ਲੁਧਿਆਣਾ : ਸਾਲ 2015 ਦੌਰਾਨ ਬੇਅਦਬੀ ਕਾਂਡ ਦੀਆਂ ਘਟਨਾਂਵਾਂ ਤੋਂ ਬਾਅਦ ਵਾਪਰੇ ਗੋਲੀ ਕਾਂਡ ਦੇ ਮਾਮਲੇ ਵਿੱਚ ਜਿਲ੍ਹੇ ਦੀ ਇੱਕ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਬਾਦਲਾਂ ਖਿਲਾਫ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਦਾਇਰ ਕੀਤੀ ਗਈ ਸ਼ਿਕਾਇਤ ਨੂੰ ਖਾਰਿਜ਼ ਕਰ ਦਿੱਤਾ ਹੈ। ਇਹ ਸ਼ਿਕਾਇਤ ਲੁਧਿਆਣਾ ਦੇ ਗੁਰਦੇਵ ਨਗਰ ਵਾਸੀ ਜਗਦੀਪ ਸਿੰਘ ਗਿੱਲ ਨੇ ਦਰਜ਼ ਕਰਵਾਈ ਸੀ। ਜਿਸ ਤਹਿਤ ਸ਼ਿਕਾਇਤ ਕਰਤਾ ਨੇ ਬਾਦਲਾਂ ਨੂੰ ਫੌਜਦਾਰੀ ਦੀਆਂ ਧਾਰਾਵਾਂ 304,307,295 ਅਤੇ 34ਆਈ ਪੀ ਸੀ ਤਹਿਤ ਤਲਬ ਕਰਨ ਦੀ ਅਪੀਲ ਕੀਤੀ ਸੀ।
ਜਗਦੀਪ ਸਿੰਘ ਗਿੱਲ ਨੇ ਇਸ ਸਬੰਧ ਵਿੱਚ ਭਾਵੇਂ ਕਿ ਆਪਣੀ ਗਵਾਹੀ ਤੋਂ ਇਲਾਵਾ ਫਿਰੋਜ਼ ਅਤੇ ਜਗਦੀਸ਼ ਚੰਦ ਨਾਮ ਦੇ ਦੋ ਹੋਰ ਵਿਅਕਤੀਆਂ ਦੀ ਗਵਾਹੀ ਵੀ ਕਲਮਬੱਧ ਕਰਵਾ ਕੇ ਬਾਦਲਾਂ ਨੂੰ ਦੋਸ਼ੀ ਠਹਿਰਾਉਦੇ ਹੋਏ ਕਾਰਵਾਈ ਕਰਨ ਦੀ ਮੰਗ ਕੀਤੀ ਸੀ, ਪਰ ਇਸ ਦੇ ਬਾਵਜੂਦ ਉਹ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਆਪਣੀਆਂ ਦਲੀਲਾਂ, ਗਵਾਹਾਂ ਅਤੇ ਪੇਸ਼ ਕੀਤੇ ਗਏ ਸਬੂਤਾਂ ਰਾਹੀਂ ਸੰਤੁਸ਼ਟ ਕਰਨ ‘ਚ ਨਾਕਾਮ ਰਿਹਾ। ਕੇਸ਼ ਦੀ ਬਹਿਸ ਸੁਨਣ ਤੋਂ ਬਾਅਦ ਅਦਾਲਤ ਨੇ ਇਹ ਪਾਇਆ ਕਿ ਨਾ ਤਾਂ ਸ਼ਿਕਾਇਤ ਕਰਤਾ ਕੋਈ ਠੋਸ ਗਵਾਹ ਜਾਂ ਤੱਥ ਪੇਸ ਕਰ ਸਕਿਆ ਹੈ ਤੇ ਨਾ ਹੀ ਉਹ ਉਸ ਵੇਲੇ ਉੱਥੇ ਮੌਜੂਦ ਸੀ ਜਿੱਥੇ ਗੋਲੀ ਕਾਂਡ ਦੀ ਘਟਨਾਂ ਵਾਪਰੀ ਸੀ। ਲਿਹਾਜਾ ਜਿੰਨੇ ਸਬੂਤ, ਗਵਾਹ ਤੇ ਤੱਥ ਜਗਦੀਪ ਸਿੰਘ ਗਿੱਲ ਨੇ ਅਦਾਲਤ ਵਿੱਚ ਪੇਸ਼ ਕੀਤੇ ਸਨ ਉਸ ਤੋਂ ਅਦਾਲਤ ਸੰਤੁਸ਼ਟ ਨਹੀਂ ਹੋ ਪਾਈ ਤੇ ਉਸ ਨੇ ਅੰਤ ਵਿੱਚ ਗਿੱਲ ਵੱਲੋਂ ਅਦਾਲਤ ਵਿੱਚ ਪਾਈ ਸ਼ਿਕਾਇਤ ਨੂੰ ਖਾਰਜ਼ ਕਰ ਦਿੱਤਾ।