ਪੁਲਵਾਮਾ ਹਮਲੇ ਨੂੰ ਲੈ ਕੇ ਪੋਸਟਰ ਦੀ ਸਿਆਸਤ ਜਾਰੀ, ਸਿੱਧੂ ਤੋਂ ਬਾਅਦ ਮੋਦੀ ਸਣੇ ਅਕਾਲੀਆਂ ਦੇ ਵੀ ਲੱਗੇ ਪੋਸਟਰ

Prabhjot Kaur
2 Min Read

ਜਲੰਧਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਚ ਸੀਆਰਪੀਐਫ ‘ਤੇ ਹੋਏ ਫਿਦਾਈਨ ਹਮਲੇ ਪਿੱਛੋਂ ਪੰਜਾਬ ਵਿੱਚ ਪੋਸਟਰ ਦੀ ਸਿਆਸਤ ਜਾਰੀ ਹੈ। ਹੁਣ ਜਲੰਧਰ ਚ ਵੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਬਾਜਵਾ ਨਾਲ ਜੱਫੀ ਪਾਉਣ ਵਾਲੀ ਤਸਵੀਰ ਦਾ ਪੋਸਟਰ ਲਾਇਆ ਗਿਆ ਹੈ। ਜਿਸ ਤੋਂ ਬਾਅਦ ਕਾਂਗਰਸੀਆਂ ਵਲੋਂ ਅਕਾਲੀ ਦਲ ਦੇ ਲੀਡਰਾਂ ਦੇ ਪੋਸਟਰ ਲਗਾਏ ਗਏ ਜਿਸ ਦਾ ਅਕਾਲੀਆਂ ਵਲੋਂ ਸਖਤ ਵਿਰੋਧ ਕੀਤਾ ਗਿਆ।

ਪੰਜਾਬ ਦੇ ਕਈ ਅਹਿਮ ਮੁਦੇ ਛੱਡ ਕੇ ਸਿਆਸੀ ਪਾਰਟੀਆਂ ਹੁਣ ਪੋਸਟਰ ਦੀ ਸਿਆਸਤ ਕਰਨ ਤੇ ਉਤਰ ਆਈਆਂ ਨੇ ਵੈਸੇ ਲੋਕਾਂ ਦਾ ਧਿਆਨ ਭੜਕਾਉਣ ਲਈ ਸਮੇਂ ਸਮੇਂ ਤੇ ਅਜਿਹੀਆਂ ਖੇਡਾਂ ਖੇਡੀਆਂ ਜਾਂਦੀਆਂ ਨੇ ਤਾਂ ਕਿ ਜਿਨਾਂ ਮੁਦਿਆਂ ਤੇ ਕੰਮ ਹੋਣਾ ਚਾਹੀਦਾ ਉਹ ਅਣਗੋਲੇ ਕੀਤੇ ਜਾਣ। ਪੁਲਵਾਮਾ ਹਮਲੇ ਤੇ ਨਵਜੋਤ ਸਿਧੂ ਵਲੋਂ ਦਿਤੇ ਬਿਆਨ ਦਾ ਦੇਸ਼ ਭਰ ਚ ਕੜਾ ਵਿਰੋਧ ਹੋ ਰਿਹਾ ਹੈ। ਪੰਜਾਬ ‘ਚ ਵੀ ਨਵਜੋਤ ਸਿਧੂ ਨੂੰ ਆਪਣੇ ਦਿਤੇ ਬਿਆਨ ਕਾਰਨ ਅਲੋਚਨਾ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਲਗਾਤਾਰ ਗੁਰੂ ਦੇ ਪੋਸਟਰਾਂ ਤੇ ਕਾਲਖ ਮਲੀ ਜਾ ਰਹੀ ਹੈ ਤੇ ਪਾਕਿਸਤਾਨ ਦੇ ਫੌਜ ਮੁਖੀ ਬਾਜਵਾ ਨਾਲ ਪਾਈ ਜਫੀ ਦੇ ਪੋਸਟਰ ਵੀ ਲਗਾਏ ਜਾ ਰਹੇ ਹਨ। ਜਲੰਧਰ ‘ਚ ਵੀ ਨਵਜੋਤ ਸਿਧੂ ਦੇ ਪੋਸਟਰ ਲੱਗੇ ਜਿਸ ਤੇ ਲਿਖਿਆ ਸੀ ਜਨਰਲ ਬਾਜਵੇ ਦਾ ਯਾਰ, ਸਿਧੂ ਦੇਸ਼ ਦਾ ਗੱਦਾਰ।

ਇਸ ਤੋਂ ਬਾਅਦ ਕਾਂਗਰਸ ਦੇ ਵਰਕਰ ਕਿਥੇ ਚੁਪ ਬੈਠ ਸਕਦੇ ਸੀ ਕਾਂਗਰਸੀ ਵਰਕਰਾਂ ਨੇ ਅਕਾਲੀ ਦਲ ਦੇ ਬਿਕਰਮ ਮਜੀਠੀਆ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੇ ਵੀ ਪੋਸਟਰ ਲਗਾ ਦਿਤੇ। ਉਨ੍ਹਾਂ ਦੇ ਨਾਲ-ਨਾਲ ਪੀਐਮ ਮੋਦੀ ਦੀ ਪਾਕਿਸਤਾਨ ਫੇਰੀ ਦੀਆਂ ਤਸਵੀਰਾਂ ਦੇ ਪੋਸਟਰ ਵੀ ਲਗਾਏ ਗਏ ਜਿਸ ਤੇ ਲਿਖਿਆ ਸੀ ਕੀਹਨੇ ਦੇਸ਼ ਖਾਧਾ, ਕੀਹਨੇ ਪੰਜਾਬ ਖਾਧਾ ਕੀਹਨੇ ਪੰਥ ਖਾਧਾ ਦੁਨੀਆ ਸਭ ਜਾਣਦੀ ਹੈ। ਅਕਾਲੀਆਂ ਦੇ ਇਹ ਪੋਸਟਰ ਜਲੰਧਰ ਦੇ ਨਾਮਦੇਵ ਚੌਂਕ ਵਿੱਚ ਲਾਏ ਗਏ ਹਨ। ਜਿਸ ਦਾ ਅਕਾਲੀ ਦਲ ਦੇ ਆਗੂਆਂ ਵਲੋਂ ਵਿਰੋਧ ਕੀਤਾ ਗਿਆ ਤੇ ਉਨਾਂ ਪੋਸਟਰਾਂ ਨੂੰ ਮੌਕੇ ਤੇ ਹੀ ਪਾੜ ਦਿਤਾ ਗਿਆ ਤੇ ਨਵਜੋਤ ਸਿਧੂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਫਿਲਹਾਲ ਇਹ ਪੋਸਟਰ ਉਤਾਰ ਦਿਤੇ ਗਏ ਨੇ ਪਰ ਜ਼ਰੂਰਤ ਪੋਸਟਰਾਂ ਦੀ ਸਿਆਸਤ ਦੀ ਨਹੀਂ ਸੂਬੇ ਦੇ ਵਿਕਾਸ ਦੀ ਹੈ।

Share this Article
Leave a comment