ਪਾਕਿਸਤਾਨ: ਪਾਕਿਸਤਾਨ ‘ਚ ਇੱਕ ਬੱਸ ਅਤੇ ਤੇਲ ਦੇ ਟੈਂਕਰ ਵਿਚਾਲੇ ਹੋਈ ਜ਼ਬਰਦਸਤ ਟੱਕਰ ‘ਚ 26 ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਬਲੋਚਿਸਤਾਨ ਦੇ ਲਾਸਬੇਲਾ ਜ਼ਿਲ੍ਹੇ ਦੀ ਹਬ ਤਹਿਸੀਲ ‘ਚ ਬੀਤੀ ਰਾਤ ਵਾਪਰਿਆ।
ਸਵਾਰੀਆਂ ਨਾਲ ਭਰੀ ਬੱਸ ਕਰਾਚੀ ਤੋਂ ਪੰਜਗੁਰ ਜਾ ਰਹੀ ਸੀ, ਇਸੇ ਦੌਰਾਨ ਕਵੇਟਾ-ਕਰਾਚੀ ਹਾਈਵੇਅ ‘ਤੇ ਉਲਟੀ ਦਿਸ਼ਾ ਤੋਂ ਆ ਰਹੇ ਤੇਲ ਨਾਲ ਭਰੇ ਇੱਕ ਟੈਂਕਰ ਨੇ ਇਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਹਾਂ ਵਾਹਨਾਂ ‘ਚ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਦੋਹਾਂ ਵਾਹਨਾਂ ‘ਚ ਬੈਠੇ ਲੋਕ ਅੰਦਰ ਫਸ ਗਏ।
ਲਾਸਬੇਲਾ ਦੇ ਡਿਪਟੀ ਕਮਿਸ਼ਨਰ ਮੁਤਾਬਕ ਪ੍ਰਸ਼ਾਸਨ ਨੇ ਜਿੰਨੀਆਂ ਵੀ ਲਾਸ਼ਾਂ ਬਰਾਮਦ ਕੀਤੀਆਂ ਹਨ, ਉਹ ਸਾਰੀਆਂ ਜਲੀ ਹੋਈ ਅਵਸਥਾ ‘ਚ ਹਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਕਈ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ।