ਮੋਤੀਆਂ ਵਾਲੀ ਸਰਕਾਰ ਦਾ ਕਾਂਗਰਸੀ ਵਿਧਾਇਕਾਂ ਨੇ ਉਡਾਇਆ ਮਜ਼ਾਕ ? ਸਮਾਰਟ ਫੋਨ ਵਾਲੇ ਸਵਾਲ ਤੇ ਖਿੜ ਗਈਆਂ ਵਾਛਾਂ

Prabhjot Kaur
3 Min Read

ਇਨ੍ਹਾਂ ਵਿਧਾਇਕਾਂ ‘ਤੇ ਕੈਪਟਨ ਨਾਲ ਤੁਰਨ ‘ਤੇ ਲੱਗੇਗੀ ਰੋਕ ?

ਚੰਡੀਗੜ੍ਹ : ਇਸ ਪੂਰੀ ਖ਼ਬਰ ਨੂੰ ਪੜ੍ਹਨ ਤੋਂ ਪਹਿਲਾਂ ਸਾਡੀ ਬੇਨਤੀ ਹੈ ਕਿ ਹੇਠਾਂ ਦਿੱਤੀ ਗਈ 21 ਸਕਿੰਡ ਦੀ ਇਸ ਵੀਡੀਓ ਨੂੰ ਖੋਲ੍ਹ ਕੇ ਇੱਕ ਵਾਰ ਜ਼ਰੂਰ ਦੇਖੋ।

ਸਾਨੂੰ ਯਕੀਨ ਹੈ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਵਿੱਚ ਕਾਫੀ ਕੁਝ ਜਾਨਣ ਲਈ ਵਲਵਲੇ ਆ ਰਹੇ ਹੋਣਗੇ। ਚਲੋ ਇਸ ਖ਼ਬਰ ਦੇ ਵਿਸਥਾਰ ਵੱਲ ਚਲਦੇ ਹਾਂ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਫਿਰ ਗਰਮਾ-ਗਰਮ ਰਿਹਾ। ਜਿੱਥੇ ਇਸ ਸ਼ੈਸ਼ਨ ਨੂੰ ਲੈ ਕੇ ਇੱਕ ਵਾਰ ਫਿਰ ਵਿਰੋਧੀ ਧਿਰਾਂ ਆਪਣੀ ਪੂਰੀ ਤਿਆਰੀ ਨਾਲ ਸਰਕਾਰ ਨੂੰ ਘੇਰਨ ਦੀ ਤਾਕ ਵਿੱਚ ਰਹੀਆਂ, ਉੱਥੇ ਦੂਜੇ ਪਾਸੇ ਮੀਡੀਆ ਵੀ ਬਾਈਟ ਦੇਣ ਲਈ ਮਸਾਂ ਫਸੇ ਮੰਤਰੀਆਂ ਅਤੇ ਮੁੱਖ ਮੰਤਰੀ ਨੂੰ ਸਵਾਲਾਂ ਦੀ ਝੜੀ ਲਾਉਂਦੇ ਦਿਸੇ। ਅਜਿਹੇ ਹੀ ਇੱਕ ਮੌਕੇ ਜਦੋਂ ਕੈਪਟਨ ਅਮਰਿੰਦਰ ਸਿੰਘ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਇੱਕ ਅਜਿਹਾ ਭਾਣਾ ਵਾਪਰ ਗਿਆ ਜਿਸ ਨੂੰ ਵੇਖਣ ਤੋਂ ਬਾਅਦ ਲੋਕਾਂ ਨੇ ਸਰਕਾਰ ਦੀ ਨੀਅਤ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਹੋਇਆ ਇੰਝ ਕਿ ਜਿਉਂ ਹੀ ਪੱਤਰਕਾਰ ਨੇ ਵਿਧਾਨ ਸਭਾ ‘ਚੋਂ ਬਾਹਰ ਨਿੱਕਲੇ ਮੁੱਖ ਮੰਤਰੀ ਨੂੰ ”ਸਮਾਰਟ ਫੋਨ ਕਦੋਂ ਵੰਡੋਗੇ”, ਵਾਲਾ ਸਵਾਲ ਪੁੱਛਿਆ ਤਾਂ ਉਨ੍ਹਾਂ ਦੇ ਪਿੱਛੇ ਖੜ੍ਹੇ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਅਤੇ ਨਵਤੇਜ ਸਿੰਘ ਚੀਮਾਂ ਦੀ ਹਾਸੀ ਨਿੱਕਲ ਗਈ। ਜੋ ਕਿ ਕੈਮਰੇ ਦੀ ਅੱਖ ਨੇ ਹੂ-ਬ-ਹੂ ਕੈਦ ਕਰ ਲਈ। ਇਹ ਹਾਸੀ ਨਾ ਸਿਰਫ ਮੀਡੀਆ ਨੂੰ ਖ਼ਬਰ ਦਾ ਵਧੀਆ ਮਸਾਲਾ ਦੇ ਗਈ ਬਲਕਿ ਆਉਂਦੇ ਸਮੇਂ ਦੌਰਾਨ ਵਿਰੋਧੀ ਵੀ ਜੇਕਰ ਇਸ ਵੀਡੀਓ ਨੂੰ ਸਟੇਜ਼ਾਂ ਤੇ ਦਿਖਾ ਦਿਖਾ ਕੇ ਲੋਕਾਂ ਦਾ ਮੰਨੋਰੰਜਨ ਕਰਦੇ ਦਿਸਣ, ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ।

