ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਦੀਆਂ ਖ਼ਬਰਾਂ ਨੇ ਪਾਇਆ ਧਮਾਕਾ, ਕੈਪਟਨ ਨੇ ਸ਼ੁਰੂ ਕੀਤੀ ਨਵਜੋਤ ਸਿੱਧੂ ਨੂੰ ਮੰਨਾਉਣ ਦੀ ਮੁਹਿੰਮ? ਮੁੱਖ ਮੰਤਰੀ ਦੇ ਸਲਾਹਕਾਰ ਨੇ ਕੀਤੀ ਸਿੱਧੂ ਨਾਲ ਮੁਲਾਕਾਤ

TeamGlobalPunjab
3 Min Read

ਚੰਡੀਗੜ੍ਹ : ਬੀਤੇ ਕੁਝ ਦਿਨਾਂ ਤੋਂ ਸਿਆਸੀ ਹਲਕਿਆਂ ਵਿੱਚ ਅੰਦਰੋ ਅੰਦਰੀ ਚੁਗਲੀਆਂ ਦਾ ਦੌਰ ਜਾਰੀ ਹੈ ਕਿ ਨਵਜੋਤ ਸਿੰਘ ਸਿੱਧੂ ਹੁਰਾਂ ਨੇ ਪੰਜਾਬ ਵਜ਼ਾਰਤ ਤੋਂ ਅਸਤੀਫਾ ਤਾਂ ਦੇ ਦਿੱਤਾ ਹੈ ਪਰ ਉਨ੍ਹਾਂ ਦੀ ਜਿੰਨੀ ਨੇੜਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਹੈ ਉਸ ਨੂੰ ਦੇਖਦਿਆਂ ਕਿ ਇੰਝ ਜਾਪਦਾ ਹੈ ਜਿਵੇਂ ਪਾਰਟੀ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਵਰਗੇ ਤੇਜ ਤਰਾਰ ਆਗੂ ਨੂੰ ਕਿਸੇ ਹਾਲਾਤ ਵਿੱਚ ਵੀ ਕਾਂਗਰਸ ਨੂੰ ਛੱਡ ਕੇ ਜਾਣ ਦਾ ਕੋਈ ਮੌਕਾ ਨਹੀਂ ਦੇਣਗੇ। ਸ਼ਾਇਦ ਇਸੇ ਕਾਰਨ ਇਹ ਖ਼ਬਰਾਂ ਵੀ ਉੱਡਣੀਆਂ ਸ਼ੁਰੂ ਹੋ ਗਈਆਂ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਰਿਹਾ ਹੈ। ਅਜਿਹਾ ਨਹੀਂ ਹੈ ਕਿ ਇਸ ਗੱਲ ਦੀ ਭਣਕ ਮੁੱਖ ਮੰਤਰੀ ਜਾਂ ਸਰਕਾਰ ‘ਚ ਸ਼ਾਮਲ ਲੋਕਾਂ ਨੂੰ ਨਹੀਂ ਹੈ, ਇਹ ਜਿਹੜੀ “ਗੌਰਮਿੰਟ” ਹੈ ਇਹ ਸੂਬੇ  ‘ਚ ਵਾਪਰ ਰਹੀਆਂ ਘਟਨਾਵਾਂ ਦੀ ਮਿੰਟ ਮਿੰਟ ‘ਤੇ ਗੌਰ ਕਰ ਰਹੀ ਹੈ, ਤੇ ਚਰਚਾ ਇਹ ਵੀ ਹੈ ਕਿ ਸਿੱਧੂ ਨੂੰ ਸੂਬਾ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੀਆਂ ਖਬਰਾਂ ਨੇ ਸੱਤਾਧਾਰੀਆਂ ਦੇ ਗਲਿਆਰਿਆਂ ਵਿੱਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ। ਸ਼ਾਇਦ ਇਹੋ ਕਾਰਨ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਇਹ ਚਰਚਾ ਵੀ ਸ਼ੁਰੂ  ਹੋ ਗਈ ਹੈ ਕਿ ਉਨ੍ਹਾਂ ਨੇ ਇਸੇ ਕਾਰਨ ਆਪਣੇ ਰਾਜਨੀਤਕ ਸਲਾਹਕਾਰ ਸੰਦੀਪ ਸੰਧੂ ਨੂੰ ਦਿੱਲੀ ਗਏ ਨਵਜੋਤ ਸਿੰਘ ਸਿੱਧੂ ਨੂੰ ਮੰਨਾਉਣ ਦੀ ਜਿੰਮੇਵਾਰੀ ਸੌਂਪੀ ਹੈ। ਪਤਾ ਲੱਗਾ ਹੈ ਕਿ ਸੰਦੀਪ ਸੰਧੂ ਨੇ ਦਿੱਲੀ ਪਹੁੰਚ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜਰੀ ‘ਚ ਸਿੱਧੂ ਨਾਲ ਇੱਕ ਬੰਦ ਕਮਰਾ ਮੀਟਿੰਗ ਕੀਤੀ ਹੈ, ਪਰ ਇਸ ਸਬੰਧੀ ਅਜੇ ਤੱਕ ਕੋਈ ਵੀ ਗੱਲ ਬਾਹਰ ਨਹੀਂ ਆ ਸਕੀ। ਇਸ ਮੀਟਿੰਗ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਸਿੱਧੂ ਵੱਲੋਂ ਮੁੱਖ ਮੰਤਰੀ ਨੂੰ ਦਿੱਤੇ ਗਏ ਅਸਤੀਫੇ ਬਾਰੇ ਫੈਸਲਾ ਆਉਣ ਵਿੱਚ ਅਜੇ ਕੁਝ ਦਿਨ ਲੱਗ ਸਕਦੇ ਹਨ।

