ਵਧਣਗੀਆਂ ਰਾਹੁਲ ਗਾਂਧੀ ਦੀਆਂ ਮੁਸ਼ਕਿਲਾਂ? ਕੋਰਟ ਨੇ ਕਿਹਾ- ਰੋਜਾਨਾ ਹੋਵੇਗੀ ਮਾਣਹਾਨੀ ਮਾਮਲੇ ਦੀ ਸੁਣਵਾਈ

TeamGlobalPunjab
2 Min Read

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਖਿਲਾਫ਼ ਮਾਣਹਾਨੀ ਦੇ ਕੇਸ ਦੀ ਸੁਣਵਾਈ ਹੁਣ ਰੋਜ਼ਾਨਾ ਹੋਵੇਗੀ। ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੇ ਮੁਤਾਬਕ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਇੱਕ ਵਰਕਰ ਵੱਲੋਂ ਰਾਹੁਲ ਵਿਰੁੱਧ ਦਾਇਰ ਮਾਣਹਾਨੀ ਦੇ ਕੇਸ ਦੀ ਸੁਣਵਾਈ 5 ਫਰਵਰੀ ਤੋਂ ਰੋਜ਼ਾਨਾ ਹੋਵੇਗੀ। ਸਿਵਲ ਕੋਰਟ ਦੇ ਜੱਜ ਅਤੇ ਭਿਵੰਡੀ ਵਿੱਚ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ (ਜੇਐਮਐਫਸੀ) ਜੇ. ਵੀ.ਪਾਲੀਵਾਲ ਨੇ ਇਹ ਹੁਕਮ ਜਾਰੀ ਕੀਤੇ ਹਨ।

ਸੁਪਰੀਮ ਕੋਰਟ ਦੇ ਤਾਜ਼ਾ ਹੁਕਮਾਂ ਦਾ ਹਵਾਲਾ ਦਿੰਦਿਆਂ ਅਦਾਲਤ ਨੇ ਕਿਹਾ ਕਿ ਰਾਹੁਲ ਖ਼ਿਲਾਫ਼ ਕੇਸ ਵੀ ਇਸੇ ਸ਼੍ਰੇਣੀ ਵਿੱਚ ਆਉਂਦਾ ਹੈ ਅਤੇ ਇਸ ਲਈ ਇਸ ਦੀ ਸੁਣਵਾਈ ਪਹਿਲ ਦੇ ਆਧਾਰ ’ਤੇ, ਤੇਜ਼ੀ ਨਾਲ ਅਤੇ ਨਿਯਮਤ ਆਧਾਰ ’ਤੇ ਕੀਤੇ ਜਾਣ ਦੀ ਲੋੜ ਹੈ। ਦਰਅਸਲ, ਸੁਪਰੀਮ ਕੋਰਟ ਨੇ ਚੁਣੇ ਹੋਏ ਨੁਮਾਇੰਦਿਆਂ ਨਾਲ ਜੁੜੇ ਮਾਮਲਿਆਂ ਦੇ ਜਲਦੀ ਨਿਪਟਾਰੇ ਲਈ ਕਿਹਾ ਸੀ।

ਮੈਜਿਸਟਰੇਟ ਨੇ ਜਾਣਨਾ ਚਾਹਿਆ ਕਿ ਕੀ ਦੋਵੇਂ ਧਿਰਾਂ ਦੇ ਵਕੀਲ ਰੋਜ਼ਾਨਾ ਸੁਣਵਾਈ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਆਰਐੱਸਐੱਸ ਦੇ ਸਥਾਨਕ ਵਰਕਰ ਰਾਜੇਸ਼ ਕੁੰਤੇ ਨੇ ਠਾਣੇ ਦੇ ਭਿਵੰਡੀ ਸ਼ਹਿਰ ‘ਚ ਰਾਹੁਲ ਗਾਂਧੀ ਦਾ ਭਾਸ਼ਣ ਸੁਣਨ ਤੋਂ ਬਾਅਦ 2014 ‘ਚ ਰਾਹੁਲ ਗਾਂਧੀ ‘ਤੇ ਇਹ ਮਾਮਲਾ ਦਰਜ ਕਰਵਾਇਆ ਸੀ। ਆਪਣੇ ਭਾਸ਼ਣ ‘ਚ ਕਾਂਗਰਸ ਨੇਤਾ ਨੇ ਮਹਾਤਮਾ ਗਾਂਧੀ ਦੀ ਹੱਤਿਆ ਪਿੱਛੇ ਸੰਘ ਦਾ ਹੱਥ ਹੋਣ ਦਾ ਦੋਸ਼ ਲਗਾਇਆ ਸੀ।   ਕੁੰਤੇ ਨੇ ਆਪਣੇ ਮੁਕੱਦਮੇ ਵਿੱਚ ਦਾਅਵਾ ਕੀਤਾ ਹੈ ਕਿ ਇਸ ਬਿਆਨ ਨਾਲ ਆਰਐਸਐਸ ਦੀ ਸਾਖ ਨੂੰ ਠੇਸ ਪਹੁੰਚੀ ਹੈ। ਠਾਣੇ ਦੀ ਅਦਾਲਤ ਨੇ 2018 ਵਿੱਚ ਇਸ ਮਾਮਲੇ ਵਿੱਚ ਰਾਹੁਲ ਖ਼ਿਲਾਫ਼ ਦੋਸ਼ ਆਇਦ ਕੀਤੇ ਸਨ, ਪਰ ਉਸ ਨੇ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

Share this Article
Leave a comment