Home / ਸਿਆਸਤ / ਬਠਿੰਡਾ ‘ਚ ਪਾਣੀ ਹੀ ਪਾਣੀ, ਜੱਜ ਦੀ ਕੋਠੀ ਦੇ ਬਾਹਰ ਚੱਲੀਆਂ ਕਿਸ਼ਤੀਆਂ, ਆਈਜੀ ਦੀ ਰਿਹਾਇਸ਼ ਵੀ ਡੁੱਬੀ

ਬਠਿੰਡਾ ‘ਚ ਪਾਣੀ ਹੀ ਪਾਣੀ, ਜੱਜ ਦੀ ਕੋਠੀ ਦੇ ਬਾਹਰ ਚੱਲੀਆਂ ਕਿਸ਼ਤੀਆਂ, ਆਈਜੀ ਦੀ ਰਿਹਾਇਸ਼ ਵੀ ਡੁੱਬੀ

ਬਠਿੰਡਾ : ਕੋਈ ਵੇਲਾ ਸੀ ਜਦੋਂ ਮੀਂਹ ਨਾ ਪੈਂਦਾ ਤਾਂ ਪੰਜਾਬ ਦੇ ਬੱਚੇ ਗਲੀਆਂ ‘ਚ ਅਸਮਾਨ ਵੱਲ ਮੂੰਹ ਕਰਕੇ ਗਾਉਂਦੇ ਫਿਰਦੇ “ਰੱਬਾ ਰੱਬਾ ਮੀਂਹ ਵਸਾ, ਸਾਡੀ ਕੋਠੀ ਦਾਣੇ ਪਾ” ਪਰ ਅੱਜ ਹਾਲਾਤ ਇਹ ਹਨ ਕਿ ਜੇਕਰ ਗਰਮੀ ਦੇ ਮਾਰੇ ਹੋਏ ਲੋਕਾਂ ਨੂੰ ਰਾਹਤ ਦੇਣ ਲਈ ਰੱਬ ਮਿਹਰਵਾਨ ਹੋ ਕੇ ਮੀਂਹ ਵਸਾ ਵੀ ਰਿਹਾ ਹੈ ਤਾਂ ਲੋਕਾਂ ਦੇ ਖੇਤਾਂ ਅੰਦਰ ਤਾਂ ਦਾਣੇ ਕੀ ਉੱਗਣੇ ਹਨ ਘਰਾਂ ਅੰਦਰ ਸਟੋਰ ਕੀਤੇ ਹੋਏ ਦਾਣੇ ਵੀ ਖਾਣ ਜੋਗੇ ਨਹੀਂ ਰਹੇ। ਜੀ ਹਾਂ ਇਹ ਸੱਚ ਹੈ ਤੇ ਜਿਹੜੀ ਘਟਨਾ ਬਾਰੇ ਅਸੀਂ ਤੁਹਾਨੂੰ ਜਾਣੂ ਕਰਵਾਉਣ ਜਾ ਰਹੇ ਹਾਂ ਉਸ ਨੂੰ ਜਾਣਨ ਤੋਂ ਬਾਅਦ ਤੁਸੀਂ ਵੀ ਇਸ ਨੂੰ ਸੱਚ ਆਖਣ ਲਈ ਮਜਬੂਰ ਹੋ ਜਾਵੋਂਗੇ। ਅਸੀਂ ਗੱਲ ਕਰ ਰਹੇ ਹਾਂ ਬਠਿੰਡਾ ਦੀ ਜਿੱਥੇ ਇੰਨੀ ਦਿਨੀਂ ਭਾਰੀ ਬਰਸਾਤ ਕਾਰਨ ਗਲੀਆਂ ਬਾਜ਼ਾਰਾਂ ਅਤੇ ਲੋਕਾਂ ਦੇ ਘਰਾਂ ਅੰਦਰ ਇੰਨਾ ਪਾਣੀ ਭਰ ਗਿਆ ਹੈ ਕਿ ਲੋਕ ਜਾਨ ਬਚਾਉਣ ਲਈ ਕਿਸ਼ਤੀਆਂ  ਰਾਹੀਂ ਪਾਣੀ ‘ਚੋਂ ਬਾਹਰ ਆਉਂਦੇ ਹਨ, ਤੇ ਇਹ ਨਾਜਾਰਾ ਆਮ ਲੋਕਾਂ ਦੇ ਘਰਾਂ ਦਾ ਨਹੀਂ ਬਲਕਿ ਬਠਿੰਡਾ ਦੇ ਆਈਜੀ ਅਤੇ ਇੱਕ ਜੱਜ ਦੀ ਕੋਠੀ ਦਾ ਹੈ ਜਿੱਥੇ ਪਾਣੀ ਇਸ ਕਦਰ ਇੰਨਾ ਸਰਕਾਰੀ ਅਧਿਕਾਰੀਆਂ ਦੇ ਘਰਾਂ ਅੰਦਰ ਵੜ ਗਿਆ ਹੈ ਕਿ ਵੇਖਣ ਵਾਲਿਆਂ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਜਾਂਦੀਆਂ ਹਨ। ਇੱਧਰ ਦੂਜੇ ਪਾਸੇ ਸੀਵਰੇਜ ਦਾ ਕੰਮ ਪ੍ਰਸ਼ਾਸਨ ਵੱਲੋਂ ਜਿਸ ਨਿੱਜੀ ਕੰਪਨੀ ਨੂੰ ਸੌਂਪਿਆ ਗਿਆ ਸੀ ਉਸ ਨੇ ਵੀ ਇੱਕ ਪੱਤਰ ਲਿਖ ਕੇ ਹੱਥ ਖੜ੍ਹੇ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਬਠਿੰਡਾ ਮੀਂਹ ਕਾਰਨ ਡੁੱਬ ਵੀ ਜਾਂਦਾ ਹੈ ਤਾਂ ਕੰਪਨੀ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ। ਦੱਸ ਦਈਏ ਕਿ ਜਿਹੜੀਆਂ ਤਸਵੀਰਾਂ ਮੌਕੇ ਤੋਂ ਆਈਆਂ ਹਨ ਉਨ੍ਹਾਂ ਨੂੰ ਦੇਖ ਕੇ ਪਤਾ ਲਗਦਾ ਹੈ ਬਠਿੰਡਾ ਦੇ ਆਈਜੀ ਦੀ ਕੋਠੀ ਅੰਦਰੋਂ ਵੀ ਬੁਰੀ ਤਰ੍ਹਾਂ ਪਾਣੀ ‘ਚ ਡੁੱਬ ਗਈ ਹੈ। ਜਿੱਥੇ ਕੋਠੀ ਅੰਦਰ ਖੜ੍ਹੀ  ਇੱਕ ਈਨੋਵਾ, ਇੱਕ ਜੀਪ, ਇੱਕ ਬੈਲੋਰੇ ਅਤੇ ਇੱਕ ਹੋਰ ਗੱਡੀ ਦਾ ਪਾਣੀ ਤੋਂ ਬਾਹਰ ਥੋੜਾ ਜਿਹਾ ਹਿੱਸਾ ਹੀ ਨਜਰ ਆ ਰਿਹਾ ਹੈ।ਇੱਥੋਂ ਤੱਕ ਕਿ ਬਠਿੰਡਾ ‘ਚ ਤੈਨਾਤ ਇੱਕ ਜੱਜ ਦਾ ਸਰਕਾਰੀ ਅਮਲਾ ਤਾਂ ਆਪਣੇ ਅਧਿਕਾਰੀ ਤੱਕ ਪਹੁੰਚਣ ਲਈ ਕਿਸ਼ਤੀ ‘ਚ ਬੈਠ ਕੇ ਆਉਂਦਾ ਦਿਖਾਈ ਦਿੰਦਾ ਹੈ। ਇਸ ਸਬੰਧੀ ਸਾਡੇ ਬਠਿੰਡਾ ਤੋਂ ਪੱਤਰਕਾਰ ਕੁਲਵਿੰਦਰ ਗਰੋਵਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੋਂ ਘਰਾਂ ਅੰਦਰ 5-5,6-6 ਫੁੱਟ ਪਾਣੀ ਭਰ ਗਿਆ ਹੈ ਤੇ ਹਾਲਾਤ ਇਹ ਹਨ ਕਿ ਲੋਕ ਪਾਣੀ ‘ਚੋਂ ਜਾਨ ਬਚਾਉਣ ਲਈ ਆਪਣੇ ਘਰਾਂ ਦੀਆਂ ਛੱਤਾਂ ‘ਤੇ ਜਾ ਚੜੇ ਹਨ। ਇੱਥੇ ਹੀ ਬੱਸ ਨਹੀਂ ਬਠਿੰਡਾ-ਮਾਨਸਾ ਸੜਕ ‘ਤੇ ਪੈਂਦੇ ਇੱਕ ਪੁਲ ਦੇ ਹੇਠਾਂ ਪਾਣੀ ਭਰ ਜਾਣ ਕਾਰਨ ਸਾਰੀ ਟ੍ਰੈਫਿਕ ਦਾ ਭਾਰ ਪੁਲ ਦੇ ਉੱਤੋਂ ਦੀ ਪੈ ਗਿਆ ਹੈ। ਜਿਸ ਕਾਰਨ ਇਸ ਪੁਲ ‘ਤੇ ਵੀ ਦੋਵਾਂ ਪਾਸੇ ਲੰਬੇ ਜਾਮ ਲੱਗ ਗਏ ਹਨ। ਗਰੋਵਰ ਅਨੁਸਾਰ ਸ਼ਹਿਰ ‘ਚ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀਂ ਹੋ ਰਹੀ ਕਿਉਂਕਿ ਨਗਰ ਨਿਗਮ ਦੀਆਂ ਮੋਟਰਾਂ ਵੀ ਖਰਾਬ ਪਈਆਂ ਹਨ।  

Check Also

ਪੰਜਾਬ ਸਰਕਾਰ ਨੇ ਸ਼ਹਿਰਾਂ ਨੂੰ ‘ਕੂੜਾ ਮੁਕਤ’ ਬਣਾਉਣ ਲਈ ਸ਼ਹਿਰੀ ਸਥਾਨਕ ਇਕਾਈਆਂ ਨੂੰ ਦਿੱਤਾ 15 ਦਿਨਾਂ ਦਾ ਸਮਾਂ

ਚੰਡੀਗੜ੍ਹ : ਸਵੱਛਤਾ ਦੇ ਮੁੱਦੇ ਨੂੰ ਮੁੱਖ ਏਜੰਡੇ ਵਜੋਂ ਉਭਾਰਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ …

Leave a Reply

Your email address will not be published. Required fields are marked *