ਫਿਰ ਗਿਆ ‘ਝੁਰਲੂ ਮੰਤਰ’ ਦੋ ਹੋਰ ਵਿਧਾਇਕ ਬੋਲੇ ਕੈਪਟਨ ਤੇ ਜਾਖੜ ਵਿਰੁੱਧ, ਕੈਪਟਨ ਸਾਹਿਬ!ਦੇਖਿਓ ਕਿਤੇ ਪਾਰਟੀ ਖਾਲੀ ਹੀ ਨਾ ਹੋ ਜੇ?

Prabhjot Kaur
5 Min Read

ਬਟਾਲਾ : ਆਉਂਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਹਰ ਸਿਆਸੀ ਪਾਰਟੀ ਲੋਕਾਂ ਦਾ ਸਮਰਥਨ ਲੈਣ ਲਈ ਤੇਜ਼ੀ ਨਾਲ ਯਤਨ ਕਰ ਰਹੀ ਹੈ ਉੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਆਪਣੇ ਹੀ ਵਿਧਾਇਕਾਂ ਦੀ ਨਰਾਜ਼ਗੀ ਦਾ ਸ਼ਿਕਾਰ ਹੋ ਰਹੇ ਹਨ। ਹਰ ਦਿਨ ਇੱਕ ਨਵਾਂ ਕਾਂਗਰਸੀ ਵਿਧਾਇਕ ਪਾਰਟੀ ਨਾਲ ਬਗਾਵਤੀ ਸੁਰ ਛੇੜ ਦਿੰਦਾ ਹੈ। ਭਾਵੇਂ ਕਿ ਇਨ੍ਹੀ ਦਿਨੀਂ ਇਹ ਬਗਾਵਤੀ ਸੁਰ ਛੇੜਨ ਦੀ ਸ਼ੁਰੂਆਤ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਕੀਤੀ ਗਈ ਸੀ ਪਰ ਜਿਉਂ ਹੀ ਪਾਰਟੀ ਨੇ ਉਨ੍ਹਾਂ ਨੂੰ ਮੁਅੱਤਲ ਕੀਤਾ ਤਾਂ ਉਹ ਅਗਲੇ ਹੀ ਦਿਨ ਉਹ ਮਾਫੀਆਂ ਮੰਗਦੇ ਦਿਖਾਈ ਦਿੱਤੇ। ਇਹੋ ਹਾਲ ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ ‘ਤੇ ਭੜਕੇ ਹਲਕਾ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਨਾਲ ਹੋਇਆ ਜਿੰਨਾਂ ਨੇ ਤਾਂ ਮੁੱਖ ਮੰਤਰੀ ਹੀ ਬਦਲਕੇ ਪ੍ਰਤਾਪ ਸਿੰਘ ਬਾਜਵਾ ਨੂੰ ਲਾਏ ਜਾਣ ਦੀ ਗੱਲ ਆਖ ਦਿੱਤੀ ਸੀ, ਤੇ ਅਗਲੇ ਹੀ ਦਿਨ ਉਨ੍ਹਾਂ ਤੇ ਵੀ ਪਤਾ ਨਹੀਂ ਕਿਹੜਾ ‘ਝੁਰਲੂ ਮੰਤਰ’ ਫਿਰਿਆ ਕਿ ਉਹ ਵੀ ਮਾਫੀ ਮੰਗ ਕੇ ਕੈਪਟਨ ਨੂੰ ਆਪਣਾ ਬੌਸ ਦੱਸ ਗਏ।

ਗੱਲ ਇੱਥੇ ਹੀ ਨਹੀਂ ਮੁੱਕੀ ਤੇ ਪਾਰਟੀ ਅੰਦਰ ਅਜੇ ਬਗਾਵਤੀ ਸੁਰਾਂ ਛੇੜਣ ਵਾਲੀ ਗਿਟਾਰ ਸੱਖਣੀ ਨਹੀਂ ਰਹੀ। ਹੁਣ ਇਸ ਤੇ ਬਗਾਵਤ ਵਾਲਾ ਸੁਰ ਛੇੜਿਆ ਹੈ ਹਲਕਾ ਬਟਾਲਾ ਦੇ ਸਾਬਕਾ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਨੇ। ਜਿੰਨਾਂ ਨੇ ਆਪਣੇ ਹਲਕੇ ਦਾ ਵਿਕਾਸ ਨਾ ਹੋਣ ਲਈ ਜ਼ਿੰਮੇਵਾਰ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਠਹਿਰਾ ਦਿੱਤਾ ਹੈ। ਇਸ ਤੋਂ ਇਲਾਵਾ ਹਲਕਾ ਅਮਲੋਹ ਤੋਂ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਤਾਂ ਵਿਧਾਇਕਾਂ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੂੰਹ ਤੇ ਹੀ ਕਹਿ ਦਿੱਤਾ ਸੀ ਕਿ ਤੁਸੀਂ ਇੱਕ ਵਧੀਆ ਪ੍ਰਸ਼ਾਸ਼ਕ ਜਰੂਰ ਹੋ ਸਕਦੇ ਹੋ ਪਰ ਉਸ ਦਾ ਕੀ ਫਾਇਦਾ ਕਿਉਂਕਿ ਤੁਹਾਨੂੰ ਮਿਲਿਆ ਹੀ ਨਹੀਂ ਜਾ ਸਕਦਾ ਤੇ ਹਾਲਾਤ ਇਹ ਹਨ ਕਿ ਮੈਂ( ਕਾਕਾ ਰਣਦੀਪ ਸਿੰਘ) ਤੁਹਾਨੂੰ 8 ਮਹੀਨੇਂ ਬਾਅਦ ਮਿਲ ਪਾ ਰਿਹਾ ਹਾਂ।

ਗੱਲ ਜੇਕਰ ਤਾਜ਼ਾ ਮਾਮਲੇ ਦੀ ਕਰੀਏ ਤਾਂ ਇਸ ਵਿੱਚ ਬਟਾਲਾ ਦੇ ਸਾਬਕਾ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਨੇ ਵੀ ਆਪਣੀ ਪਾਰਟੀ ਵਿਰੁੱਧ ਭੜਾਸ ਕੱਡੀ ਹੈ। ਉਨ੍ਹਾਂ ਦੋਸ਼ ਲਾਇਆ ਹੈ, ਕਿ ਸਰਕਾਰ ਵੱਲੋਂ ਉਨ੍ਹਾਂ ਦੇ ਹਲਕੇ ਦੇ ਵਿਕਾਸ ਲਈ ਕੋਈ ਕੰਮ ਨਹੀਂ ਕਰਵਾਇਆ ਜਾ ਰਿਹਾ। ਸੇਖੜੀ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਧਾਨ ਸੁਨੀਲ ਜਾਖੜ ਨੂੰ ਵੀ ਲਪੇਟਦਿਆਂ ਕਿਹਾ ਕਿ ਗੁਰਦਾਸਪੁਰ ਤੋਂ ਉਨ੍ਹਾਂ ਨੇ ਚੋਣਾਂ ਸਮੇਂ ਸੁਨੀਲ ਜਾਖੜ ਨੂੰ 26 ਹਜ਼ਾਰ ਵੋਟ ‘ਤੇ ਜਿੱਤਵਾਇਆ ਸੀ ਪਰ ਹੁਣ ਉਸੇ ਜਾਖੜ ਨੇ ਬਟਾਲੇ ਨੂੰ ਬਿਲਕੁਲ ਹੀ ਵਿਸਾਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਬਟਾਲੇ ਦੇ ਵਿਕਾਸ ਲਈ ਖੁਦ ਵੀ ਮੁੱਖ ਮੰਤਰੀ ਨੂੰ ਮਿਲ ਚੁੱਕੇ ਹਨ ਪਰ ਇਸ ਸਬੰਧੀ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ ਜਿਸ ਕਾਰਨ ਬਟਾਲੇ ਦੇ ਵਿਕਾਸ ਲਈ ਕੋਈ ਵੀ ਮਦਦ ਨਹੀਂ ਮਿਲ ਸਕੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਭਾਵੇਂ ਕਿਸੇ ਪਾਰਟੀ ਦੀ ਸਰਕਾਰ ਰਹੀ ਹੋਵੇ ਪਰ ਉਹ ਆਪਣੇ ਹਲਕੇ ਲਈ ਫਿਰ ਵੀ ਕੁਝ-ਨਾ-ਕੁਝ ਕਰਦੇ ਰਹਿੰਦੇ ਸਨ ਪਰ ਹੁਣ ਆਪਣੀ ਪਾਰਟੀ ਦੇ ਸੱਤਾ ਵਿੱਚ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਹਲਕਾ ਬਟਾਲੇ ਦੇ ਵਿਕਾਸ ਲਈ ਕੋਈ ਵੀ ਮਦਦ ਨਹੀਂ ਮਿਲ ਰਹੀ।