ਇਸ ਵੀਡੀਓ ਦੇ ਸ਼ੁਰੂ ਹੁੰਦਿਆਂ ਹੀ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਜਿਉਂ ਹੀ ਕਿਹਾ ਕਿ ਬਕਾਇਦਾ ਤੌਰ ‘ਤੇ ਮੋਬਾਇਲ ਫੋਨ ਦਿੱਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਤੇ ਇਹ ਪ੍ਰੋਜੈਕਟ ਤਾਂ ਪਹਿਲਾਂ ਹੀ ਬਜਟ ਵਿੱਚ ਪ੍ਰਵਾਨ ਕੀਤਾ ਜਾ ਚੁੱਕਿਆ ਹੈ, ਉਨ੍ਹਾਂ ਦੇ ਪਿੱਛੇ ਖੜ੍ਹੇ ਵਿਧਾਇਕ ਨਵਤੇਜ ਸਿੰਘ ਚੀਮਾਂ ਤੋਂ ਆਪਣੀ ਹਾਸੀ ਰੋਕੀ ਨਹੀਂ ਗਈ ਤੇ ਖਿੜ ਖਿੜਾ ਕੇ ਹੱਸੇ ਚੀਮਾਂ ਦਾ ਧਿਆਨ ਜਿਉਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਬਿਲਕੁਲ ਪਿੱਛੇ ਖੜ੍ਹੇ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ‘ਤੇ ਪਿਆ ਤਾਂ ਅੱਖਾਂ ਚਾਰ ਹੁੰਦਿਆਂ ਹੀ ਲੋਧੀ ਨੰਗਲ ਦਾ ਵੀ ਹਾਸਾ ਨਿੱਕਲ ਗਿਆ। ਇਹ ਹਾਸਾ ਭਾਵੇਂ ਸਹਿਜ ਸੁਭਾ ਹੀ ਨਿੱਕਲਿਆ ਹੋਵੇ ਪਰ ਹਾਸੇ ਦੀ ਟਾਈਮਿੰਗ ਸਮਾਰਟ ਫੋਨ ਵਾਲੇ ਸਵਾਲ ਦੇ ਨਾਲ ਇੰਨੀ ਮੈਚ ਕਰ ਗਈ ਕਿ ਵੀਡੀਓ ਵੇਖਣ ਅਤੇ ਸੁਨਣ ਵਾਲੇ ਨੂੰ ਇਹ ਸੁਨੇਹਾ ਗਿਆ ਕਿ ਸਮਾਰਟ ਫੋਨ ਦੇ ਸਵਾਲ ‘ਤੇ ਤਾਂ ਹੁਣ ਸਰਕਾਰ ਦੇ ਆਪਣੇ ਕਾਂਗਰਸੀ ਵਿਧਾਇਕ ਵੀ ਮਜ਼ਾਕ ਉਡਾਉਣ ਲੱਗ ਪਏ ਹਨ। ਸੱਚਾਈ ਕੀ ਹੈ ਇਹ ਤਾਂ ਹੱਸਣ ਵਾਲੇ ਦੋਵੇਂ ਵਿਧਾਇਕ ਬੇਹਤਰ ਦੱਸ ਸਕਦੇ ਹਨ ਪਰ ਜੇਕਰ ਇਹ ਹਾਸੀ ਵਾਲੀ ਗੱਲ ਕੈਪਟਨ ਅਮਰਿੰਦਰ ਸਿੰਘ ਹੁਰਾਂ ਦੇ ਧਿਆਨ ਵਿੱਚ ਆ ਗਈ ਤਾਂ ਅਜਿਹਾ ਹੋ ਸਕਦਾ ਹੈ ਕਿ ਉਹ ਅੱਗੇ ਤੋਂ ਅਜਿਹੇ ਵਿਧਾਇਕ ਨਾਲ ਰੱਖਣ ਜਿੰਨ੍ਹਾਂ ਨੂੰ ਅਜਿਹੇ ਸਵਾਲਾਂ ਦੇ ਜਵਾਬ ਦਿੰਦਿਆਂ ਹਾਸੀ ਨਾ ਆਵੇ।

- Advertisement -

 

Share this Article
Leave a comment