ਦੱਸ ਦਈਏ ਕਿ ਬੀਤੀ ਕੱਲ੍ਹ ਦੇਰ ਸ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਦਿੱਲੀ ਤੋਂ ਵਾਪਸ ਪਰਤ ਆਏ ਹਨ, ਪਰ ਨਵਜੋਤ ਸਿੰਘ ਸਿੱਧੂ ਦਿੱਲੀ ਪਹੁੰਚ ਗਏ ਹਨ। ਜਿੱਥੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਪਾਰਟੀ ਹਾਈ ਕਮਾਂਡ ਕੋਲ ਆਪਣਾ  ਇਹ ਪੱਖ ਰੱਖਣ ਗਏ ਹਨ ਕਿ ਉਨ੍ਹਾਂ ਨੇ ਪੰਜਾਬ ਵਜ਼ਾਰਤ ਤੋਂ ਅਸਤੀਫਾ ਕਿਉਂ ਦਿੱਤਾ ਹੈ ਉੱਥੇ ਦੂਜੇ ਪਾਸੇ ਇਹ ਮੰਨਿਆ ਜਾ ਰਿਹਾ ਹੈ  ਕਿ ਦਿੱਲੀਓਂ ਪੰਜਾਬ ਪਰਤੇ ਅੱਜ ਸਿੱਧੂ ਦੇ ਅਸਤੀਫੇ ‘ਤੇ ਕੋਈ ਵੱਡਾ ਫੈਸਲਾ ਸੁਣਾ ਸਕਦੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਵੱਲੋਂ ਦਿੱਲੀਓਂ ਵਾਪਸ ਆ ਕੇ ਆਪਣੀ ਰਿਹਾਇਸ਼ ‘ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਚਾਹ ਪਾਰਟੀ ਲਈ ਬੁਲਾਇਆ ਹੈ ਜਿੱਥੇ ਸਿੱਧੂ ਮਾਮਲੇ ‘ਤੇ ਚਰਚਾ ਤੋਂ ਬਾਅਦ ਹੀ ਕੋਈ ਅਗਲਾ ਫੈਸਲਾ ਲਏ ਜਾਣ ਦੀ ਸੰਭਾਵਨਾ ਤਾਂ ਹੈ, ਪਰ ਇਸ ਸਬੰਧੀ ਅਜੇ ਤੱਕ ਮੁੱਖ ਮੰਤਰੀ ਰਿਹਾਇਸ਼ ਵੱਲੋਂ ਕੋਈ ਵੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ।

Share this Article
Leave a comment