ਬਚਪਨ ਦੀ ਗਲਤੀ ਆਈ ਚੋਣਾਂ ‘ਚ ਨਜਰ, ਸੰਨੀ ਦਿਓਲ ਨੂੰ ਪੈ ਗਈਆਂ ਭਾਜੜਾਂ, ਕਈ ਮਾਪਿਆਂ ਨੂੰ ਦੇ ਗਈ ਵੱਡਾ ਸਬਕ!

TeamGlobalPunjab
4 Min Read

ਕੁਲਵੰਤ ਸਿੰਘ

ਗੁਰਦਾਸਪੁਰ : ਪਿਆਰ ਨਾਲ ਆਪਣੇ ਬੱਚਿਆਂ ਦੇ ਛੋਟੇ ਨਾਮ ਟਿੱਡਾ, ਘੁੱਦਾ, ਝੰਡਾ, ਤਿੱਤਰ, ਪੀਤਾ, ਘੋਲੂ, ਭਾਨ੍ਹਾਂ, ਪਿਕਲਾ ਆਦਿ ਰੱਖਣ ਵਾਲੇ ਮਾਪੇ ਸਾਵਧਾਨ ਹੋ ਜਾਓ! ਕਿਉਂਕਿ ਇਹ ਨਾਮ, ਭਵਿੱਖ ਵਿੱਚ ਤੁਹਾਡੇ ਬੱਚੇ ਦਾ ਕੈਰੀਅਰ ਤਬਾਹ ਕਰ ਸਕਦੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਆਮ ਤੌਰ ‘ਤੇ ਇਹੋ ਨਾਮ ਮਸ਼ਹੂਰ ਹੋ ਜਾਂਦੇ ਹਨ, ਤੇ ਕਾਗਜੀ ਕਾਰਵਾਈਆਂ ਪੱਕੇ ਨਾਂ ਵਾਲੀਆਂ ਚੱਲ ਪੈਂਦੀਆਂ ਹਨ। ਅਜਿਹੇ ਵਿੱਚ ਜੇਕਰ ਪ੍ਰਚਲਿਤ ਮਸ਼ਹੂਰ ਨਾਮ ਵਾਲਾ ਬੱਚਾ ਵੱਡਾ ਹੋ ਕੇ ਚੋਣ ਲੜਨ ਲੱਗ ਪਵੇ ਤਾਂ ਲੋਕ ਉਸ ਦਾ ਕਾਗਜੀ ਨਾਮ ਦੇਖ ਕੇ ਭੰਵਲਭੂਸੇ ‘ਚ ਪੈ ਜਾਂਦੇ ਹਨ ਕਿ ਸਾਡਾ ਹਰਮਨ ਪਿਆਰ ਉਮੀਦਵਾਰ ਕਿੱਧਰ ਗਿਆ? ਕਿਉਂਕਿ ਉਸ ਦਾ ਕਾਗਜੀ ਨਾਮ ਨਾ ਤਾਂ ਕਿਸੇ ਨੇ ਸੁਣਿਆ ਹੁੰਦਾ ਹੈ ਤੇ ਨਾ ਹੀ ਪੜ੍ਹਿਆ। ਅਜਿਹੇ ਵਿੱਚ ਅਨਪੜ੍ਹ ਜਨਤਾ ਆਪਣੇ ਉਮੀਦਵਾਰ ਦੇ ਅਸਲੀ ਨਾਮ ਨੂੰ ਪਛਾਣਨੋ ਵੀ ਇਨਕਾਰ ਕਰ ਦਿੰਦੀ ਹੈ, ਤੇ ਈਵੀਐਮ ਮਸ਼ੀਨ ਕੋਲ ਖੜ੍ਹੇ ਉਸ ਵਿਅਕਤੀ ਨੂੰ ਨਾਮ ਪਛਾਣਨ ਦਾ ਕੋਈ ਮੌਕਾ ਚੋਣ ਬੂਥ ‘ਤੇ ਮੌਜੂਦ ਚੋਣ ਅਮਲਾ ਦਿੰਦਾ ਨਹੀਂ ਹੈ। ਇੰਝ ਹਫੜਾ-ਦਫੜੀ ਵਿੱਚ ਵੋਟਰ ਅਜਿਹੇ ਉਮੀਦਵਾਰ ਨੂੰ ਵੋਟਾਂ ਪਾ ਕੇ ਘਰ ਨੂੰ ਮੁੜ ਆਉਂਦਾ ਹੈ, ਜਿਸ ਕੋਲੋਂ ਨਾ ਤਾਂ ਉਸ ਨੇ ਮੁਰਗਾ ਖਾਦਾ ਹੁੰਦਾ ਤੇ ਨਾ ਬੋਤਲ ਪੀਤੀ ਹੁੰਦੀ ਹੈ, ਨਾ ਪੈਸੇ ਲਏ ਹੁੰਦੇ ਹਨ, ਨਾ ਉਹ ਉਮੀਦਵਾਰ ਉਸ ਨੂੰ ਪਸੰਦ ਹੁੰਦਾ ਹੈ, ਤੇ ਨਾ ਹੀ ਉਹ ਉਸ ਦਾ ਹਰਮਨ ਪਿਆਰਾ ਫਿਲਮੀ ਅਦਾਕਾਰ ਹੁੰਦਾ ਹੈ। ਇੰਝ ਮਾਂ-ਬਾਪ ਦੀ ਇੱਕ ਗਲਤੀ ਦੀ ਸਜ਼ਾ ਵੋਟਰ ਵੀ ਭੁਗਤਦਾ ਹੈ ਤੇ ਉਮੀਦਵਾਰ ਵੀ। ਠੀਕ ਅਜਿਹਾ ਹੀ ਹੋਣ ਦੀ ਸੰਭਾਵਨਾ ਜਦੋਂ ਭਾਜਪਾ ਉਮੀਦਵਾਰ ਅਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨਾਲ ਜਤਾਈ ਗਈ, ਤਾਂ ਨਾ ਸਿਰਫ ਭਾਰਤੀ ਜਨਤਾ ਪਾਰਟੀ, ਬਲਕਿ ਸੰਨੀ ਦਿਓਲ ਤੇ ਉਨ੍ਹਾਂ ਦੇ ਪ੍ਰਸ਼ੰਕਾਂ ਨੂੰ ਵੀ ਸਭ ਕੁਝ ਠੀਕ ਕਰਨ ਲਈ ਭਾਜੜਾਂ ਪੈ ਗਈਆਂ, ਤਾਂ ਕਿ ਰੋਡ ਸ਼ੋਅ ਵਿੱਚ ਕੁੰਭ ਦੇ ਮੇਲੇ ਵਰਗਾ ਜਿਹੜਾ ਇਕੱਠ ਸੰਨੀ ਦਿਓਲ ਬਾਹਰ ਸੜਕਾਂ ‘ਤੇ ਦੇਖ ਆਏ ਸਨ, ਉਸ ਨੂੰ ਉਹ ਵੋਟਾਂ ਦੇ ਰੂਪ ਵਿੱਚ ਤਬਦੀਲ ਕਰ ਸਕਣ। ਦੱਸ ਦਈਏ ਕਿ ਸੰਨੀ ਦਿਓਲ ਦਾ ਕਾਗਜਾਂ ਵਿੱਚ ਨਾਂ ਅਜੇ ਸਿੰਘ ਧਰਮਿੰਦਰ ਦਿਓਲ ਹੈ ਤੇ ਲੋਕ ਉਸ ਨੂੰ ਸੰਨੀ ਦਿਓਲ ਨਾਮ ਨਾਲ ਜਾਣਦੇ ਹਨ। ਹੁਣ ਤੁਸੀਂ ਦੱਸੋਂ ਪੈ ਗਿਆ ਨਾ ਪੰਗਾ?

