ਭਾਜਪਾ ਚਾਹੁੰਦੀ ਹੈ ਢੀਂਡਸਾ ਦੇ ਹੱਥ ਹੋਵੇ ਅਕਾਲੀ ਦਲ ਦੀ ਕਮਾਂਡ, ਕਿਤੇ ਤਾਹੀਂਓਂ ਤਾਂ ਨੀ ਦਿੱਤਾ ਪਦਮ ਸ਼੍ਰੀ ਅਵਾਰਡ?

ਕੁਲਵੰਤ ਸਿੰਘ

ਅੰਮ੍ਰਿਤਸਰ : ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦਾ ਪ੍ਰਧਾਨ ਲਾਏ ਜਾਣ ਸਬੰਧੀ ਮਹਾਰਾਸ਼ਟਰ ਸਰਕਾਰ ਵਲੋਂ ਕਾਨੂੰਨ ਬਣਾਏ ਜਾਣ ਤੋਂ ਬਾਅਦ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਭੜਕ ਕੇ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਤੋੜ ਦੇਣ ਦਾ ਬਿਆਨ ਦੇਣ ਤੋਂ ਬਾਅਦ ਭਾਜਪਾ ਆਗੂਆਂ ਵੱਲੋਂ ਵੀ ਸੜਦੇ ਬਲਦੇ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਚਰਚਾ ਇਹ ਵੀ ਛਿੜ ਗਈ ਹੈ ਕਿ ਇਸ ਗੱਠਜੋੜ ਤੋਂ ਪਹਿਲਾਂ ਹੀ ਅੱਕੇ ਬੈਠੇ ਭਾਜਪਾਈ ਵੀ ਹੁਣ ਪੰਜਾਬ ਵਿੱਚ ਅਕਾਲੀਆਂ ਦੇ ਘੱਟ ਰਹੇ ਵੋਟ ਬੈਂਕ ਨੂੰ ਦੇਖਦਿਆਂ, ਉਸ ਅਕਾਲੀ ਦਲ ਨਾਲੋਂ ਨਾਤਾ ਤੋੜਨ ਦੀ ਫਿਰਾਕ ਵਿੱਚ ਹਨ, ਜਿਸ ਦੀ ਅਗਵਾਈ ਬਾਦਲ ਕਰ ਰਹੇ ਹਨ, ਕਿਉਂਕਿ ਭਾਜਪਾਈਆਂ ਦਾ ਇਹ ਮੰਨਣਾ ਹੈ ਕਿ ਪੰਜਾਬ ਵਿੱਚ ਲੋਕ ਬਾਦਲਾਂ ਨਾਲ ਨਾਰਾਜ਼ ਹਨ, ਨਾ ਕਿ ਅਕਾਲੀ ਦਲ ਨਾਲ । ਲਿਹਾਜਾ ਚਰਚਾ ਹੈ ਕਿ ਭਾਜਪਾ ਵਾਲੇ ਵੀ ਇਹ ਚਾਹੁੰਦੇ ਹਨ ਕਿ ਅਕਾਲੀ ਦਲ ਦੀ ਕਮਾਂਡ ਸੁਖਦੇਵ ਸਿੰਘ ਢੀਂਡਸਾ ਵਰਗੇ ਸਾਫ ਸੁਥਰੇ ਅਕਸ਼ ਵਾਲੇ ਆਗੂ ਦੇ ਹੱਥ ਹੋਵੇ ਜਿਸ ਨਾਲ ਗੱਠਜੋੜ ਨੂੰ ਵਧਾ ਕੇ ਪੁਰਾਣੇ ਦਾਗ ਧੋ ਕੇ ਮੁੜ ਸੱਤਾ ਹਾਸਲ ਕੀਤੀ ਜਾ ਸਕੇ।

