ਬੈਂਸ ਨੇ ਪਾ-ਤਾ ਪਟਾਕਾ, ਚਿੱਟਾ ਲੈ ਕੇ ਜਾ ਵੜਿਆ ਕਮਿਸ਼ਨਰ ਕੋਲ, ਪੁਲਿਸ ਵਾਲੇ ਹੋ ਗਏ ਹੱਕੇ-ਬੱਕੇ, ਲੋਕਾਂ ਨੇ ਘਰ ‘ਚ ਬੈਠ ਦੇਖਿਆ ਨਜ਼ਾਰਾ

Prabhjot Kaur
5 Min Read

ਲੁਧਿਆਣਾ : ਅੱਜ ਦੇ ਦਿਨ ਲੁਧਿਆਣੇ ਦੀ ਧਰਤੀ ‘ਤੇ ਇੱਕ ਨਵਾ ਇਤਹਾਸ ਸਿਰਜ਼ਿਆ ਗਿਆ। ਜਿਹੜਾ ਕੰਮ ਸੂਬੇ ਦੀ 70 ਹਜ਼ਾਰ ਹਥਿਆਰਬੰਦ ਅਤੇ ਕਾਨੂੰਨੀ ਸ਼ਕਤੀਆਂ ਹਾਸਲ ਪੁਲਿਸ ਮਿਲ ਕੇ ਨਹੀਂ ਕਰ ਸਕੀ, ਉਹ ਕੰਮ ਲੁਧਿਆਣੇ ਦੇ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਰ ਵਿਖਾਇਆ। ਜੀ ਹਾਂ ਇਹ ਕੰਮ ਹੈ ਚਿੱਟੇ ਦੇ ਸੁਦਾਗਰਾਂ ਨੂੰ ਸ਼ਰੇਆਮ ਲੱਖਾਂ ਲੋਕਾਂ ਦੀ ਹਾਜ਼ਰੀ ‘ਚ ਫੜਨ ਦਾ। ਬੈਂਸ ਦਾ ਇਹ ਦਾਅਵਾ ਹੈ ਕਿ ਉਨ੍ਹਾਂ ਨੂੰ ਇਹ ਕਦਮ ਇਸ ਲਈ ਚੁੱਕਣਾ ਪਿਆ ਕਿਉਂਕਿ ਜਿਸ ਜਗ੍ਹਾ ਤੇਂ ਉਨ੍ਹਾਂ ਨੇ ਇਹ ਚਿੱਟਾ ਵਿਕਣ ਦਾ ਭਾਂਡਾ ਭੱਨਿਆ ਹੈ ਉਸ ਜਗ੍ਹਾ ਬਾਰੇ ਪਹਿਲਾਂ ਵੀ ਕਈ ਵਾਰ ਪੁਲਿਸ ਨੂੰ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਜਦੋਂ ਉਨ੍ਹਾਂ ਦੀ ਇਹ ਲੋਕ ਹਿੱਤ ਸ਼ਿਕਾਇਤ ਕਿਸੇ ਨੇ ਨਾ ਸੁਣੀ ਤਾਂ ਆਪ ਦਰੋਗਾ ਬਣਨਾ ਪਿਆ।

