ਪੰਥ ਵਿਰੋਧੀ ਤਾਕਤਾਂ ਵੱਲੋ ਪੰਥ ਨੂੰ ਕਮਜ਼ੋਰ ਕਰਨ ਦੇ ਯਤਨਾਂ ਪ੍ਰਤੀ ਸਾਵਧਾਨ ਹੋਣ ਦੀ ਲੋੜ : ਜਥੇਦਾਰ ਹਰਪ੍ਰੀਤ ਸਿੰਘ

Prabhjot Kaur
3 Min Read

ਧੁੰਮਾ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਪੰਥ ਵਿਰੋਧੀ ਤਾਕਤਾਂ ਵੱਲੋ ਪੰਥ ਨੂੰ ਕਮਜ਼ੋਰ ਕਰਨ ਲਈ ਪੰਥਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਦੇ ਯਤਨ ਲਗਾਤਾਰ ਕੀਤੇ ਜਾ ਰਹੇ ਹਨ ਜਿਸ ਪ੍ਰਤੀ ਸਾਵਧਾਨ ਰਹਿੰਦਿਆਂ ਪੰਥ ਪ੍ਰਤੀ ਜਿੰਮੇਵਾਰੀਆਂ ਸਮਝਣ ਦੀ ਲੋੜ ਹੈ ।ਗਿਆਨੀ ਹਰਪ੍ਰੀਤ ਸਿੰਘ ਇਥੇ ਰਾਜਪੁਰਾ ਨੇੜੇ ਪਿੰਡ ਧੁੰਮਾ ਵਿਖੇ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਦੇ ਵਡੇ ਭਰਾਤਾ ਅਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸਰਧਾਂਜਲੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।  ਉਹਨਾਂ ਕਿਹਾ ਕਿ ਬਾਬਾ ਹਰਨਾਮ ਸਿੰਘ ਖ਼ਾਲਸਾ ਕਿਸੇ ਆਲੋਚਨਾ ਦੀ ਪਰਵਾਹ ਨਾ ਕਰਦਿਆਂ ਪੰਥਕ ਸੇਵਾਵਾਂ ਨੂੰ ਸਮਰਪਿਤ ਹਨ।  ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਜਗਤਾਰ ਸਿੰਘ ਹੈੱਡ ਗਰੰਥੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਨੇ ਕਿਹਾ ਕਿ ਬੰਦਗ਼ੀ ਵਾਲਾ ਜੀਵਨ ਜਿਊਣ ਵਾਲੇ ਭਈ ਅਜੀਤ ਸਿੰਘ ਦੇ ਸਦੀਵੀ ਵਿਛੋੜੇ ਨੂੰ ਪਰਿਵਾਰ ਅਤੇ ਪੰਥ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਰਫੋਂ ਸਾਂਸਦ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ: ਦਲਜੀਤ ਸਿੰਘ ਚੀਮਾ, ਦਿੱਲੀ ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਤਰਫੋਂ ਬੋਲਦਿਆਂ ਜਨਰਲ ਸਕੱਤਰ ਗੁਰਬਚਨ ਸਿੰਘ ਕਾਰਮੂਵਾਲ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਦੀਆਂ ਪੰਥ ਪ੍ਰਤੀ ਘਾਲਣਾਵਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਵਰੋਸਾਈ ਦਮਦਮੀ ਟਕਸਾਲ ਨੇ ਸ਼ਬਦ ਗੁਰੂ ਦੀ ਵਿਖਿਆਨ ਤੇ ਪ੍ਰਚਾਰ ਹੀ ਨਹੀਂ ਕੀਤਾ ਸਗੋਂ ਅਮਲੀ ਰੂਪ ‘ਚ ਅਪਨਾਉਦਿਆਂ ਹਰ ਚੁਨੌਤੀ ਦਾ ਪੂਰੇ ਸਾਹਸ ਨਾਲ ਸਾਹਮਣਾ ਕਰਨ ਦੇ ਪੂਰਨੇ ‘ਤੇ ਚਲਦਿਆਂ ਬਾਬਾ ਹਰਨਾਮ ਸਿੰਘ ਖਾਲਸਾ ਪੰਥਕ ਸੇਵਾਵਾਂ ਲਈ ਹਿੱਕ ਤਾਣ ਕੇ ਖੜ੍ਹੇ ਹਨ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਕਰਨੈਲ ਸਿੰਘ ਪੀਰਮੁਹੰਮਦ ਮੁੱਖ ਬੁਲਾਰੇ ਅਕਾਲੀ ਦਲ ਟਕਸਾਲੀ, ਕਰਨੈਲ ਸਿੰਘ ਪੰਚੋਲੀ, ਬਾਬਾ ਜੀਵਾ ਸਿੰਘ ਅਤੇ ਬਾਬਾ ਪ੍ਰਦੀਪ ਸਿੰਘ ਬੋਰੇਵਾਲੇ ਨੇ ਵੀ ਸੰਬੋਧਨ ਕੀਤਾ।ਤੇ ਕਿਹਾ ਕਿ ਭਾਈ ਅਜੀਤ ਸਿੰਘ ਜੀ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਥੇ ਤੋਂ ਅਮ੍ਰਿਤਪਾਣ ਕੀਤਾ ਸੀ। ਉਹਨਾਂ ਨੇ ਸੰਤ ਬਾਬਾ ਹਰੀ ਸਿੰਘ ਜੀ ਕਾਰਸੇਵਾ ਤਰਨ ਤਾਰਨ ਸਾਹਿਬ, ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਅਤੇ ਕਾਰਸੇਵਾ ਸੰਤ ਬਾਬਾ ਸ਼ੀਸਾ ਸਿੰਘ ਜੀ ਹਜੂਰ ਸਾਹਿਬ ਵਾਲੇ ਮਹਾਪੁਰਸ਼ਾਂ ਨਾਲ ਗੁਰਧਾਮਾਂ ਦੀਆਂ ਉਸਾਰੀਆਂ ‘ਚ ਅਹਿਮ ਸੇਵਾਵਾਂ ਨਿਭਾਈਆਂ।ਇਸ ਮੌਕੇ ਸਿੰਘ ਸਾਹਿਬਾਨ ਅਤੇ ਆਗੂਆਂ ਵੱਲੋਂ ਭਈ ਅਜੀਤ ਸਿੰਘ ਦੇ ਪੁੱਤਰ ਭਾਈ ਮਨਦੀਪ ਸਿੰਘ ਨੂੰ ਦਸਤਾਰ ਭੇਟ ਕੀਤੇ ਗਏ।

 

Share this Article
Leave a comment