ਲਓ ਬਈ ਅਕਾਲੀਆਂ ਨੇ ਕੁੰਵਰ ਵਿਜੇ ਬਾਰੇ ਕਰਤਾ ਵੱਡਾ ਖੁਲਾਸਾ, ਕਹਿੰਦੇ ਹੁਣ ਆਊ ਅਸਲੀ ਮਜ਼ਾ ਇਸ ਫਸਣ ਫਸਾਉਣ ਵਾਲੀ ਖੇਡ ਦਾ!

TeamGlobalPunjab
4 Min Read

ਚੰਡੀਗੜ੍ਹ : ਇੰਝ ਜਾਪਦਾ ਹੈ ਜਿਵੇਂ ਬੇਅਦਬੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਦੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਵੱਲੋਂ ਸੁਖਬੀਰ, ਮਨਤਾਰ ਬਰਾੜ, ਰਾਮ ਰਹੀਮ ਤੇ ਸੁਮੇਧ ਸੈਣੀ ਤੋਂ ਇਲਾਵਾ ਕਈ ਹੋਰ ਪੁਲਿਸ ਅਧਿਕਾਰੀਆਂ ਦੇ ਖਿਲਾਫ ਚਲਾਨ ਫ਼ਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕਰਕੇ ਅਕਾਲੀਆਂ ਦੇ ਸਿਆਸੀ ਜ਼ਖਮ ਹਰੇ ਕਰ ਦਿੱਤੇ ਹਨ। ਸਿੱਟ ਦੇ ਇਸ ਐਕਸ਼ਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਪੂਰੀ ਤਿਆਰੀ ਨਾਲ ਕਾਂਗਰਸ ਸਰਕਾਰ ‘ਤੇ ਧਾਵਾ ਬੋਲਦਿਆਂ ਕਿਹਾ ਹੈ, ਕਿ ਕੈਪਟਨ ਸਰਕਾਰ ਦੀ ਸਿੱਟ ਵੱਲੋਂ ਇਨ੍ਹਾਂ ਮਾਮਲਿਆਂ ਦੀ ਕੀਤੀ ਗਈ ਜਾਂਚ ਨਾ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਸੀ ਬਲਕਿ ਇਹ ਜਾਂਚ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਵੀ ਕੀਤੀ ਗਈ ਸੀ। ਇਸ ਮੌਕੇ ਇਕ ਪੱਤਰਕਾਰ ਸੰਮੇਲਨ ਕਰਕੇ ਅਕਾਲੀਆਂ ਨੇ ਐਸਆਈਟੀ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਗਏ ਚਲਾਨ ਨੂੰ ਹੀ ਗੈਰ ਕਨੂੰਨੀ ਕਰਾਰ ਦੇ ਦਿੱਤਾ।

ਸੀਨੀਅਰ ਅਕਾਲੀ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ, ਪੰਜਾਬ ਦੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾਂ ਅਤੇ ਸਾਬਕਾ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਅਤੇ ਕੁਝ ਹੋਰ ਅਕਾਲੀ ਆਗੂਆਂ ਵੱਲੋਂ ਮਿਲ ਕੇ ਕੀਤੇ ਗਏ ਇਸ ਪੱਤਰਕਾਰ ਸੰਮੇਲਨ ਵਿੱਚ ਅਕਾਲੀਆਂ ਨੇ ਇਹ ਦੋਸ਼ ਲਾਇਆ ਹੈ ਕਿ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੀ ਸ਼ਿਕਾਇਤ ‘ਤੇ ਚੋਣ ਕਮਿਸ਼ਨ ਨੇ ਇਸ ਐਸਆਈਟੀ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਇਸ ਕੇਸ ਵਿੱਚੋਂ ਤਬਾਦਲਾ ਕਰ ਦਿੱਤਾ ਸੀ, ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੂਬਾ ਸਰਕਾਰ ਨੇ 27 ਮਈ ਵਾਲੇ ਦਿਨ ਮੁੜ ਐਸਆਈਟੀ ਦਾ ਚਾਰਜ ਦਿੱਤਾ ਹੈ। ਇਨ੍ਹਾਂ ਆਗੂਆਂ ਨੇ ਪੱਤਰਕਾਰ ਸੰਮੇਲਨ ਵਿੱਚ ਉਹ ਚਲਾਨ ਦਾ ਹਿੱਸਾ ਪੇਸ਼ ਕਰਕੇ ਦਾਅਵਾ ਕੀਤਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ  ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਹ ਚਲਾਨ ਹੀ ਗੈਰ ਕਨੂੰਨੀ  ਹੈ, ਜਿਸ ਚਲਾਨ ਵਿੱਚ ਸੁਖਬੀਰ, ਰਾਮ ਰਹੀਮ, ਮਨਤਾਰ ਬਰਾੜ ਤੇ ਸੁਮੇਧ ਸੈਣੀ ਤੋਂ ਇਲਾਵਾ ਹੋਰ ਕਈ ਪੁਲਿਸ ਵਾਲਿਆਂ ਦਾ ਬੇਅਦਬੀ ਮਾਮਲਿਆਂ ਵਿੱਚ ਹੱਥ ਦੱਸਿਆ ਗਿਆ ਹੈ।

