ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ: ਬਲਜਿੰਦਰ ਕੌਰ ਤੇ ਆਪ ਦੇ ਮਾਝਾ ਜ਼ੋਨ ਦੇ ਯੂਥ ਪ੍ਰਧਾਨ ਸੁਖਰਾਜ ਸਿੰਘ ਬੱਲ ਦਾ ਵਿਆਹ ਆਉਂਦੇ ਫਰਵਰੀ ਮਹੀਨੇ ਵਿੱਚ ਹੋਣ ਜਾ ਰਿਹਾ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਤੋਂ ਇਲਾਵਾ ਪਾਰਟੀ ਦੀ ਪੰਜਾਬ ਲੀਡਰਸ਼ਿਪ ਦੇ ਵੀ ਹੁੰਮ ਹਮਾਂ ਕੇ ਪਹੁੰਚਣ ਦੀ ਗੱਲ ਆਖੀ ਜਾ ਰਹੀ ਹੈ। ਇਸ ਵਿਆਹ ਦੀ ਤਾਰੀਕ ਦੋਵੇਂ ਪਰਿਵਾਰ ਤੈਅ ਕਰਨ ਲਈ ਵਿਚਾਰ ਵਟਾਂਦਰਾ ਕਰ ਰਹੇ ਹਨ ਜੇਕਰ ਗੱਲ ਦਿਲ ਦੀ ਸਿਰੇ ਚੜ੍ਹ ਗਈ ਤਾਂ ਵਿਆਹ 16 ਤੋ 20 ਫਰਵਰੀ ਵਿਚਾਲੇ ਕਿਸੇ ਇੱਕ ਸ਼ੁਭ ਤਰੀਕ ਨੂੰ ਹੋ ਜਾਵੇਗਾ। ਭਾਵੇਂ ਕਿ ਇਹ ਖੁਲਾਸਾ ਸੁਖਰਾਜ ਸਿੰਘ ਬੱਲ ਨੇ ਆਪ ਖੁਦ ਕੀਤਾ ਹੈ ਤੇ ਜਿੰਨ੍ਹਾਂ ਦਾ ਕਹਿਣਾ ਹੈ ਕਿ ਫਾਇਨਲ ਤਾਰੀਕ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ। ਪਰ ਸੂਤਰਾਂ ਅਨੁਸਾਰ ਤਰੀਕ ਤੈਅ ਕਰਨ ਵਿੱਚ ਦੇਰੀ ਤਾਂ ਹੋ ਰਹੀ ਹੈ ਕਿਉਂਕਿ ਦੋਵੇਂ ਪਰਿਵਾਰ ਚਾਹੁੰਦੇ ਹਨ ਕਿ ਅਰਵਿੰਦ ਕੇਜਰੀਵਾਲ ਵਿਆਹ ਵਿੱਚ ਸ਼ਾਮਲ ਹੋਣ ਪਰ ਉਨ੍ਹਾਂ ਵੱਲੋਂ ਅਜੇ ਕੋਈ ਢੁੱਕਵੀਂ ਤਰੀਕ ਨਹੀਂ ਦਿੱਤੀ ਗਈ।
ਸੁਖਰਾਜ ਸਿੰਘ ਬੱਲ ਅਨੁਸਾਰ ਇਸ ਵਿਆਹ ਵਿੱਚ ਆਪ ਦੀ ਕੇਂਦਰੀ ਲੀਡਰਸ਼ਿਪ ਤੋਂ ਇਲਾਵਾ ਪੰਜਾਬ ਦੀ ਲੀਡਰਸ਼ਿਪ ਵੀ ਸ਼ਾਮਲ ਹੋਵੇਗੀ ਤੇ ਇਨ੍ਹਾਂ ਤੈਅ ਹੈ ਕਿ ਇਹ ਵਿਆਹ ਫਰਵਰੀ 2019 ਵਿੱਚ ਹੀ ਹੋਵੇਗਾ। ਇਸ ਤੋਂ ਉਲਟ ਸੂਤਰ ਦਸਦੇ ਹਨ ਕਿ ਇਸ ਵਿਆਹ ਦੀ ਤਰੀਕ ਤੈਅ ਹੋਣ ਵਿੱਚ ਦੇਰੀ ਇਸ ਲਈ ਹੋ ਰਹੀ ਹੈ ਕਿਉਂਕਿ ਦੋਵਾਂ ਪਰਿਵਾਰਾਂ ਨੇ ਆਪ ਸੁਪਰੀਮੋਂ ਨੂੰ ਵਿਆਹ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ ਤੇ ਕੇਜਰੀਵਾਲ ਵੱਲੋਂ ਸਮਾਂ ਦਿੱਤੇ ਜਾਣ ਤੋਂ ਬਾਅਦ ਹੀ ਇਹ ਲੋਕ ਵਿਆਹ ਦੀ ਤਾਰੀਕ ਤੈਅ ਕਰਨਾ ਚਾਹੁੰਦੇ ਹਨ।