ਲੁਧਿਆਣਾ : ਸ਼ਹਿਰ ਦੇ ਸਲੇਮ ਟਾਵਰੀ ਇਲਾਕੇ ‘ਚ ਸਥਿਤ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ‘ਤੇ ਅਕਾਲੀਆਂ ਵੱਲੋਂ ਮਲੀ ਗਈ ਕਾਲਖ ਨੂੰ ਆਪਣੀ ਪੱਗ ਨਾਲ ਸਾਫ਼ ਕਰਨ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਆਪਣੇ ਇਸ ਕਾਰੇ ਨੂੰ ਵੱਡੀ ਭੁੱਲ ਦੱਸ ਕੇ ਸਮੂਹ ਸਿੱਖ ਜਥੇਬੰਦੀਆਂ, ਪੰਜ ਪਿਆਰਿਆਂ, ਪੰਜਾਂ ਤਖਤਾਂ ਤੇ ਖਾਸ ਕਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਮੰਗ ਲਈ ਹੈ । ਦੱਸ ਦੇਈਏ ਕਿ 2 ਅਕਾਲੀਆਂ ਵਲੋਂ 1984 ਸਿੱਖ ਨਸਲਕੁਸ਼ੀ ਮਾਮਲੇ ਨੂੰ ਲੈ ਕੇ ਰਾਜੀਵ ਗਾਂਧੀ ਦੇ ਬੁੱਤ ਨੂੰ ਮਲੀ ਕਾਲਖ ਨੂੰ ਮੰਡ ਵਲੋਂ ਆਪਣੀ ਪੱਗ ਉਤਾਰ ਕੇ ਸਾਫ ਕੀਤੇ ਜਾਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਦੇਖ ਕੇ ਸਮੁਚੇ ਸਿੱਖ ਜਗਤ ਨੇ ਇਸ ਦੀ ਨਿੰਦਾ ਕੀਤੀ ਸੀ । ਇਥੋਂ ਤੱਕ ਕਿ ਕੁਝ ਚਿਰ ਬਾਅਦ ਹੀ ਮੰਡ ਦੀ ਅਧਿਕਾਰਤ ਫੇਸਬੁੱਕ ਆਈ ਡੀ ‘ਤੇ ਉਸ ਨੂੰ ਧਮਕੀਆਂ ਦਿੱਤੇ ਜਾਣ ਦੀ ਸ਼ਿਕਾਇਤ ਵੀ ਮੰਡ ਨੇ ਪੁਲਿਸ ਨੂੰ ਕੀਤੀ ਸੀ । ਜਿਸ ਤੋਂਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੰਡ ਨੂੰ ਸੁਰੱਖਿਆ ਵੀ ਮੁਹੱਈਆ ਕਾਰਵਾਈ ਸੀ ।
ਇਸ ਸਬੰਧ ‘ਚ ਗੁਰਸਿਮਰਨ ਸਿੰਘ ਮੰਡ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਲਤੀ ਹਰ ਇਨਸਾਨ ਤੋੰ ਹੁੰਦੀ ਹੈ ਤੇ ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ। ਗੁਰਬਾਣੀ ਦੀਆਂ ਤੁਕਾਂ ਦਾ ਹਵਾਲਾ ਦੇ ਕੇ ਮੰਡ ਨੇ ਫਿਰ ਕਿਹਾ ਕਿ ਹਰ ਇਨਸਾਨ ਤੋੰ ਗਲਤੀਆਂ ਹੁੰਦੀਆਂ ਨੇ ਉਸ ਕੋਲੋਂ ਵੀ ਹੋਈ ਹੈ। ਇਸ ਲਈ ਜਿੰਨੀ ਉਸ ਦੀ ਸਾਰੀ ਉਮਰ ਹੈ ਉਸ ਦੌਰਾਨ ਉਸ ਤੋਂ ਜਿੰਨੀਆਂ ਵੀ ਗ਼ਲਤੀਆਂ ਹੋਈਆਂ ਨੇ ਉਹ ਉਸ ਦੀ ਮਾਫ਼ੀ ਮੰਗਦਾ ਹੈ। ਇਸ ਦੌਰਾਨ ਉਸ ਵੇਲੇ ਉਹ ਬੇਹੱਦ ਡਰਿਆ ਹੋਇਆ ਦਿਸਿਆ ਜਦੋਂ ਉਸ ਨੇ ਕਿਹਾ ਕਿ ਜੋ ਗ਼ਲਤੀਆਂ ਲੋਕਾਂ ਤੋਂ ਵੀ ਹੋਈਆਂ ਨੇ ਉਹ ਗ਼ਲਤੀਆਂ ਵੀ ਉਹ ਆਪਣੇ ਪੱਲੇ ਪਾ ਕੇ ਉਨ੍ਹਾਂ ਲਈ ਵੀ ਮਾਫ਼ੀ ਮੰਗਦਾ ਹੈ। ਕੁਲ ਡੇਢ ਮਿੰਟ ਦੀ ਇੰਟਰਵਿਊ ਦੌਰਾਨ ਮੰਡ ਨੇ ਘੱਟੋ-ਘੱਟ 5-6 ਵਾਰੀ ਮਾਫ਼ੀ ਮੰਗੀ।
ਚਰਚਾ ਹੈ ਕਿ ਉਸ ਘਟਨਾ ਤੋਂ ਬਾਅਦ ਮੰਡ ਦੇ ਹਾਲਾਤ ਇਹ ਹਨ ਕਿ ਡਰਦੇ ਮਾਰੇ ਉਸਦਾ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਐ । ਖ਼ਬਰ ਇਹ ਵੀ ਐ ਕਿ ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਨੇ ਹੀ ਉਸ ਨੂੰ ਜਦੋਂ ਅਜਿਹਾ ਕਰਨ ਦੀ ਸਲਾਹ ਦਿੱਤੀ ਤਾਂ ਉਸ ਵੇਲੇ ਉਸ ਦੇ ਮਨ ਦੇ ਅੰਦਰਲਾ ਡਰ ਹੋਰ ਡੂੰਘਾ ਹੋ ਗਿਆ ਤੇ ਇਕ ਦੱਮ ਉਸ ਨੂੰ ਰਾਜੀਵ ਗਾਂਧੀ ਵਿਚੋਂ ਰੱਬ ਨਜ਼ਰ ਆਉਣਾ ਬੰਦ ਹੋ ਗਿਆ । ਫਿਰ ਉਸਨੂੰ ਸਿਰਫ ਇੱਕੋ ਅੱਖਰ ਹੀ ਯਾਦ ਰਿਹਾ ਮਾਫ਼ੀ ਮਾਫ਼ੀ ਮਾਫ਼ੀ ਤੇ ਮਾਫ਼ੀ।