍ਹਾਂ ਦੀ ਜ਼ਿੰਮੇਵਾਰੀ ਸੀਆਰਪੀਐੱਫ ਜਵਾਨ ਕਰਨਗੇ। ਪੰਜਾਬ ਦੀਆਂ ਚਾਰ ਕੇਂਦਰੀ ਜੇਲ੍ਹਾਂ ‘ਚ ਸੀਆਰਪੀਐੱਫ ਤਾਇਨਾਤ ਕਰ ਦਿੱਤੀ ਗਈ। ਬਠਿੰਡਾ ‘ਚ 64,ਕਪੂਰਥਲਾ ‘ਚ 70 ਤੇ ਲੁਧਿਆਣਾ ‘ਚ 79 ਜਵਾਨ ਤਾਇਨਾਤ ਕੀਤੇ ਗਏ ਹਨ।
- Advertisement -
ਸੀਆਰਪੀਐੱਫ ਦੀ ਇਕ ਕੰਪਨੀ ਬੁੱਧਵਾਰ ਤੋਂ ਤਾਇਨਾਤ ਹੋਵੇਗੀ। ਇਹ ਕੰਪਨੀ ਮੰਗਲਵਾਰ ਨੂੰ ਲੁਧਿਆਣਾ ਪਹੁੰਚ ਗਈ ਹੈ ਅਤੇ ਬੁੱਧਵਾਰ ਨੂੰ ਚਾਰਜ ਲੈ ਕੇ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਲਵੇਗੀ। ਜਵਾਨ ਲਾਈਟ ਮਸ਼ੀਨ ਗੰਨਾਂ ਨਾਲ ਚੁਕੰਨੇ ਰਹਿਣਗੇ।
ਸੀਆਰਪੀਐੱਫ ਦੇ ਇਹ ਜਵਾਨ ਲੁਧਿਆਣਾ ਦੀ ਕੇਂਦਰੀ ਜੇਲ੍ਹ ਡਿਓਢੀ, ਮੁਲਾਕਾਤ ਵਾਲੀ ਜਗ੍ਹਾ ਅਤੇ ਜੇਲ੍ਹ ਦੀ ਛੱਤ ‘ਤੇ ਤਾਇਨਾਤ ਰਹਿਣਗੇ। ਜੇਲ੍ਹ ਅੰਦਰ ਦੋ ਹਾਈ ਸਕਿਓਰਿਟੀ ਜ਼ੋਨ ਵੀ ਹਨ, ਇਨ੍ਹਾਂ ਦੋਵਾਂ ਜ਼ੋਨਾਂ ‘ਚ ਪੰਜਾਬ ਭਰ ਦੇ 27 ਗੈਂਗਸਟਰ ਬੰਦ ਹਨ। ਦੋਵਾਂ ਹਾਈ ਸਕਿਓਰਿਟੀ ਜ਼ੋਨਾਂ ਦੀ ਸੁਰੱਖਿਆ ਵੀ ਸੀਆਰਪੀਐੱਫ ਦੇ ਮੁਲਾਜ਼ਮਾਂ ਦੇ ਜ਼ਿੰਮੇ ਹੋਵੇਗੀ।