ਇੱਥੇ ਦੱਸ ਦਈਏ ਕਿ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦਾ ਪ੍ਰਧਾਨ ਲਾਏ ਜਾਣ ਸਬੰਧੀ ਮਹਾਂਰਾਸਟਰ ਸਰਕਾਰ ਵੱਲੋਂ ਕਾਨੂੰਨ ਬਣਾਏ ਜਾਣ ‘ਤੇ ਮਨਜਿੰਦਰ ਸਿੰਘ ਸਿਰਸਾ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਭਾਰਤੀ ਜਨਤਾ ਪਾਰਟੀ ਚੋਰ ਮੋਰੀਆਂ ਰਾਹੀਂ ਸਿੱਖਾਂ ਦੇ ਮਾਮਲਿਆਂ ‘ਚ ਦਖਲ-ਅੰਦਾਜੀ ਕਰ ਰਹੀ ਹੈ ਲਿਹਾਜ਼ਾ ਭਾਜਪਾਈਆਂ ਨਾਲ ਗੱਠਜੋੜ ਤੋੜਿਆ ਜਾ ਸਕਦਾ ਹੈ। ਇਸ ਤੋਂ ਬਾਅਦ ਤੇਜ਼ੀ ਨਾਲ ਬਦਲੇ ਘਟਨਾਕ੍ਰਮ ਦੌਰਾਂਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੇ ਗਏ ਬਿਆਨ ਤੇ ਭਾਰਤੀ ਜਨਤਾ ਪਾਰਟੀ ਦੇ ਰਾਸਟਰੀ ਸਕੱਤਰ ਆਰ ਪੀ ਸਿੰਘ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਕਿ ਜੇਕਰ ਅਕਾਲੀਆਂ ਨੇ ਭਾਜਪਾ ਦੇ ਖ਼ਿਲਾਫ ਬੋਲਣਾ ਹੀ ਹੈ ਤਾਂ ਉਹ ਪਹਿਲਾਂ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਤੋੜਨ, ਤੇ ਆਪਣੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ‘ਚੋਂ ਬਾਹਰ ਕੱਢ ਲੈਣ।

ਇਸ ਤੋਂ ਇਲਾਵਾ ਆਰ ਐਸ ਐਸ ਦਾ ਹਿੱਸਾ ਰਾਸਟਰੀ ਸਿੱਖ ਸੰਗਤ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ ਤਾਂ ਆਰ ਪੀ ਸਿੰਘ ਤੋਂ ਦੋ ਕਦਮ ਹੋਰ ਅੱਗੇ ਲੰਘ ਕੇ ਬੋਲ ਗਏ, ਕਿ ਸਿੱਖ ਮਾਮਲਿਆਂ ‘ਤੇ ਬੋਲਣ ਦਾ ਅਧਿਕਾਰ ਸਿਰਫ ਅਕਾਲੀ ਦਲ ਨੂੰ ਹੀ ਨਹੀਂ ਹੈ। ਗਿੱਲ ਨੇ ਅਕਾਲੀਆਂ ਦੇ ਹੱਢ ‘ਤੇ ਮਾਰੂ ਬਿਆਨ ਦਿੰਦਿਆਂ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਅਕਾਲੀਆਂ ਨੇ ਸਦਾ ਗੁਰਦੁਆਰਿਆਂ ਨੂੰ ਕਿਸ ਤਰ੍ਹਾਂ ਸਿਆਸਤ ਲਈ ਵਰਤਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀਆਂ ਤੋਂ ਇਲਾਵਾ ਵੀ ਬਹੁਤ ਸਾਰੇ ਅਜਿਹੇ ਗੁਰੂ ਦੇ ਸਿੱਖ ਹਨ ਜਿਨ੍ਹਾਂ ਕੋਲ ਸ਼੍ਰੀ ਅਕਾਲ ਤਖ਼ਤ ਸਾਹਿਬ ਵਰਗੇ ਆਹੁਦੇ ‘ਤੇ ਬੈਠਣ ਦੀ ਕਾਬਲੀਅਤ ਹੈ, ਪਰ ਅਕਾਲੀਆਂ ਨੂੰ ਇਹ ਡਰ ਹੈ ਕਿ ਜੇ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਸਿੱਖ ਅੱਗੇ ਆ ਗਿਆ ਤਾਂ ਇਨ੍ਹਾਂ ਲੋਕਾਂ ਦੀਆਂ ਮਨ ਮਰਜੀਆਂ ਖ਼ਤਮ ਹੋ ਜਾਣਗੀਆਂ।