ਲੋਕ ਸਭਾ ਚੋਣਾ ਤੋਂ ਐਨ ਪਹਿਲਾਂ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਰਹਿ-ਰਹਿ ਕੇ ਛੇੜੀ ਜਾ ਰਹੀ ਬਗਾਵਤ ਕੈਪਟਨ ਗੁੱਟ ਲਈ ਖਤਰੇ ਦੀ ਘੰਟੀ ਮੰਨਿਆ ਜਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਜੇਕਰ ਆਉਂਦੀਆਂ ਲੋਕ ਸਭਾ ਚੋਣਾ ਦੌਰਾਨ ਲੋਕਾਂ ਨੇ ਕੈਪਟਨ ਦੀਆਂ ਨੀਤੀਆਂ ਨੂੰ ਨਕਾਰ ਕੇ ਵੋਟਾਂ ਵਿਰੋਧ ਵਿੱਚ ਪਾ ਦਿੱਤੀਆਂ ਤਾਂ ਇਸ ਦਾ ਸਾਰਾ ਅਸਰ ਕਾਂਗਰਸ ਦੀ ਕੇਂਦਰੀ ਸਿਆਸਤ ਤੇ ਪਵੇਗਾ ਕਿਉਂਕਿ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਵਿਰੁੱਧ ਵੋਟਾਂ ਪੈਣ ਦਾ ਮਤਲਬ ਹੈ ਕਿ ਉਹ ਲੋਕ ਸਭਾ ਸੀਟਾ ਹਾਰ ਜਾਣਾ ਜਿਨਾਂ ਦੇ ਦਮ ਤੇ ਕਾਂਗਰਸ ਨੇ ਕੇਂਦਰ ਵਿੱਚ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਕੇ ਸਰਕਾਰ ਬਣਾਉਣ ਦਾ ਸੁਫਨਾ ਦੇਖ ਰੱਖਿਆ ਹੈ। ਅਜਿਹੇ ਵਿੱਚ ਜੇਕਰ ਆਉਂਦੀਆਂ ਚੋਣਾਂ ਵਿੱਚ ਪੰਜਾਬ ਵਿੱਚੋਂ ਕਾਂਗਰਸ ਨੂੰ ਹਾਰ ਮਿਲਦੀ ਹੈ ਤਾਂ ਕਾਂਗਰਸੀ ਵਿਧਾਇਕ ਉਸ ਹਾਰ ਦਾ ਸਾਰਾ ਠੀਕਰਾ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਭੰਨ ਸਕਦੇ ਹਨ ਕਿਉਂਕਿ ਉਸ ਵੇਲੇ ਉਨ੍ਹਾਂ ਕੋਲ ਇੱਕੋ ਇੱਕ ਬਹਾਨਾ ਹੋਵੇਗਾ ਕਿ ਪਹਿਲਾਂ ਤਾਂ ਮੁੱਖ ਮੰਤਰੀ ਕਿਸੇ ਨੂੰ ਮਿਲਦੇ ਹੀ ਨਹੀਂ, ਤੇ ਜੇਕਰ ਮਿਲਦੇ ਵੀ ਹਨ ਤਾਂ ਵਿਧਾਇਕਾਂ ਅਤੇ ਪਾਰਟੀ ਵਰਕਰਾਂ ਦੀ ਗੱਲ ਨਹੀਂ ਸੁਣੀ ਜਾਂਦੀ। ਇਨ੍ਹਾਂ ਹਾਲਾਤਾਂ ਨੂੰ ਦੇਖ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸੱਤਾਧਾਰੀਆਂ ਤੋਂ ਫਾਇਦਾ ਲੈਣ ਦੇ ਲਾਲਚ ਵਿੱਚ ਜਿੰਨਾਂ ਲੋਕਾਂ ਨੇ ਕਾਂਗਰਸ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਪਾਈਆਂ ਵੀ ਜਾਣੀਆਂ ਹਨ ਉਹ ਵੀ ਅਜਿਹੇ ਹਾਲਾਤਾਂ ਵਿੱਚ ਈਵੀਐਮ ਮਸ਼ੀਨਾਂ ਤੋਂ ਆਪਣੀਆਂ ਉਂਗਲੀਆਂ ਪਿੱਛੇ ਖਿੱਚ ਲੈਣਗੇ। ਹੁਣ ਵੇਖਣਾ ਇਹ ਹੋਵੇਗਾ ਕਿ ਸਮੇਂ ਦੀ ਮੰਗ ਨੂੰ ਮੁੱਖ ਰੱਖਕੇ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਦੀ ਆਵਾਜ਼ ਸੁਣ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰਦੇ ਹਨ ਕਿ ਆਉਣ ਵਾਲੇ ਸਮੇਂ ਦੌਰਾਨ ਇੱਕ ਦੋ ਹੋਰ ਆਗੂਆਂ ਦੀਆਂ ਮੁਅੱਤਲੀਆਂ ਦੇਖਣ ਸੁਨਣ ਤੇ ਪੜ੍ਹਨ ਨੂੰ ਮਿਲਣਗੀਆਂ।

- Advertisement -

 

Share this Article
Leave a comment