ਅੰਮ੍ਰਿਤਸਰ : ਬੀਤੀ 10 ਅਪ੍ਰੈਲ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਸੁਖਮਿੰਦਰ ਸਿੰਘ ਵੱਲੋਂ ਦਰਬਾਰ ਸਾਹਿਬ ਦੀ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਮਰਿਆਦਾ ਦੀ ਉਲੰਘਣਾ ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਜਿਸ ਬਾਰੇ ਪਤਾ ਲੱਗਦਿਆਂ ਹੀ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਭਾਜੜਾਂ ਪੈ ਗਈਆਂ ਹਨ। ਇਸ ਸਬੰਧੀ ਵੱਡਾ ਖੁਲਾਸਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਬਲਬੀਰ ਸਿੰਘ ਨੇ ਕੀਤਾ ਹੈ। ਜਿਨ੍ਹਾਂ ਦਾ ਦਾਅਵਾ ਹੈ, ਕਿ ਸੁਖਮਿੰਦਰ ਸਿੰਘ ਨੇ ਮਰਿਆਦਾ ਦੀ ਇਹ ਉਲੰਘਣਾ ਕਰਦਿਆਂ ਅੱਧੀ ਰਾਤ ਨੂੰ 12 ਵਜੇ ਦੇ ਕਰੀਬ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਨਾਲ ਲੈ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਕਿਵਾੜ ਇਸ ਲਈ ਖੁੱਲ੍ਹਵਾਏ ਤਾਂ ਕਿ ਉਹ ਲੋਕ ਅੰਦਰ ਜਾ ਕੇ ਹਰ ਮਹੀਨੇ ਦਰਬਾਰ ਸਾਹਿਬ ਦਰਸ਼ਨ ਕਰਨ ਆਉਣ ਵਾਲੇ ਬਾਦਲ ਪਰਿਵਾਰ ਨੂੰ ਵੀਆਈਪੀ ਦਰਸ਼ਨ ਕਰਵਾਉਣ ਲਈ ਵਿਉਂਤਬੰਧੀ ਕਰ ਸਕਣ। ਜਿਸ ਬਾਰੇ ਪਤਾ ਲਗਦਿਆਂ ਹੀ ਜਿੱਥੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਘਟਨਾ ਵਾਲੇ ਸਮੇਂ ਦੀ ਸੀਸੀਟੀਵੀ ਰਿਕਾਰਡਿੰਗ ਛਾਣਨੀ ਸ਼ੁਰੂ ਕਰ ਦਿੱਤੀ ਹੈ, ਉੱਥੇ ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਹੈ।
ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਅਰਦਾਸੀਏ ਬਲਬੀਰ ਸਿੰਘ ਨੇ ਦਾਅਵਾ ਕੀਤਾ ਕਿ ਘਟਨਾ ਵਾਲੀ ਰਾਤ ਗੁਰੂ ਮਰਿਆਦਾ ਅਨੁਸਾਰ ਜਦੋਂ ਸੁੱਖ ਆਸਣ ਤੋਂ ਬਾਅਦ ਦਰਬਾਰ ਸਾਹਿਬ ਦੇ ਕਿਵਾੜ ਬੰਦ ਹੋ ਗਏ ਸਨ, ਤਾਂ ਰਾਤ 12 ਵਜੇ ਦੇ ਕਰੀਬ ਸੁਖਮਿੰਦਰ ਸਿੰਘ ਨੇ ਚੋਬਦਾਰ ਭਾਈ ਹਰਿੰਦਰ ਸਿੰਘ ਕੋਲੋਂ ਤਾਲਾ ਖੁੱਲ੍ਹਵਾਇਆ ਤੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸਿਮਰਜੀਤ ਸਿੰਘ ਕੰਗ, ਪਰਿਕਰਮਾਂ ਦੇ 2 ਇੰਚਾਰਜ ਸੇਵਾਦਾਰ, 2 ਮੈਨੇਜਰ ਤੇ ਸੇਵਾ ਕਰਨ ਵਾਲੇ ਪ੍ਰੇਮੀਆਂ ਸਮੇਤ ਉਹ ਲੋਕ ਅੰਦਰ ਦਾਖਲ ਹੋ ਗਏ। ਜਿਸ ਕਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਦੀਆਂ ਤੋਂ ਚੱਲੀ ਆ ਰਹੀ ਮਰਿਆਦਾ ਦੀ ਉਲੰਘਣਾ ਹੋਈ ਹੈ, ਕਿਉਂਕਿ ਸਮਾਪਤੀ ਤੋਂ ਬਾਅਦ ਦਰਬਾਰ ਸਾਹਿਬ ਅੰਦਰ ਕੋਈ ਵੀ ਦਾਖਲ ਨਹੀਂ ਹੋ ਸਕਦਾ। ਉਨ੍ਹਾਂ ਦਾਅਵਾ ਕੀਤਾ ਕਿ ਇਹ ਲੋਕ ਅੰਦਰ ਇਸ ਲਈ ਦਾਖਲ ਹੋਏ ਸਨ, ਕਿਉਂਕਿ ਇਨ੍ਹਾਂ ਨੇ ਉੱਥੇ ਜਾ ਕੇ ਇਹ ਵਿਉਂਤਬੰਧੀ ਕਰਨੀ ਸੀ, ਕਿ ਵੀਆਈਪੀ ਰਸਤਾ ਕਿੰਝ ਬਣਾਇਆ ਜਾਵੇ ਤਾਂ ਜੋ ਹਰ ਮਹੀਨੇ ਦਰਬਾਰ ਸਾਹਿਬ ਦਰਸ਼ਨਾਂ ਲਈ ਆਉਣ ਵਾਲੇ ਬਾਦਲ ਪਰਿਵਾਰ ਨੂੰ ਬਿਨਾਂ ਕਿਸੇ ਤਕਲੀਫ ਤੋਂ ਦਰਸ਼ਨ ਕਰਵਾਏ ਜਾ ਸਕਣ।
ਅਰਦਾਸੀਏ ਬਲਬੀਰ ਸਿੰਘ ਅਨੁਸਾਰ ਸਿੱਖ ਧਰਮ ਵਿੱਚ ਪੰਗਤ, ਤੇ ਸੰਗਤ ਨੂੰ ਖਾਸ ਮਹੱਤਤਾ ਦਿੱਤੀ ਗਈ ਹੈ। ਪੰਗਤ ਨੂੰ ਇਸ ਲਈ ਤਾਂ ਕਿ ਦਰਸ਼ਨ ਕਰਨ ਲੱਗਿਆਂ ਤੇ ਲੰਗਰ ਛਕਣ ਲੱਗਿਆਂ ਹਰ ਕਿਸੇ ਨੂੰ ਸਮਾਨਤਾ ਦਾ ਅਹਿਸਾਸ ਹੋਵੇ। ਇਸੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਵੀਆਈਪੀ ਰਸਤਾ ਖਤਮ ਕਰਕੇ ਸਾਂਝੇ ਰਸਤੇ ਰਾਹੀਂ ਸਾਰੀ ਸੰਗਤ ਨੂੰ ਇੱਕ ਸਮਾਨ ਦਰਜ਼ਾ ਦਿੱਤਾ ਗਿਆ ਹੈ। ਜਿਸ ਦੀ ਦੁਨੀਆਂ ਭਰ ਦੀ ਸੰਗਤ ਨੇ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਸੁਖਮਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤੀ ਗਈ ਇਸ ਉਲੰਘਣਾ ਤੋਂ ਬਾਅਦ ਹੁਣ ਉਨ੍ਹਾਂ ਦੇ ਖਿਲਾਫ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਚਾਹੀਦਾ ਹੈ, ਕਿ ਅਜਿਹੇ ਵਿਅਕਤੀਆਂ ਤੋਂ ਵੱਡੀਆਂ ਜਿੰਮੇਵਾਰੀਆਂ ਵਾਪਸ ਲੈ ਕੇ ਇਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਉੱਧਰ ਦੂਜੇ ਪਾਸੇ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਦਰਬਾਰ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਨੂੰ ਕਿਸੇ ਹਾਲਤ ਵਿੱਚ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਉੱਥੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਦਾ ਕਹਿਣਾ ਹੈ, ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਤੇ ਘਟਨਾਂ ਵਾਲੀ ਰਾਤ ਦੀ ਸੀਸੀਟੀਵੀ ਰਿਕਾਰਡਿੰਗ ਜਾਂਚੀ ਜਾ ਰਹੀ ਹੈ, ਤੇ ਇਸ ਦੌਰਾਨ ਜੋ ਕੋਈ ਵੀ ਮਰਿਆਦਾ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
- Advertisement -