ਇਨ੍ਹਾਂ ਬਿਆਨਾਂ ਤੋਂ ਪਹਿਲਾਂ ਬੀਤੇ ਦਿਨੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਸੁਖਦੇਵ ਸਿੰਘ ਢੀਂਡਸਾ ਅਤੇ ਐਚ ਐਸ ਫੂਲਕਾ ਨੂੰ ਪਦਮ ਸ਼੍ਰੀ ਦਾ ਅਵਾਰਡ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ ਸਿਰਸਾ ਦੇ ਬਿਆਨ ਤੋਂ ਬਾਅਦ ਭਾਜਪਾਈਆਂ ਅਤੇ ਆਰ ਐਸ ਐਸ ਵਾਲਿਆਂ ਦੀਆਂ ਆ ਰਹੀਆਂ ਪ੍ਰਤੀਕਿਰਿਆਵਾਂ ਨੇ ਪਦਮ ਸ਼੍ਰੀ ਅਵਾਰਡ ਦਿੱਤੇ ਜਾਣ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਛੇੜ ਦਿੱਤੀਆਂ ਹਨ। ਦੱਸ ਦਈਏ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਇੱਕ ਚਰਚਾ ਛਿੜੀ ਸੀ ਕਿ ਭਾਰਤੀ ਜਨਤਾ ਪਾਰਟੀ ਵਾਲੇ ਅਕਾਲੀਆਂ ਨਾਲ ਗੱਠਜੋੜ ਅੱਗੇ ਵਧਾਉਣਾ ਨਹੀਂ ਚਾਹੁੰਦੇ ਪਰ ਇਹ ਗੱਠਜੋੜ ਨਹੀਂ ਟੁੱਟਿਆ ਤੇ ਨਤੀਜਾ ਇਹ ਨਿੱਕਲਿਆ ਕਿ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਤੋਂ ਬਾਅਦ ਅਕਾਲੀ ਦਲ ਦੇ ਨਾਲ ਭਾਜਪਾ ਵੀ ਲੋਕਾਂ ਦੇ ਨਿਸ਼ਾਨੇ ‘ਤੇ ਆ ਗਈ।

ਤਾਜ਼ਾ ਹਾਲਾਤ ਨੂੰ ਦੇਖ ਦਿਆਂ ਇਹ ਗੱਠਜੋੜ ਟੁੱਟਣ ਦੀ ਚਰਚਾ ਇੱਕ ਵਾਰ ਫਿਰ ਛਿੜ ਗਈ ਹੈ ਤੇ ਇਸ ਵਾਰ ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਵਾਲੇ ਪੂਰੀ ਪਲੈਨਿੰਗ ਨਾਲ ਕੰਮ ਕਰ ਰਹੀ ਹੈ। ਭਾਜਪਾ ਦਾ ਇੱਕ ਧੜ੍ਹਾ ਇਹ ਚਾਹੁੰਦਾ ਹੈ ਕਿ ਆਉਂਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਪਾਰਟੀ ਸੂਬੇ ਵਿੱਚ ਆਪਣੇ ਦਮ ‘ਤੇ ਲੜੇ, ਤੇ ਦੂਜਾ ਅਤੇ ਤਾਕਤਵਰ ਧੜ੍ਹਾ ਇਹ ਚਾਹੁੰਦਾ ਹੈ ਕਿ ਭਾਜਪਾ ਚੋਣ ਲੜੇ ਤਾਂ ਅਕਾਲੀ ਦਲ ਦੇ ਗੱਠਜੋੜ ਨਾਲ ਹੀ, ਪਰ ਉਸ ਅਕਾਲੀ ਦਲ ਦਾ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਹੋਵੇ। ਸ਼ਾਇਦ ਇਹੋ ਵਜ੍ਹਾ ਰਹੀ ਕਿ ਜਿਸ ਵੇਲੇ ਢੀਂਡਸਾ ਤੇ ਫੂਲਕਾ ਨੂੰ ਪਦਮ ਸ਼੍ਰੀ ਅਵਾਰਡ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਉਸ ਦੀ ਜਾਣਕਾਰੀ ਅਕਾਲੀ ਦਲ ਦੇ ਆਗੂਆਂ ਤੋਂ ਗੁਪਤ ਰੱਖੀ ਗਈ। ਸੂਤਰਾਂ ਅਨੁਸਾਰ ਭਾਜਪਾਈਆਂ ਦੀ ਇਹ ਸੋਚ ਹੈ ਕਿ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ ਬਾਦਲਾਂ ‘ਤੇ ਹਨ ਨਾ ਕਿ ਅਕਾਲੀ ਦਲ ‘ਤੇ।