https://youtu.be/D-v0Vv7w30I

ਭਾਰਤੀ ਜਨਤਾ ਪਾਰਟੀ ਨੇ ਇਸ ਸਬੰਧ ਵਿੱਚ ਚੋਣ ਕਮਿਸ਼ਨ ਨੂੰ ਲਿਖਤੀ ਤੌਰ ‘ਤੇ ਦਿੱਤਾ ਹੈ ਕਿ ਸੰਨੀ ਦਿਓਲ ਦਾ ਈਵੀਐਮ ਮਸ਼ੀਨਾਂ ‘ਤੇ ਨਾਮ ਅਜੇ ਸਿੰਘ ਧਰਮਿੰਦਰ ਦਿਓਲ ਦੀ ਬਜਾਏ ਸੰਨੀ ਦਿਓਲ ਲਿਖਿਆ ਜਾਵੇ। ਚੋਣ ਅਧਿਕਾਰੀਆਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਸੰਨੀ ਦਿਓਲ ਦਾ ਨਾਮ ਈਵੀਐਮ ਮਸ਼ੀਨਾਂ ‘ਤੇ ਬਦਲੇ ਜਾਣ ਸਬੰਧੀ ਦਿੱਤੇ ਗਏ ਹਲਫ਼ਨਾਮੇ ਦੀ ਪੁਸ਼ਟੀ ਵੀ ਕੀਤੀ ਹੈ। ਅਧਿਕਾਰੀਆਂ ਅਨੁਸਾਰ ਭਾਜਪਾ ਨੇ ਆਪਣੇ ਹਲਫ਼ਨਾਮੇ ਵਿੱਚ ਲਿਖਿਆ ਹੈ ਕਿ ਅਜੇ ਸਿੰਘ ਧਰਮਿੰਦਰ ਦਿਓਲ ਦਾ ਪ੍ਰਸਿੱਧ ਨਾਂ ਸੰਨੀ ਦਿਓਲ ਹੈ। ਲਿਹਾਜਾ ਈਵੀਐਮ ਮਸ਼ੀਨਾਂ ‘ਤੇ ਵੀ ਇਹੋ ਨਾਂ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਹੀ ਇਹ ਦੇਖਿਆ ਜਾਵੇਗਾ ਕਿ ਈਵੀਐਮ ਮਸ਼ੀਨ ‘ਤੇ ਬਦਲਿਆ ਹੋਇਆ ਨਾਮ ਲਿਖਿਆ ਜਾਣਾ ਹੈ ਜਾਂ ਕਾਗਜਾਂ ‘ਚ ਮੌਜੂਦ ਨਾਮ। ਇਸ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਨਿਯਮ ਅਨੁਸਾਰ ਈਵੀਐਮ ਮਸ਼ੀਨ ‘ਤੇ ਉਹੋ ਨਾਮ ਲਿਖਿਆ ਜਾਂਦਾ ਹੈ ਜਿਹੜਾ ਉਮੀਦਵਾਰ ਦੀ ਵੋਟਰ ਸੂਚੀ ਵਿੱਚ ਹੋਵੇ। ਪਰ ਇੱਥੇ ਘੁੰਡੀ ਇਹ ਹੈ ਕਿ ਸੰਨੀ ਦਿਓਲ ਦਾ ਨਾਂ ਵੋਟਰ ਸੂਚੀ ‘ਚ ਵੀ ਅਜੇ ਸਿੰਘ ਧਰਮਿੰਦਰ ਦਿਓਲ ਹੀ ਹੈ। ਹੁਣ ਸੰਨੀ ਦਿਓਲ ਤੇ ਭਾਜਪਾ ਦੀ ਇਹ ਲਿਖਤੀ ਬੇਨਤੀ ‘ਤੇ ਚੋਣ ਕਮਿਸ਼ਨ ਕੀ ਰੁੱਖ ਅਪਣਾਉਦਾ ਹੈ ਇਹ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹੈ, ਪਰ ਇੰਨਾ ਜਰੂਰ ਹੈ ਕਿ ਇਹ ਸਾਰਾ ਮਾਮਲਾ ਉਨ੍ਹਾਂ ਲੋਕਾਂ ਨੂੰ ਇੱਕ ਵੱਡਾ ਸਬਕ ਦੇ ਗਿਆ ਜਿਹੜੇ ਲੋਕ ਪਿਆਰ ਨਾਲ ਆਪਣੇ ਬੱਚਿਆਂ ਦੇ ਨਾਂ ਟਿੱਡਾ, ਘੁੱਦਾ, ਝੰਡਾ, ਤਿੱਤਰ, ਪੀਤਾ, ਘੋਲੂ, ਭਾਨ੍ਹਾਂ, ਪਿਕਲਾ ਆਦਿ ਰੱਖ ਲੈਂਦੇ ਹਨ, ਤੇ ਉਨ੍ਹਾਂ ਦੇ ਕਾਗਜੀ ਨਾਂ ਕੋਈ ਹੋਰ ਹੀ ਚੱਲੀ ਜਾਂਦੇ ਹਨ।

Share This Article
Leave a Comment