ਚੰਡੀਗੜ੍ਹ : ਲਗਾਤਾਰ ਵਿਵਾਦਾਂ ‘ਚ ਘਿਰੀ ਰਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਅੱਜ ਇੱਕ ਹੋਰ ਮੁਸੀਬਤ ਨੇ ਆ ਘੇਰਿਆ ਹੈ। ਹੁਣ ਇਹ ਮੁਸੀਬਤ ਪਾਈ ਹੈ ਜਸਟਿਸ ਰਣਜੀਤ ਸਿੰਘ ਨੇ ਸੁਖਬੀਰ ਬਾਦਲ ਵਿਰੁੱਧ ਸ਼ਕਾਇਤ ਦਰਜ਼ ਕਰਵਾ ਕੇ। ਜਸਟਿਸ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਜੋ ਉਨ੍ਹਾਂ ਨੇ ਬੇਅਦਬੀ ਅਤੇ ਗੋਲੀ ਕਾਂਡ ਬਾਰੇ ਜੋ ਰਿਪੋਰਟ ਤਿਆਰ ਕੀਤੀ ਸੀ ਉਸ ਬਾਰੇ ਛੋਟੇ ਬਾਦਲ ਨੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਜਿਸ ਲਈ ਉਨ੍ਹਾਂ ਨੇ ਸੁਖਬੀਰ ਬਾਦਲ ਵਿਰੁੱਧ ਅਦਾਲਤ ‘ਚ ਸ਼ਕਾਇਤ ਦਰਜ਼ ਕਰਵਾਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਬਲਕਿ ਸੁਖਬੀਰ ਬਾਦਲ ਨੇ ਉਨ੍ਹਾਂ ਦੀ ਰਿਪੋਰਟ ‘ਤੇ ਪਹਿਲਾਂ ਵੀ ਕਈ ਵਾਰ ਪੱਖਪਾਤੀ ਹੋਣ ਦੇ ਦੋਸ਼ ਲਾਏ ਹਨ ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੈਂ ਖੁਦ ਵੀ ਸੁਖਬੀਰ ਬਾਦਲ ਨਾਲ ਗੱਲਬਾਤ ਕੀਤੀ ਸੀ ਕਿ ਉਹ ਝੂਠ ਨਾ ਬੋਲਣ ਜੇਕਰ ਉਨ੍ਹਾਂ ਕੋਲ ਬੇਅਦਬੀ ਮਾਮਲੇ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਕਮਿਸ਼ਨਰ ਸਾਹਮਣੇ ਪੇਸ਼ ਹੋ ਕੇ ਸਾਂਝੀ ਕਰ ਸਕਦੇ ਹਨ।
ਇਸ ਮਾਮਲੇ ਸਬੰਧੀ ਮਾਹਿਰਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਵਿਧਾਨ ਦੀ ਧਾਰਾ 10-ਏ ਦੇ ਤਹਿਤ ਜੇਕਰ ਕੋਈ ਵਿਅਕਤੀ ਕਿਸੇ ਕਮਿਸ਼ਨ ਵਿਰੁੱਧ ਜਾਂ ਇਸ ਦੇ ਕਿਸੇ ਮੈਂਬਰ ਵਿਰੁੱਧ ਕੁਝ ਬੋਲਦਾ ਹੈ ਤਾਂ ਉਹ ਸਜ਼ਾ ਦਾ ਹੱਕਦਾਰ ਹੈ। ਇਸ ਲਈ ਦੋਸ਼ੀ ਨੂੰ 6 ਮਹੀਨੇ ਦੀ ਕੈਦ ਜਾਂ ਜੁਰਮਾਨਾਂ ਜਾਂ ਫਿਰ ਦੋਨੋਂ ਹੀ ਹੋ ਸਕਦੇ ਹਨ। ਹੁਣ ਸੁਖਬੀਰ ਬਾਦਲ ਨੂੰ ਕੀ ਸਜ਼ਾ ਦੇਣੀ ਹੈ ਇਸ ਦਾ ਫੈਸਲਾ ਹੁਣ ਅਦਾਲਤ ਕਰੇਗੀ।