ਮਹਿੰਗੀ ਬਿਜਲੀ- ਨਿੱਜੀ ਥਰਮਲ ਪਲਾਂਟਾਂ ਨਾਲ ਸਮਝੌਤੇ ਰੱਦ ਕਰਾਉਣ ਲਈ ਅਮਨ ਅਰੋੜਾ ਨੇ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ

TeamGlobalPunjab
4 Min Read

ਬਿਜਲੀ ਸਮਝੌਤੇ ਰੱਦ ਕਰਨ ਸੰਬੰਧੀ ਚੋਣ ਵਾਅਦੇ ਤੋਂ ਭੱਜੀ ਕਾਂਗਰਸ-ਅਮਨ ਅਰੋੜਾ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਸੂਬੇ ਦੇ ਲੋਕਾਂ ਦਾ ਬੇਹੱਦ ਮਹਿੰਗੀ ਬਿਜਲੀ ਤੋਂ ਖਹਿੜਾ ਛੁਡਾਉਣ ਲਈ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੀ ਤੁਰੰਤ ਦਖ਼ਲਅੰਦਾਜ਼ੀ ਮੰਗੀ ਹੈ।

ਪੱਤਰ ਰਾਹੀਂ ਕਾਂਗਰਸ ਸੁਪਰੀਮੋ ਨੂੰ ਸੰਬੋਧਿਤ ਹੁੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਸੂਬੇ ‘ਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦਾ ਵਿਧਾਇਕ ਹੋਣ ਦੇ ਨਾਤੇ ਉਹ (ਅਰੋੜਾ) ਉਨ੍ਹਾਂ ਦਾ ਧਿਆਨ ਪੰਜਾਬ ਦੇ ਲੋਕਾਂ ਨੂੰ ਮਿਲ ਰਹੀ ਹੱਦੋਂ ਵੱਧ ਮਹਿੰਗੀ ਬਿਜਲੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਹੋਏ ਬਿਜਲੀ ਖ਼ਰੀਦ ਸਮਝੌਤਿਆਂ (ਪੀਪੀਏਜ਼) ਬਾਰੇ 2017 ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਾਅਦੇ ਵੱਲ ਦਿਵਾਉਣਾ ਚਾਹੁੰਦੇ ਹਨ।

ਅਮਨ ਅਰੋੜਾ ਨੇ ਦੱਸਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ 3 ਨਿੱਜੀ ਥਰਮਲ ਪਲਾਂਟਾਂ ਨਾਲ ਬੇਹੱਦ ਮਹਿੰਗੇ, ਮਾਰੂ ਅਤੇ ਇੱਕ ਪਾਸੜ ਪੀਪੀਏਜ਼ ਸਹੀ ਬੱਧ ਹੋਏ, ਜਿਸ ਕਾਰਨ ਅੱਜ ਪੰਜਾਬ ਦੇ ਹਰੇਕ ਬਿਜਲੀ ਖਪਤਕਾਰ ਨੂੰ ਅਤਿਅੰਤ ਮਹਿੰਗੀ ਬਿਜਲੀ ਮਿਲ ਰਹੀ ਹੈ।

- Advertisement -

ਅਮਨ ਅਰੋੜਾ ਨੇ ਪੀਪੀਏਜ਼ ਦੀਆਂ ਮਾਰੂ ਸ਼ਰਤਾਂ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਸੁਪਰੀਮੋ ਨੂੰ ਦੱਸਿਆ ਕਿ ਜੇਕਰ ਸਰਕਾਰ ਇਨ੍ਹਾਂ ਥਰਮਲ ਪਲਾਂਟਾਂ ਕੋਲੋਂ ਸਾਲ ਭਰ ਇੱਕ ਵੀ ਯੂਨਿਟ ਬਿਜਲੀ ਖ਼ਰੀਦ ਨਹੀਂ ਕਰਦੀ ਤਾਂ ਵੀ ਸੂਬੇ ਦੇ ਲੋਕਾਂ ਅਤੇ ਸਰਕਾਰੀ ਖ਼ਜ਼ਾਨੇ ਦੇ ਹਜ਼ਾਰਾਂ ਕਰੋੜ ਰੁਪਏ ਇਨ੍ਹਾਂ ਨਿੱਜੀ ਥਰਮਲ ਕੰਪਨੀਆਂ ਨੂੰ ਅਦਾ ਕਰਨੇ ਪੈ ਰਹੇ ਹਨ।

ਅਮਨ ਅਰੋੜਾ ਨੇ ਕਿਹਾ ਕਿ ਮੈਨੀਫੈਸਟੋ ਅਨੁਸਾਰ ਸਰਕਾਰ ਬਣਨ ‘ਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਇਕਰਾਰਨਾਮੇ ਰੱਦ ਕੀਤੇ ਜਾਣਗੇ ਜਾਂ ਫਿਰ ਰਿਵਿਊ ਕੀਤੇ ਜਾਣਗੇ, ਪਰੰਤੂ 3 ਸਾਲ ਲੰਘਣ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਅਤੇ ਲੋਕਾਂ ਦੇ ਹਿੱਤ ਕੋਈ ਕਦਮ ਨਹੀਂ ਚੁੱਕਿਆ, ਸਗੋਂ ਉਹ (ਮੁੱਖ ਮੰਤਰੀ) ਬਾਦਲਾਂ ਦੇ ਰਾਹ ‘ਤੇ ਚੱਲ ਪਏ ਹਨ।
ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਵਜੋਂ ਜ਼ਿੰਮੇਵਾਰੀ ਨਿਭਾਉਂਦੇ ਹੋਏ ਸੂਬੇ ‘ਚ ਮਾਰੂ ਬਿਜਲੀ ਸਮਝੌਤੇ ਅਤੇ ਮਹਿੰਗੀ ਬਿਜਲੀ ਦਾ ਮੁੱਦਾ ਤੱਥਾਂ ਅਤੇ ਤਰਕਾਂ ਨਾਲ ਲੋਕ ਹਿੱਤ ‘ਚ ਉਠਾਇਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ। ਨਤੀਜੇ ਵਜੋਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਸਮੇਤ ਕਾਂਗਰਸ ਦੇ ਕਈ ਹੋਰ ਸੂਬਾ ਪੱਧਰੀ ਆਗੂਆਂ ਅਤੇ ਵਿਧਾਇਕਾਂ ਨੇ ਵੀ ਆਮ ਆਦਮੀ ਪਾਰਟੀ ਦਾ ਮੰਗ ‘ਚ ਹਾਂ ਮਿਲਾਉਂਦੇ ਹੋਏ ਨਿੱਜੀ ਬਿਜਲੀ ਕੰਪਨੀਆਂ ਨਾਲ ਪੀਪੀਏਜ਼ ਰੱਦ ਕਰਨ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਨਿੱਜੀ ਥਰਮਲ ਪਲਾਂਟਾਂ ਨੇ ਸਿਰਫ਼ ਪੈਸੇ ਦੀ ਹੀ ਲੁੱਟ ਨਹੀਂ ਮਚਾਈ ਸਗੋਂ ਪ੍ਰਦੂਸ਼ਣ ਨਿਯਮਾਂ ਨੂੰ ਵੀ ਛਿੱਕੇ ਟੰਗ ਕੇ ਲੋਕਾਂ ਦੀ ਸਿਹਤ ਅਤੇ ਚੌਗਿਰਦੇ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੱਤਾ ਹੈ।

ਅਮਨ ਅਰੋੜਾ ਨੇ ਸੋਨੀਆ ਗਾਂਧੀ ਕੋਲੋਂ ਮੰਗ ਕੀਤੀ ਕਿ ਉਹ ਪਾਰਟੀ ਦੇ ਕੌਮੀ ਪ੍ਰਧਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਰਦੇਸ਼ ਜਾਰੀ ਕਰ ਕੇ ਨਜਾਇਜ਼ ਸ਼ਰਤਾਂ ਵਾਲੇ ਲੋਕ ਵਿਰੋਧੀ ਬਿਜਲੀ ਸਮਝੌਤੇ (ਪੀਪੀਏਜ਼) ਰੱਦ ਕਰਵਾਉਣ। ਅਮਨ ਅਰੋੜਾ ਨੇ ਕਾਂਗਰਸ ਸੁਪਰੀਮੋ ਨੂੰ ਨਾਲ ਹੀ ਸੁਚੇਤ ਕੀਤਾ ਕਿ ਜੇਕਰ ਕਾਂਗਰਸ ਨਿੱਜੀ ਬਿਜਲੀ ਕੰਪਨੀਆਂ ਨਾਲ ਮਿਲੀਭੁਗਤ ਜਾਂ ‘ਕਮਿਸ਼ਨ’ ਦੇ ਦਬਾਅ ਕਾਰਨ ਪੰਜਾਬ ਅਤੇ ਲੋਕ ਹਿਤੈਸ਼ੀ ਕਦਮ ਉਠਾਉਣ ਤੋਂ ਨਾਕਾਮ ਰਹਿੰਦੀ ਹੈ ਤਾਂ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਸਭ ਤੋਂ ਪਹਿਲਾਂ ਨਿੱਜੀ ਥਰਮਲ ਪਲਾਂਟਾਂ ਦੀ ਅੰਨ੍ਹੀ ਲੁੱਟ ਰੋਕਣ ਲਈ ਬਿਜਲੀ ਸਮਝੌਤਿਆਂ ਦਾ ਰਿਵਿਊ ਕਰੇਗੀ ਅਤੇ ਇਨ੍ਹਾਂ ਨੂੰ ਰੱਦ ਕਰੇਗੀ।

Share this Article
Leave a comment