ਭਾਰਤੀ ਜਨਤਾ ਪਾਰਟੀ ਦੇ ਕੁਝ ਲੋਕ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਤਰਕ ਦਿੰਦੇ ਹਨ ਕਿ ਜੇਕਰ ਭਾਜਪਾ ਆਪਣੇ ਇਸ ਆਈਡੀਏ ਨੂੰ ਅਮਲੀ ਜ਼ਾਮਾਂ ਪਹਿਨਾਉਣ ਵਿੱਚ ਕਾਮਯਾਬ ਨਹੀਂ ਵੀ ਹੁੰਦੀ ਤਾਂ ਵੀ ਬਾਦਲਾਂ ਨੂੰ ਛੱਡ ਕੇ ਕੁਝ ਲੋਕ ਅਜਿਹੇ ਵੀ ਹੋਣਗੇ ਜਿਨ੍ਹਾਂ ਨਾਲ ਗੱਠਜੋੜ ਕਰਕੇ ਉਹ ਅਗਲੀਆਂ ਚੋਣਾਂ ਲੜ ਸਕਦੀ ਹੈ, ਕਿਉਂਕਿ ਜਿੱਥੇ ਇੱਕ ਪਾਸੇ ਸੁਖਦੇਵ ਸਿੰਘ ਢੀਂਡਸਾ ਦਾ ਸਿਆਸੀ ਅਕਾਲੀ ਧੜ੍ਹਾ ਹੋਵੇਗਾ, ਉੱਥੇ ਦੂਜੇ ਪਾਸੇ ਐਚ ਐਸ ਫੂਲਕਾ ਵੱਲੋਂ ਐਸ ਜੀ ਪੀ ਸੀ ਦੇ ਖ਼ਿਲਾਫ ਛੇੜੀ ਗਈ ਮੁਹਿੰਮ ਨੂੰ ਲਗਾਤਾਰ ਬੂਰ ਪੈ ਰਿਹਾ ਹੈ। ਅਜਿਹੇ ਵਿੱਚ ਸ਼ਤਰੰਜ ਦੀ ਇਸ ਚਾਲ ਤੋਂ ਬਾਦਲਾਂ ਦਾ ਬਚਣਾ ਮੁਸ਼ਕਲ ਹੋਵੇਗਾ।

ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਸਿਆਣੇ ਸੂਝਵਾਨ ਤੇ ਸਿਆਸੀ ਮਾਹਰ ਲੋਕ ਬਾਦਲਾਂ ਦੇ ਧੜ੍ਹੇ ਨੂੰ ਇਹ ਸਲਾਹ ਦਿੰਦੇ ਹਨ ਕਿ ਮਾੜੇ ਸਮੇਂ ਵਿੱਚ ਦੜ੍ਹ ਵੱਟ ਕੇ ਸਮਾਂ ਲੰਘਾ ਲੈਣ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਬਾਦਲਾਂ ਦਾ ਹਾਲ ਵੀ ਉਨ੍ਹਾਂ ਦੇ ਮਿੱਤਰ ਚੌਟਾਲਿਆਂ ਵਰਗਾ ਹੋਵੇਗਾ, ਤੇ ਅਜਿਹੇ ਵਿੱਚ ‘ਆਪ’ ਵਾਲੇ ਬੇਸ਼ੱਕ ਆਪਸ ਵਿੱਚ ਲੜ-ਲੜ ਕੇ ਸੜਕਾਂ ਤੇ ਆਪਣਾ ਜ਼ਲੂਸ ਕੱਡ ਲੈਣ, ਕਾਂਗਰਸ ਵਾਅਦੇ ਨਾ ਪੂਰੇ ਕਰਨ ਦਾ ਦੋਸ਼ ਝੱਲ ਕੇ ਸੱਤਾ ਤੋਂ ਬਾਹਰ ਹੋ ਜਾਵੇ ਪਰ ਉਨ੍ਹੀ ਬੁਰੀ ਹਾਲਤ ਉਨ੍ਹਾਂ ਦੀ ਵੀ ਨਹੀਂ ਹੋਵੇਗੀ ਜਿੰਨੀ ਬਾਦਲਾਂ ਦੀ ਹੋਵੇਗੀ।

Check Also

ਕਿਸਾਨਾਂ ਦੇ ਗਰੁੱਪਾਂ ਨੂੰ ਮਾਨ ਸਰਕਾਰ ਨੇ ਸਿੰਚਾਈ ਸਕੀਮਾਂ ਤਹਿਤ 90 ਫੀਸਦੀ ਵਿੱਤੀ ਸਹਾਇਤਾ ਦਿੱਤੀ: ਡਾ. ਨਿੱਝਰ

ਚੰਡੀਗੜ੍ਹ: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰੋਤਾਂ …

Leave a Reply

Your email address will not be published.