ਇਸ ਸਬੰਧ ਵਿੱਚ ਬੋਲਦਿਆਂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੂਬਾ ਸਰਕਾਰ ਨੇ 27 ਮਈ ਨੂੰ ਇਸ ਕੇਸ ਵਿੱਚ ਵਾਪਸ ਲਿਆਂਦਾ ਸੀ, ਜਦਕਿ ਚਲਾਨ ਨੂੰ ਅਦਾਲਤ ਵਿੱਚ ਭੇਜਣ ਲਈ ਕੁੰਵਰ ਵੱਲੋਂ ਇਸ ‘ਤੇ ਹਸਤਾਖਰ 23 ਮਈ 2019 ਵਾਲੇ ਦਿਨ ਹੀ ਕਰ ਦਿੱਤੇ ਸਨ ਜੋ ਕਿ ਸਰਾਸਰ ਕਨੂੰਨ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਚੋਣਾਂ ਜਿੱਤੀਆਂ ਹਨ ਤੇ ਜਾਂ ਫਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਹ ਚਲਾਨ ਗੈਰ ਕਨੂੰਨੀ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹਾ ਇਸ ਲਈ ਕਹਿ ਰਹੇ ਹਨ ਕਿਉਂਕਿ ਜੇਕਰ ਪੰਜਾਬ ਸਰਕਾਰ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਇਸ ਕੇਸ ਵਿੱਚੋਂ ਕਰ ਦਿੱਤਾ ਸੀ ਤਾਂ ਫਿਰ ਉਹ ਇਸ ਕੇਸ ਵਿੱਚ ਆਪਣੀ ਵਾਪਸੀ ਤੋਂ 4 ਦਿਨ ਪਹਿਲਾਂ ਉਸ ਚਲਾਨ ‘ਤੇ ਹਸਤਾਖਰ ਕਿਸ ਤਰ੍ਹਾਂ ਕਰ ਸਕਦੇ ਹਨ, ਜਿਹੜਾ ਚਲਾਨ  28 ਮਈ ਵਾਲੇ ਦਿਨ ਉਨ੍ਹਾਂ ਦੇ ਕੇਸ ‘ਚ ਵਾਪਸ ਆਉਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਹੋਣਾ ਸੀ? ਇਸ ਤੋਂ ਇਲਾਵਾ ਇੱਥੇ ਬੋਲਦਿਆਂ ਡਾ. ਦਲਜੀਤ ਸਿੰਘ ਚੀਮਾਂ ਨੇ ਕਿਹਾ ਕਿ ਅਕਾਲੀ ਦਲ ਨੇ ਚੋਣਾਂ ਦੌਰਾਨ ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸਆਈਟੀ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ  ਤਬਾਦਲਾ ਇਸ ਕੇਸ ਵਿੱਚੋਂ ਕਰਵਾਇਆ ਸੀ, ਜਦਕਿ ਇਸ ਕੇਸ ਦੀ ਜਾਂਚ 4 ਹੋਰ ਪੁਲਿਸ ਅਧਿਕਾਰੀ ਵੀ ਕਰ ਰਹੇ ਸਨ। ਫਿਰ ਉਨ੍ਹਾਂ 4 ਮੈਂਬਰਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਤੋਂ ਬਾਅਦ ਅੱਗੇ ਜਾਂਚ ਕਿਉਂ ਨਹੀਂ ਕੀਤੀ? ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਕਰਦਾ ਹੈ ਕਿ ਕਾਂਗਰਸ ਪਾਰਟੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਰਾਹੀਂ ਅਕਾਲੀ ਦਲ ਨਾਲ ਆਪਣੀ ਸਿਆਸੀ ਕਿੜ ਕੱਢ ਰਹੀ ਹੈ।

Share this Article
Leave a comment