ਫੇਸਬੁੱਕ ‘ਤੇ ਲਾਈਵ ਹੋ ਕੇ ਬੈਂਸ ਵੱਲੋਂ ਮਾਰੀ ਗਈ ਇਸ ਰੇਡ ਦੌਰਾਨ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਇੱਕ ਵਿਸ਼ਵਾਸਪਾਤਰ ਨੂੰ ਲੁਧਿਆਣਾ ਦੇ ਚੀਮਾਂ ਚੌਂਕ ਦੇ ਨਾਲ ਪੈਂਦੇ ਟ੍ਰਾਂਸਪੋਰਟ ਨਗਰ ਨਜ਼ਦੀਕ ਚਿੱਟੇ ਦੇ ਵਪਾਰੀ ਕੋਲ ਭੇਜਿਆ ਜਿਸ ਨੇ ਲਾਈਵ ਚਲਦੇ ਕੈਮਰੇ ਦੇ ਸਾਹਮਣੇ ਚਿੱਟੇ ਦੇ ਵਪਾਰੀ ਤੋਂ 300 ਰੁਪਏ ਦੇ ਹਿਸਾਬ ਨਾਲ ਦੋ ਵਾਰ ‘ਚ 4 ਪੁੜੀਆਂ ਖਰੀਦੀਆਂ ਤੇ ਬੈਂਸ ਨੇ ਉਨ੍ਹਾਂ ਪੁੜੀਆਂ ਨੂੰ ਚਲਦੇ ਲਾਇਵ ਕੈਮਰਿਆਂ ਦੇ ਸਾਹਮਣੇ ਮਰੇ ਹੋਏ ਚੂਹੇ ਵਾਂਗ ਲਟਕਾਇਆ ਤੇ ਲੈ ਜਾ ਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੀ ਟੇਬਲ ‘ਤੇ ਜਾ ਧਰਿਆ। ਇਸ ਦੌਰਾਨ ਉਨ੍ਹਾਂ ਇਸ ਸਾਰੇ ਆਪ੍ਰੇਸ਼ਨ ਦੀ ਜਾਣਕਾਰੀ ਕਮਿਸ਼ਨਰ ਪੁਲਿਸ ਨੂੰ ਦਿੰਦਿਆਂ ਉਨ੍ਹਾਂ ਚਾਰਾਂ ਵਿੱਚੋਂ 2 ਪੁੜੀਆਂ ਪੁਲਿਸ ਦੇ ਹਵਾਲੇ ਕਰਦਿਆਂ ਉਸ ਦੀ ਜਾਂਚ ਕਰਵਾਉਣ ਲਈ ਕਿਹਾ ਤੇ 2 ਪੁੜੀਆਂ ਆਪਣੇ ਕੋਲ ਰੱਖ ਕੇ ਆਪਣੇ ਪੱਧਰ ‘ਤੇ ਜਾਂਚ ਕਰਵਾਉਣ ਦੀ ਗੱਲ ਆਖੀ ਤਾਂ ਕਿ ਦੋਵਾਂ ਰਿਪੋਟਾਂ ਦਾ ਮਿਲਾਣ ਕਰਕੇ ਦੇਖਿਆ ਜਾਵੇ, ਕਿਉਂਕਿ ਬੈਂਸ ਨੂੰ ਇਹ ਸ਼ੱਕ ਸੀ ਕਿ ਪੁਲਿਸ ਬਾਅਦ ਵਿੱਚ ਇਹ ਦੋਸ਼ ਲਾ ਸਕਦੀ ਹੈ ਕਿ ਇਹ ਚਿੱਟਾ ਸਿਮਰਜੀਤ ਬੈਂਸ ਨੇ ਆਪਣੇ ਕੋਲੋ ਲਿਆਂਦਾ ਹੈ। ਬੈਂਸ ਨੇ ਕਿਹਾ ਕਿ ਇਸੇ ਲਈ ਉਨ੍ਹਾਂ ਨੇ ਇਹ ਸਾਰਾ ਆਪ੍ਰੇਸ਼ਨ ਫੇਸਬੁੱਕ ‘ਤੇ ਲਾਈਵ ਹੋ ਕੇ ਕੀਤਾ ਹੈ, ਤੇ ਲਾਈਵ ਹੋ ਕੇ ਹੀ ਉਹ ਇਹ ਚਿੱਟੇ ਦੀ ਪੁੜੀਆਂ ਪੁਲਿਸ ਕਮਿਸ਼ਨਰ ਨੂੰ ਦੇਣ ਆਏ ਹਨ।

ਇਸ ਮੌਕੇ ਪੱਤਰਕਾਰਾਂ .ਨਾਲ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਨਸ਼ੇ ਦੇ ਵਪਾਰੀਆਂ ਕੋਲੋ ਖਰੀਦ ਕੇ ਲਿਆਂਦੀਆਂ ਚਿੱਟੇ ਦੀ ਪੜੀਆਂ ਮੀਡੀਆ ਸਾਹਮਣੇ ਦਿਖਾਈਆਂ ਤੇ ਇਲਾਕੇ ਦੀ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਹੋ ਹੀ ਨਹੀਂ ਸਕਦਾ ਕਿ ਨਸ਼ਾ ਵਿਕਦਾ ਹੋਵੇ ਤੇ ਇਲਾਕੇ ਦੇ ਐਸਐਚਓ ਜਾਂ ਚੌਂਕੀ ਇਚਾਰਜ਼ ਨੂੰ ਇਹ ਪਤਾ ਨਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਸਹੀ ਢੰਗ ਨਾਲ ਕਾਰਵਾਈ ਕਰਦੀ ਤਾਂ ਪੰਜਾਬ ਵਿੱਚ ਚਿੱਟਾ ਵਿਕ ਹੀ ਨਹੀਂ ਸਕਦਾ। ਸਿਮਰਜੀਤ ਸਿੰਘ ਬੈਂਸ ਅਨੁਸਾਰ ਜੇ ਪੁਲਿਸ ਆਪਣੀ ਡਿਊਟੀ ਸਹੀ ਢੰਗ ਨਾਲ ਕਰੇ ਤਾਂ ਸਕਿੰਟਾਂ ਵਿੱਚ ਚਿੱਟਾਂ ਵਿਕਣਾ ਬੰਦ ਹੋ ਸਕਦਾ ਹੈ, ਪਰ ਇਹ ਲੋਕ ਪੈਸੇ ਲੈ ਕੇ ਅਜਿਹੇ ਨਾਜ਼ਾਇਜ਼ ਧੱਦਿਆਂ ਨੂੰ ਕਰਨ ਦੀ ਖੁੱਲ੍ਹ ਦੇ ਰਹੇ ਹਨ।

