ਪਾਕਿਸਤਾਨੋਂ 532 ਕਿੱਲੋਂ ਹੈਰੋਇਨ ਮੰਗਵਾਉਣ ਵਾਲੇ ਗੁਰਪਿੰਦਰ ਦੀ ਨਿਆਇਕ ਹਿਰਾਸਤ ‘ਚ ਮੌਤ

TeamGlobalPunjab
2 Min Read

ਅੰਮ੍ਰਿਤਸਰ : ਬੀਤੇ ਦਿਨੀਂ ਇੱਥੋਂ ਦੇ ਅਟਾਰੀ ਬਾਰਡਰ ਤੋਂ ਫੜੀ ਗਈ 532 ਕਿੱਲੋ ਚਿੱਟੇ ਦੀ ਖੇਪ ਦੇ ਮੁੱਖ ਮੁਲਜ਼ਮ ਗੁਰਪਿੰਦਰ ਸਿੰਘ ਦੀ ਭੇਦਭਰੀ ਹਾਲਤ ਵਿੱਚ ਇੱਥੋਂ ਦੀ ਜੇਲ੍ਹ ਅੰਦਰ ਮੌਤ ਹੋ ਗਈ ਹੈ। ਜੇਲ੍ਹ ਅਧਿਕਾਰੀਆਂ ਅਨੁਸਾਰ ਗੁਰਪਿੰਦਰ ਸਿੰਘ ਬਿਮਾਰ ਸੀ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਗੁਰਪਿੰਦਰ ਦੀ ਮੌਤ ਤੋਂ ਬਾਅਦ ਜਿੱਥੇ ਇਸ ਕੇਸ ਦੀ ਜਾਂਚ ਨੂੰ ਵੱਡੀ ਸੱਟ ਵੱਜਣ ਦੀ ਗੱਲ ਆਖੀ ਜਾ ਰਹੀ ਹੈ ਉੱਥੇ ਸਵਾਲ ਇਹ ਵੀ ਉੱਠੇ ਹਨ ਕਿ ਆਖ਼ਰ ਜੇਲ੍ਹਾਂ ਅੰਦਰ ਅਚਾਨਕ ਵੱਡੇ ਵੱਡੇ ਕੇਸਾਂ ਦੇ ਮੁਲਜ਼ਮਾਂ ਦੀ ਮੌਤ ਕਿਵੇ਼ ਹੋਣ ਲੱਗ ਪਈ ਹੈ?

ਦੱਸ ਦਈਏ ਕਿ ਪਾਕਿਸਤਾਨ ਤੋਂ ਸਮਾਨ ਮੰਗਵਾਉਣ ਦਾ ਲਾਇਸੰਸ ਹਾਸਲ ਕਨਿਸ਼ਕ ਇੰਟਰ ਪ੍ਰਾਇਜਜ਼ ਨਾਮਕ ਕੰਪਨੀ ਦੇ ਮਾਲਕ ਗੁਰਪਿੰਦਰ ਸਿੰਘ ‘ਤੇ ਇਹ ਦੋਸ਼ ਸੀ ਕਿ ਉਸ ਨੇ ਬੀਤੀ 29 ਜੂਨ ਨੂੰ ਅਟਾਰੀ ਬਾਰਡਰ ਰਾਹੀਂ 600 ਲੂਣ ਦੇ ਥੈਲੀਆਂ ਵਿੱਚ ਲੁਕਾ ਕੇ 532 ਕਿੱਲੋਗ੍ਰਾਮ ਹੈਰੋਇਨ ਮੰਗਵਾਈ ਸੀ ਜਿਸ ਦੀ ਕਿ ਅੰਤਰ ਰਾਸ਼ਟਰੀ ਬਜ਼ਾਰ ਵਿੱਚ ਕੀਮਤ 2700 ਕਰੋੜ ਰੁਪਏ ਆਂਕੀ ਗਈ ਹੈ। ਜਾਂਚ ਦੌਰਾਨ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਗੁਰਪਿੰਦਰ ਸਿੰਘ ਨੇ ਇਹ ਨਸ਼ਾ ਜੰਮੂ ਕਸ਼ਮੀਰ ਵਾਸੀ ਤਾਰਿਕ ਅਹਿਮਦ ਲੋਨ ਨਾਲ ਮਿਲ ਕੇ ਪਾਕਿਸਤਾਨ ਤੋਂ ਮੰਗਾਇਆ ਹੈ ਤੇ ਇਸ ਉਪਰੰਤ ਗੁਰਪਿੰਦਰ ਤੇ ਤਾਰਿਕ ਅਹਿਮਦ ਹੀ ਨਹੀਂ ਪੁਲਿਸ ਨੇ ਬਹੁਤ ਸਾਰੇ ਹੋਰ ਬੰਦਿਆਂ ਨੂੰ ਵੀ ਗ੍ਰਿਫਤਾਰ ਕਰਕੇ ਨਸ਼ਾ ਤਸਕਰੀ ਦੇ ਵੱਡੇ ਗੈਂਗ ਦਾ ਪਰਦਾ ਫਾਸ਼ ਕਰਨ ਦਾ ਦਾਅਵਾ ਕੀਤਾ ਸੀ।  ਹੁਣ ਗੁਰਪਿੰਦਰ ਦੀ ਮੌਤ ਗੁਰਪਿੰਦਰ ਦੀ ਮੌਤ ਨੇ ਇਹ ਚਰਚਾ ਛੇੜ ਦਿੱਤੀ ਹੈ ਕਿ ਪੁਲਿਸ ਵੱਲੋਂ ਇਸ ਕੇਸ ਨਾਲ ਸਬੰਧਤ ਚਲਾਨ ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਹੀ ਮੁੱਖ ਮੁਲਜ਼ਮ ਦੀ ਮੌਤ ਕੇਸ ਨੂੰ ਕਮਜੋਰ ਕਰ ਸਕਦੀ ਹੈ। ਇਹ ਗੱਲ ਕਿੰਨੀ ਕੁ ਸੱਚੀ ਸਾਬਤ ਹੋ ਸਕਦੀ ਹੈ ਇਹ ਆਉਣ ਵਾਲਾ ਵਕਤ ਹੀ ਦੱਸੇਗਾ।

Share this Article
Leave a comment