ਲਓ ਜੀ ਸਿੱਧੂ ਦੇ ਪਿੱਛੇ ਪਏ ਹੁਣ ਬੀ.ਜੇ.ਪੀ. ਵਾਲੇ, ਆਹ ਦੇਖੋ ਰਾਜਪਾਲ ਨੂੰ ਕਰਤੀ ਲਿਖਤੀ ਸ਼ਿਕਾਇਤ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਉਠਿਆ ਆਪਸੀ ਵਿਵਾਦ ਅਜਿਹਾ ਉਲਝਿਆ ਹੈ ਕਿ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਹ ਵਿਵਾਦ ਸੁਲਝਣ ਦਾ ਨਾਮ ਹੀ ਨਹੀਂ ਲੈ ਰਿਹਾ, ਤੇ ਹਾਲਾਤ ਇਹ ਹਨ ਕਿ ਹੁਣ ਤੱਕ ਜਿਹੜੀਆਂ ਵਿਰੋਧੀ ਪਾਰਟੀਆਂ ਇਸ ਵਿਵਾਦ ਨੂੰ ਕਾਂਗਰਸ ਦਾ ਅੰਦਰੂਨੀ ਮਸਲਾ ਦੱਸਦੀਆਂ ਆਈਆਂ ਸਨ, ਓਹੀਓ ਹੁਣ ਇਹ ਰੌਲਾ ਪਾਉਣਾ ਸ਼ੁਰੂ ਹੋ ਗਈਆਂ ਹਨ, ਕਿ ਜੇ ਸਿੱਧੂ ਕੰਮ ਨਹੀਂ ਕਰ ਰਿਹਾ ਤਾਂ ਫਿਰ ਉਨ੍ਹਾਂ ਨੂੰ ਤਨਖਾਹ ਤੇ ਭੱਤੇ ਕਾਹਦੇ? ਇੱਥੇ ਹੀ ਬੱਸ ਨਹੀਂ ਗੱਲ ਸਿਰਫ ਬਿਆਨ ਦੇਣ ਤੱਕ ਹੀ ਸੀਮਤ ਰਹਿੰਦੀ ਤਾਂ ਸ਼ਾਇਦ ਵੱਡਾ ਮਸਲਾ ਨਾ ਹੁੰਦਾ, ਹੁਣ ਤਾਂ ਇਹ ਵਿਰੋਧੀ ਇਸ ਮਾਮਲੇ ਨੂੰ ਲਿਖਤੀ ਤੌਰ ‘ਤੇ ਪੰਜਾਬ ਦੇ ਰਾਜਪਾਲ ਕੋਲ ਵੀ ਲੈ ਗਏ ਹਨ।

ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਤਰੁਨ ਚੁੱਘ ਦੀ। ਜਿਨ੍ਹਾਂ ਨੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਇੱਕ ਪੱਤਰ ਲਿਖ ਕੇ ਇਹ ਦੋਸ਼ ਲਾਇਆ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਬਿਜਲੀ ਮਹਿਕਮੇਂ ਦਾ ਚਾਰਜ ਨਾ ਲੈਣ ‘ਤੇ ਸੂਬੇ ਅੰਦਰ ਸੰਵਿਧਾਨਿਕ ਸੰਕਟ ਪੈਦਾ ਹੋ ਗਿਆ ਹੈ ਕਿਉਂਕਿ ਕਾਂਗਰਸ ਸਰਕਾਰ ਦੇ ਮੰਤਰੀ ਮੁੱਖ ਮੰਤਰੀ ਦਾ ਕਹਿਣਾ ਨਹੀਂ ਮੰਨ ਰਹੇ, ਤੇ ਜਿਨ੍ਹਾਂ ਮੰਤਰੀਆਂ ਨੇ ਆਹੁਦੇ ਦੀ ਸਹੁੰ ਚੁੱਕੀ ਹੈ ਉਹ ਅਗਿਆਤਵਾਸ ਵਿੱਚ ਬੈਠੇ ਹੋਣ ਦੇ ਬਾਵਜੂਦ ਤਨਖਾਹ ਅਤੇ ਭੱਤੇ ਉਸੇ ਤਰ੍ਹਾਂ ਲੈ ਰਹੇ ਹਨ। ਚੁੱਘ ਨੇ ਨਵਜੋਤ ਸਿੰਘ ਸਿੱਧੂ ਦਾ ਸਿੱਧਾ ਨਾਂ ਲੈਂਦਿਆਂ ਕਿਹਾ ਕਿ ਇਹ ਇੱਕ ਗੰਭੀਰ ਮਸਲਾ ਹੈ ਕਿਉਂਕਿ ਬਿਜਲੀ ਮਹਿਕਮੇਂ ਦਾ ਚਾਰਜ ਨਾ ਸੰਭਾਲਣ ਕਾਰਨ ਲੋਕਾਂ ਨੂੰ ਗੰਭੀਰ ਸੱਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ‘ਚ ਤਰੁਨ ਚੁੱਘ ਨੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨੂੰ ਦਖਲ ਦੇ ਕੇ ਮਸਲੇ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ।

Share this Article
Leave a comment