ਵਿਧਾਇਕ ਬੈਂਸ ਨੇ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੇਹਣਾ ਮਾਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਸਹੁੰ ਚੁੱਕ ਕੇ 4 ਹਫਤਿਆਂ ‘ਚ ਨਸ਼ਾ ਵਿਕਣਾ ਬੰਦ ਕਰਵਾਉਣ ਦਾ ਦਾਅਵਾ ਕੀਤਾ ਸੀ, ਪਰ ਜੇਕਰ ਖਾਕੀ ਵਰਦੀ ਇਮਾਨਦਾਰੀ ਨਾਲ ਆਪਣਾ ਕੰਮ ਕਰੇ ਤਾਂ ਪੰਜਾਬ 4 ਘੰਟਿਆਂ ਅੰਦਰ ਚਿੱਟਾ ਮੁਕਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਖਾਮੋਸ਼ੀ ਇਹ ਸਾਬਤ ਕਰਦੀ ਹੈ ਕਿ ਪੁਲਿਸ ਵਿਭਾਗ ਦੇ ਲੋਕ ਆਪ ਖੁਦ ਚਿੱਟਾ ਵਿਕਵਾ ਰਹੇ ਹਨ। ਬੈਂਸ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਚੋਣ ਜਾਬਤਾ ਲੱਗ ਚੁੱਕਿਆ ਤੇ ਪਿਛਲਾ ਰਿਕਾਰਡ ਇਹ ਕਹਿੰਦਾ ਹੈ ਕਿ ਚਿੱਟੇ ਰਾਹੀਂ ਲੋਕ ਪੰਜਾਬ ਵਿੱਚੋਂ ਵੋਟਾਂ ਖਰੀਦਦੇ ਆਏ ਹਨ ਪਰ ਹੁਣ ਉਹ ਅਜਿਹਾ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਉਹ ਇਹ ਸਾਰਾ ਕੁਝ ਭਾਰਤ ਦੇ ਚੋਣ ਕਮਿਸ਼ਨ ਕੋਲ ਲਿਖਤੀ ਸ਼ਿਕਾਇਤ ਦੇ ਨਾਲ ਦੇਣਗੇ ਤੇ ਕਾਰਵਾਈ ਦੀ ਮੰਗ ਕਰਨਗੇ।

- Advertisement -

ਲੋਕ ਇੰਨਸਾਫ ਪਾਰਟੀ ਦੇ ਪ੍ਰਧਾਨ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਜਦੋਂ ਉਨ੍ਹਾਂ ਨੇ ਚਿੱਟੇ ਦੇ ਵਿਰੋਧ ਵਿੱਚ ਕਾਲਾ ਹਫਤਾ ਮਨਾਉਂਦਿਆਂ ਆਮ ਜਨਤਾ ਲਈ ਇੱਕ ਟੈਲੀਫੋਨ ਹੈਲਪ ਲਾਇਨ ਜਾਰੀ ਕੀਤੀ ਸੀ ਤਾਂ ਉਸ ਵੇਲੇ ਉਨ੍ਹਾਂ ਨੂੰ ਪੂਰੇ ਪੰਜਾਬ ਵਿੱਚੋਂ ਜਾਣਕਾਰੀ ਮਿਲੀ ਸੀ ਕਿ ਸੂਬੇ ਅੰਦਰ 6 ਸੌ 67 ਲੋਕ ਚਿੱਟਾ ਵੇਚ ਰਹੇ ਹਨ।  ਬੈਂਸ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਜਾਣਕਾਰੀਆਂ ਐਸਟੀਐਫ ਨੂੰ ਲਿਖਤੀ ਤੌਰ ‘ਤੇ ਦਿੱਤੀਆਂ ਸਨ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਐਸਟੀਐਫ ਨੇ ਅੱਗੋਂ ਇਹ ਜਵਾਬ ਦਿੱਤਾ ਕਿ ਇਨ੍ਹਾਂ ਲੋਕਾਂ ਦੀ ਜਿੰਮੇਵਾਰੀ ਉਨ੍ਹਾਂ ਪਰਿਵਾਰਾਂ, ਮਿਲਣ ਵਾਲਿਆਂ ਅਤੇ ਨੇੜਲੇ ਸਬੰਧੀਆਂ ਲਈ ਹੈ ਕਿ ਉਹ ਹੁਣ ਅੱਗੇ ਤੋਂ ਚਿੱਟਾ ਨਹੀਂ ਵੇਚਣਗੇ ਤੇ ਇਸ ਲਈ ਉਨ੍ਹਾਂ ਨਸ਼ੇ ਦੇ ਸੁਦਾਗਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਪੁਲਿਸ ਨਸ਼ੇ ਦੇ ਸੁਦਾਗਰਾਂ ਵਿਰੁੱਧ ਕਾਰਵਾਈ ਕਰਨ ਲਈ ਸੰਜੀਦਾ ਨਹੀਂ ਹੈ।

Share this Article
Leave a comment