ਫਰਜੀ ਏਜੰਟਾਂ ਦੇ ਜਾਲ ‘ਚ ਫਸਿਆ ਇੱਕ ਹੋਰ ਪੰਜਾਬੀ ਨੌਜਵਾਨ! ਦੁਬਈ ਤੋਂ ਮਦਦ ਲਈ ਰੋ-ਰੋ ਲਗਾ ਰਿਹਾ ਹੈ ਗੁਹਾਰ

TeamGlobalPunjab
3 Min Read

ਗੁਰਦਾਸਪੁਰ : ਦਿਨ-ਬ-ਦਿਨ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ‘ਚ ਵਿਦੇਸ਼ੀ ਧਰਤੀ ‘ਤੇ ਜਾਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਇਸੇ ਚੱਕਰ ‘ਚ ਉਹ ਕਈ ਵਾਰ ਫਰਜੀ ਏਜੰਟਾਂ ‘ਦੇ ਝਾਂਸੇ ‘ਚ ਆ ਕੇ ਵੀ ਗੁੰਮਰਾਹ ਹੋ ਜਾਂਦੇ ਹਨ ਅਤੇ ਵਿਦੇਸ਼ ਜਾ ਕੇ ਫਸ ਜਾਂਦੇ ਹਨ। ਕੁਝ ਅਜਿਹਾ ਹੀ ਹੋਇਆ ਹੈ ਗੁਰਦਾਸਪੁਰ ਦੇ ਪਿੰਡ ਰਾਮਪੁਰ ਦੇ ਰਹਿਣ ਵਾਲੇ ਨੌਜਵਾਨ ਮਲਕੀਤ ਸਿੰਘ ਨਾਲ। ਜਿਹੜਾ ਕਿ ਕੁਝ ਸਮਾਂ ਪਹਿਲਾਂ ਇੱਕ ਏਜੰਟ ਰਾਹੀਂ ਆਪਣੇ ਪਰਿਵਾਰ ਨੂੰ ਗੁਰਬਤ ਦੀ ਜਿੰਦਗੀ ‘ਚੋਂ ਬਾਹਰ ਕੱਢਣ ਲਈ ਦੁਬਈ ਗਿਆ ਸੀ। ਪਰ ਹੁਣ ਉਸ ਨੇ ਉੱਧਰੋਂ ਆਪਣੀ ਇੱਕ ਵੀਡੀਓ ਜਾਰੀ ਕਰਕੇ ਮਦਦ ਮੰਗੀ ਹੈ।

ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਨੌਜਵਾਨ ਲਗਾਤਾਰ ਰੋ-ਰੋ ਕੇ ਮਦਦ ਦੀ ਗੁਹਾਰ ਲਗਾ ਰਿਹਾ ਹੈ ਅਤੇ ਅਪੀਲ ਕਰ ਰਿਹਾ ਹੈ ਕਿ ਉਸ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪਰਿਵਾਰ ਵੱਲੋਂ ਵੀ ਆਪਣੇ ਮੁੰਡੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਮਲਕੀਤ ਸਿੰਘ ਦੇ ਪਿਤਾ ਸਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਕਰੀਬ 7 ਮਹੀਨੇ ਪਹਿਲਾਂ ਦੁਬਈ ਗਿਆ ਸੀ। ਸਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ 70 ਹਜ਼ਾਰ ਰੁਪਏ ਲੈ ਕੇ ਗੁਰਦਾਸਪੁਰ ਦੇ ਇੱਕ ਪਾਲ ਸਿੰਘ ਨਾਮਕ ਏਜੰਟ ਨੇ ਦੁਬਈ ਕਿਸੇ ਕੰਪਨੀ ‘ਚ ਭੇਜਣ ਦਾ ਝਾਂਸਾ ਦੇ ਕੇ ਕਿਸੇ ਠੇਕੇਦਾਰ ਕੋਲ ਭੇਜ ਦਿੱਤਾ ਜਿੱਥੇ ਉਨ੍ਹਾਂ ਦੇ ਪੁੱਤਰ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈ। ਸਲਵਿੰਦਰ ਸਿੰਘ ਮੁਤਾਬਿਕ ਹੁਣ ਜਦੋਂ ਏਜੰਟ ਨਾਲ ਮਲਕੀਤ ਨੂੰ ਵਾਪਸ ਬੁਲਾਉਣ ਦੀ ਗੱਲ ਕੀਤੀ ਗਈ ਹੈ ਤਾਂ ਉਹ ਹੋਰ 40 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਹੈ।

ਦੱਸ ਦਈਏ ਕਿ ਪਰਿਵਾਰ ਦੀ ਮਦਦ ਲਈ ਇੱਕ ਸਮਾਜ ਸੇਵੀ ਸੰਸਥਾ ਵੀ ਅੱਗੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਹਰਪਿੰਦਰ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਬਹੁਤ ਗਰੀਬ ਹੈ ਅਤੇ ਇਨ੍ਹਾਂ ਦੀ ਇੱਕ ਕੁੜੀ ਦਾ ਝੂਲਾ ਟੁੱਟ ਗਿਆ ਹੈ ਅਤੇ ਇਨ੍ਹਾਂ ਕੋਲ ਉਸ ਦਾ ਇਲਾਜ਼ ਕਰਵਾਉਣ ਲਈ ਵੀ ਪੈਸੇ ਨਹੀਂ ਹਨ।  ਹਰਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੀ ਏਜੰਟ  ਨਾਲ ਗੱਲਬਾਤ ਕੀਤੀ ਗਈ ਹੈ ਪਰ ਉਹ ਕਹਿੰਦਾ ਹੈ ਕਿ ਉਸ ਦਾ ਅਗਲੀ ਪਾਰਟੀ ਫੋਨ ਨਹੀਂ ਚੁੱਕ ਰਹੀ ਅਤੇ ਪੁਲਿਸ ਨਾਲ ਸੰਪਰਕ ਕਰਨ ਦੀ ਗੱਲ ਕਹਿ ਦਿੱਤੀ ਗਈ।

ਹਰਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੱਲ ਕਰਨ ਤੋਂ ਬਾਅਦ ਪਾਲਾ ਸਿੰਘ ਵੱਲੋਂ ਪੀੜਤ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਇਹ ਧਮਕੀ ਦਿੱਤੀ ਗਈ ਕਿ, “ਤੁਸੀਂ ਸਮਾਜ ਸੇਵੀ ਸੰਸਥਾ ਕੋਲ ਕੀ ਕਰਨ ਗਏ ਸੀ।“ ਹਰਪਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਉਹ ਪਰਿਵਾਰ ਨੂੰ ਕਹਿ ਰਿਹਾ ਹੈ ਕਿ ਤੁਸੀਂ ਸੰਸਥਾਵਾਂ ਕੋਲ ਕੀ ਕਰਨ ਜਾ ਰਹੇ ਹੋ ਜਿਹੜਾ ਜੋਰ ਲਗਦਾ ਹੈ ਲਗਾ ਲਵੋ ਤੇ ਪੁਲਿਸ ਫੜ ਕੇ ਜੇਲ੍ਹ ਹੀ ਭੇਜੇਗੀ ਇਸ ਤੋਂ ਵੀ ਵੱਧ ਹੋਰ ਕੀ ਕਰੇਗੀ।

- Advertisement -

Share this Article
Leave a comment